Skip to main content

Gee 98News

ਬਰਨਾਲਾ ਪੁਲਿਸ ਦੀ ਪਕੜ ਤੋਂ ਬਾਹਰ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਦੇ ਦੋਸ਼ੀ…?

ਬਰਨਾਲਾ ,22 ਸਤੰਬਰ, ( ਨਿਰਮਲ ਸਿੰਘ ਪੰਡੋਰੀ )-

-ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਕੁਝ ਵੱਡੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਅਤੇ ਨਸ਼ੇ ਦੀਆਂ ਵੱਡੀਆਂ ਖੇਪਾਂ ਫੜ ਕੇ ਨਸ਼ਾ ਤਸਕਰਾਂ ਦਾ ਆਰਥਿਕ ਲੱਕ ਤੋੜਨ ‘ਚ ਵੀ ਸਫਲਤਾ ਪ੍ਰਾਪਤ ਕੀਤੀ। ਲੋਕਾਂ ‘ਚ ਆਪਣੀਆਂ ਸਮਾਜ ਵਿਰੋਧੀ ਗਤੀਵਿਧੀਆਂ ਦੇ ਕਾਰਨ ਦਹਿਸ਼ਤ ਪੈਦਾ ਕਰਨ ਵਾਲੇ ਕੁਝ ਗੈਂਗਸਟਰਾਂ ਦੀਆਂ ਲੱਤਾਂ ਬਾਹਾਂ ‘ਤੇ ਪਲੱਸਤਰ ਵੀ ਬਰਨਾਲਾ ਪੁਲਿਸ ਨੇ ਜੜਿਆ। ਦਰਅਸਲ ਪੁਲਿਸ ਜਦੋਂ ਸਮਾਜ ਵਿਰੋਧੀ ਅਨਸਰਾਂ ਨੂੰ ਫੜ ਕੇ ਲੋਕਾਂ ਸਾਹਮਣੇ ਪੇਸ਼ ਕਰਦੀ ਹੈ ਤਾਂ ਕਾਫ਼ੀ ਹੱਦ ਤੱਕ ਆਮ ਲੋਕਾਂ ਦਾ ਪੁਲਿਸ ਫੋਰਸ ਵਿੱਚ ਭਰੋਸਾ ਬਣਿਆ ਰਹਿੰਦਾ ਹੈ ਪ੍ਰੰਤੂ ਬਰਨਾਲਾ ਜ਼ਿਲ੍ਹੇ ਵਿੱਚ ਹਫ਼ਤਾ ਕੁ ਪਹਿਲਾਂ ਵਾਪਰੀ ਇੱਕ ਵੱਡੀ ਘਟਨਾ ਦੇ ਦੋਸ਼ੀਆਂ ਦੀ ਪੈੜ ਨੱਪਣ ਵਿੱਚ ਇਹੀ ਬਰਨਾਲਾ ਪੁਲਿਸ ਅਜੇ ਤੱਕ ਨਾਕਾਮ ਰਹੀ ਹੈ। ਚੇਤੇ ਰਹੇ ਕਿ ਤਿੰਨ ਮੋਟਰਸਾਈਕਲ ਸਵਾਰਾਂ ਨੇ ਵਿਸ਼ਵ ਪ੍ਰਸਿੱਧ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਰਾਤ ਸਮੇਂ ਫਾਇਰਿੰਗ ਕਰਕੇ ਬਰਨਾਲਾ ਖੇਤਰ ਵਿੱਚ ਦਹਿਸ਼ਤ ਪੈਦਾ ਕਰਨ ਦਾ ਯਤਨ ਕੀਤਾ। ਇਹ ਘਟਨਾ ਕੋਈ ਮਾਮੂਲੀ ਘਟਨਾ ਨਹੀਂ ਹੈ ਪ੍ਰੰਤੂ ਇਸ ਘਟਨਾ ਨਾਲ ਜੁੜੇ ਕੁਝ ਹੈਰਾਨੀਜਨਕ ਪੱਖ ਸਾਹਮਣੇ ਆ ਰਹੇ ਹਨ। ਘਟਨਾ ਵਾਪਰਨ ਤੋਂ ਬਾਅਦ ਬਰਨਾਲਾ ਪੁਲਿਸ ਵੱਲੋਂ ਫਾਇਰਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦੀ ਪੈੜ ਨੱਪਣ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ।‌ ਘਟਨਾ ਤੋਂ ਬਾਅਦ ਪਟਿਆਲਾ ਰੇਂਜ ਦੇ ਮਾਨਯੋਗ ਡੀਆਈਜੀ ਨੇ ਵੀ ਬਰਨਾਲਾ ਦਾ ਦੌਰਾ ਕਰਕੇ ਉਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ, ਫਿਰ ਵੀ ਅਜੇ ਤੱਕ ਲੋਕਾਂ ਦੇ ਹਰਮਨ ਪਿਆਰੇ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦੀ ਪੈੜ ਨੱਪਣ ‘ਚ ਬਰਨਾਲਾ ਪੁਲਿਸ ਕਾਮਯਾਬ ਨਹੀਂ ਹੋਈ। ਜਿੱਥੇ ਇੱਕ ਪਾਸੇ ਇਸ ਮਾਮਲੇ ‘ਚ ਬਰਨਾਲਾ ਪੁਲਿਸ ਦਾ ਕੋਈ ਵੀ ਛੋਟਾ ਵੱਡਾ ਅਧਿਕਾਰੀ ਕੁਝ ਵੀ ਕਹਿਣ ਤੋਂ ਇਨਕਾਰੀ ਹੈ ਉਥੇ ਗੁਲਾਬ ਸਿੱਧੂ ਦੇ ਪਰਿਵਾਰ ਨੇ ਵੀ ਚੁੱਪ ਧਾਰਨ ਕੀਤੀ ਹੋਈ ਹੈ। ਇਸ ਮਾਮਲੇ ਸਬੰਧੀ ਗੁਲਾਬ ਸਿੱਧੂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੀਡੀਆ ਨਾਲ ਵੀ ਗੱਲਬਾਤ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਇਹ ਸਵਾਲੀਆ ਚਿੰਨ੍ਹ ਹੈ ਕਿ ਗੁਲਾਬ ਸਿੱਧੂ ਦਾ ਪਰਿਵਾਰ ਦਹਿਸ਼ਤ ਦੇ ਮਾਹੌਲ ਵਿੱਚ ਹੈ ਜਾਂ ਫਿਰ ਪਰਿਵਾਰ ਦੀ ਚੁੱਪ ਪੁਲਿਸ ਦੀ ਜਾਂਚ ਦੀ ਰਣਨੀਤੀ ਦਾ ਹਿੱਸਾ ਹੈ। ਗੁਲਾਬ ਸਿੱਧੂ ‘ਤੇ ਘਰ ਦੀ ਫਾਇਰਿੰਗ ਦੀ ਜ਼ਿੰਮੇਵਾਰੀ ਗੈਂਗਸਟਰ ਡੋਨੀ ਬੱਲ ਨੇ ਲਈ ਸੀ ਭਾਵੇਂ ਕਿ ਪੁਲਿਸ ਨੇ ਅਜੇ ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਕਿ ਡੋਨੀ ਬੱਲ ਦੀ ਜ਼ਿੰਮੇਵਾਰੀ ਸਹੀ ਹੈ ਜਾਂ ਗਲਤ ਹੈ।

ਫੋਟੋ ਕੈਪਸ਼ਨ-ਗੁਲਾਬ ਸਿੱਧੂ ਦੇ ਘਰ ਦੇ ਗੇਟ ‘ਤੇ ਗੋਲੀਆਂ ਦੇ ਨਿਸ਼ਾਨ

Gee98 Ads
error: Content is protected !!