ਬਰਨਾਲਾ, 12 ਅਕਤੂਬਰ (ਨਿਰਮਲ ਸਿੰਘ ਪੰਡੋਰੀ) :
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਕਾਨੂੰਨੀ ਝਟਕੇ ਲੱਗਣੇ ਜਾਰੀ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ‘ਆਪ’ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਕੁਮਾਰ ਵਿਸ਼ਵਾਸ ਅਤੇ ਤਜਿੰਦਰ ਸਿੰਘ ਬੱਗਾ ਦੇ ਖਿਲਾਫ਼ ਪੰਜਾਬ ਪੁਲਿਸ ਵੱਲੋਂ ਦਰਜ ਕੀਤੀ ਐਫਆਈਆਰ ਰੱਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਮਾਰ ਵਿਸ਼ਵਾਸ ਦੇ ਖਿਲਾਫ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ਼ ਭੜਕਾਊ ਬਿਆਨ ਦੇਣ ਦੇ ਮਾਮਲੇ ’ਚ ਰੂਪਨਗਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਕੁਮਾਰ ਵਿਸ਼ਵਾਸ ਪਹਿਲਾਂ ਹੀ ਇਸ ਮੁਕੱਦਮੇ ਨੂੰ ਬਦਲਾਖ਼ੋਰੀ ਦੀ ਨੀਤੀ ਦੱਸਦੇ ਰਹੇ ਹਨ। ਦੂਜੇ ਪਾਸੇ ਭਾਜਪਾ ਆਗੂ ਤਜਿੰਦਰ ਸਿੰਘ ਬੱਗਾ ਦੇ ਖਿਲਾਫ਼ ਵੀ ਪੰਜਾਬ ਪੁਲਿਸ ਨੇ ਅਜਿਹਾ ਹੀ ਇੱਕ ਮੁਕੱਦਮਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਬੱਗਾ ਨੂੰ ਦਿੱਲੀ ਤੋਂ ਗਿ੍ਫਤਾਰ ਕਰਕੇ ਪੰਜਾਬ ਲਿਆ ਰਹੀ ਸੀ ਪ੍ਰੰਤੂ ਰਸਤੇ ਵਿੱਚ ਹੀ ਹਰਿਆਣਾ ’ਚ ਬੱਗਾ ਨੂੰ ਛੱਡਣਾ ਪਿਆ ਸੀ। ਇਨ੍ਹਾਂ ਦੋਵੇ ਮਾਮਲਿਆਂ ਸੰਬੰਧੀ ਮਾਨ ਸਰਕਾਰ ਉੱਪਰ ਵਿਰੋਧੀ ਪਾਰਟੀਆਂ ਦੋਸ਼ ਲਗਾਉਂਦੀਆਂ ਰਹੀਆਂ ਹਨ ਕਿ ਇਹ ਮੁਕੱਦਮੇ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਦਰਜ ਕੀਤੇ ਗਏ ਹਨ । ਕੁਮਾਰ ਵਿਸ਼ਵਾਸ ਅਤੇ ਬੱਗਾ ਵੱਲੋਂ ਹਾਈਕੋਰਟ ’ਚ ਪਾਈਆਂ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ ਜਸਟਿਸ ਅਨੂਪ ਚਿਤਕਾਰਾ ਦੀ ਬੈਂਚ ਨੇ ਦੋਵਾਂ ਦੇ ਖਿਲਾਫ਼ ਦਰਜ ਮੁਕੱਦਮੇ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਦੇ ਇਹ ਹੁਕਮ ਪੰਜਾਬ ਸਰਕਾਰ ਲਈ ਇੱਕ ਵੱਡੀ ਨਮੋਸ਼ੀ ਦੀ ਤਰਾਂ ਹਨ ਕਿਉਂਕਿ ਅਤੀਤ ਵਿੱਚ ਪੰਜਾਬ ਦੀ ਸੱਤਾ ’ਤੇ ਕਾਬਜ਼ ਸਿਆਸੀ ਪਾਰਟੀਆਂ ਪੰਜਾਬ ਪੁਲਿਸ ਦੀ ਆਪਣੇ ਸਿਆਸੀ ਹਿੱਤਾਂ ਕਾਰਨ ਦੁਰਵਰਤੋਂ ਕਰਦੀਆਂ ਰਹੀਆਂ ਹਨ ਅਤੇ ਆਮ ਆਦਮੀ ਪਾਰਟੀ ਇਸ ਦਾ ਜ਼ਬਰਦਸਤ ਵਿਰੋਧ ਕਰਦੀ ਰਹੀ ਹੈ ਪ੍ਰੰਤੂ ਹੁਣ ‘ਆਪ’ ਦੇ ਰਾਜਕਾਲ ਦੌਰਾਨ ਹਾਈਕੋਰਟ ਦੇ ਇਸ ਫੈਸਲੇ ਨੇ ਪੰਜਾਬ ਪੁਲਿਸ ਦੀ ਦੁਰਵਰਤੋਂ ਸਿੱਧ ਕੀਤੀ ਹੈ।









