ਬਰਨਾਲਾ 28 ਮਈ (ਨਿਰਮਲ ਸਿੰਘ ਪੰਡੋਰੀ) :-
ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਦੀਆਂ 2 ਸੀਟਾਂ ਲਈ ਦੋ ਸਨਮਾਨਿਤ ਸਖ਼ਸੀਅਤਾਂ ਨੂੰ ਨਾਮਜ਼ਦ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਨੇ ਪਦਮਸ੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੂੰ ਰਾਜਸਭਾ ਲਈ ਨਾਮਜ਼ਦ ਕੀਤਾ ਹੈ। ਸੰਤ ਸੀਚੇਵਾਲ ਵਾਤਾਵਰਣ ਪ੍ਰੇਮੀ ਦੇ ਤੌਰ ’ਤੇ ਸਮੁੱਚੇ ਵਿਸ਼ਵ ਵਿੱਚ ਪ੍ਰਸਿੱਧ ਹਨ ਅਤੇ ਸ੍ਰੀ ਸਾਹਨੀ ਕਲਚਰ ਨਾਲ ਜੁੜੀ ਪ੍ਰਸਿੱਧ ਹਸਤੀ ਹੈ। ਆਮ ਆਦਮੀ ਪਾਰਟੀ ਨੇ ਉਕਤ ਦੋਵੇਂ ਸਖ਼ਸੀਅਤਾਂ ਦੀ ਰਾਜ ਸਭਾ ਲਈ ਚੋਣ ਕਰਕੇ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਪਿਛਲੇ ਮੈਂਬਰਾਂ ਸੰਬੰਧੀ ਅਲੋਚਨਾ ਨੂੰ ਠੱਲਣ ਦਾ ਯਤਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਾਰਟੀ ਨੇ ਮਾਰਚ ਦੇ ਅਖ਼ੀਰਲੇ ਹਫ਼ਤੇ ਸ੍ਰੀ ਰਾਘਵ ਚੱਢਾ, ਹਰਭਜਨ ਸਿੰਘ, ਸੰਦੀਪ ਕੁਮਾਰ ਪਾਠਕ, ਅਸ਼ੋਕ ਮਿੱਤਲ, ਸੰਜੀਵ ਅਰੋੜਾ ਨੂੰ ਰਾਜ ਸਭਾ ਭੇਜਿਆ ਸੀ ਜਿਸ ਤੋਂ ਬਾਅਦ ਪਾਰਟੀ ਨੂੰ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਸ਼ਾਇਦ ! ਇਸੇ ਕਰਕੇ ਇਸ ਵਾਰ ‘‘ਦੁੱਧ ਦੀ ਸਾੜੀ ਨੇ ਪਾਣੀ ਵੀ ਫੂਕਾਂ ਮਾਰ ਮਾਰ ਪੀਤਾ ਹੈ’’। ਆਮ ਆਦਮੀ ਪਾਰਟੀ ਦੇ ਤਾਜ਼ਾ ਫ਼ੈਸਲੇ ਦੀ ਜਿੱਥੇ ਸ਼ਲਾਘਾ ਹੋ ਰਹੀ ਹੈ ਉੱਥੇ ਪਿਛਲੇ ਮੈਂਬਰਾਂ ਦੀ ਚੋਣ ਸਮੇਂ ਅਲੋਚਨਾ ਕਰਨ ਵਾਲੀਆਂ ਪਾਰਟੀਆਂ ਸਸ਼ੋਪੰਜ਼ ਵਿੱਚ ਹਨ ਕਿ ‘ਹੁਣ ਕੀ ਕਿਹਾ ਜਾਵੇ’ !