ਬਰਨਾਲਾ, 25 ਨਵੰਬਰ (ਨਿਰਮਲ ਸਿੰਘ ਪੰਡੋਰੀ) :
ਬਰਨਾਲਾ ਜ਼ਿਲ੍ਹੇ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦਾ ਕਾਰੋਬਾਰ ਕਰਨ ਵਾਲੇ ਹਰ ਛੋਟੇ ਤੋਂ ਵੱਡੇ ਕਾਰੋਬਾਰੀ ਲਈ ਫੂਡ ਸੇਫ਼ਟੀ ਅਤੇ ਸਟੈਂਡਰਡਜ ਐਕਟ 2006 ਅਧੀਨ ਫੂਡ ਲਾਇਸੈਂਸ/ਰਜਿਸਟ੍ਰੇਸ਼ਨ ਲੈਣਾ ਲਾਜ਼ਮੀ ਹੋਵੇਗਾ। ਜਾਣਕਾਰੀ ਦਿੰਦਿਆ ਡਾ. ਜਸਵੀਰ ਸਿੰਘ ਔਲਖ ਸਿਵਲ ਸਰਜਨ ਨੇ ਦੱਸਿਆ ਕਿ ਜਿਸ ਫੂਡ ਬਿਜ਼ਨਸ ਆਪਰੇਟਰ (ਖਾਣ ਪੀਣ ਦਾ ਕੰਮ ਕਰਨ ਵਾਲੇ) ਦੀ ਸਾਲਾਨਾ ਵਿਕਰੀ 12 ਲੱਖ ਰੁਪਏ ਤੱਕ ਦੀ ਹੈ ਉਹ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਸਕਦਾ ਹੈ ਅਤੇ ਜਿਨ੍ਹਾਂ ਫੂਡ ਬਿਜ਼ਨਸ ਆਪਰੇਟਰਾਂ ਦੀ ਸਾਲਾਨਾ ਵਿਕਰੀ 12 ਲੱਖ ਰੁਪਏ ਤੋਂ ਉਪਰ ਦੀ ਹੈ ਉਹ ਫੂਡ ਬਿਜ਼ਨਸ ਆਪਰੇਟਰ ਲਾਇਸੈਂਸ ਲਈ ਅਪਲਾਈ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖਾਣ-ਪੀਣ ਦੀਆਂ ਵਸਤੂਆਂ ਦਾ ਕਾਰੋਬਾਰ ਕਰਨ ਵਾਲੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਫੂਡ ਸੇਫਟੀ ਅਤੇ ਸਟੈਂਡਰਡਜ਼ ਐਕਟ 2006 ਦੀ ਧਾਰਾ 63 ਅਧੀਨ ਲਾਇਸੈਂਸ ਪ੍ਰਾਪਤ ਕਰਨਾ ਜ਼ਰੂਰੀ ਹੈ, ਅਜਿਹਾ ਨਾ ਕਰਨਾ ਸਰਕਾਰ ਦੇ ਨਿਯਮਾਂ/ਕਾਨੂੰਨਾਂ ਦੀ ਉਲੰਘਣਾ ਕਰਨਾ ਹੈ। ਸਿਵਲ ਸਰਜਨ ਨੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਇਸ ਸਬੰਧੀ ਅਪੀਲ ਕੀਤੀ ਕਿ ਜ਼ੋ ਫੂਡ ਬਿਜ਼ਨਸ ਆਪਰੇਟਰ ਬਿਨਾਂ ਲਾਇਸੈਂਸ/ ਰਜਿਸਟੇ੍ਰਸ਼ਨ ਤੋਂ ਫੂਡ ਬਿਜ਼ਨਸ ਚਲਾ ਰਹੇ ਉਹ ਜਲਦ ਤੋਂ ਜਲਦ ਫੂਡ ਸੇਫ਼ਟੀ ਐਕਟ ਅਧੀਨ ਲਾਇਸੈਂਸ/ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਅਤੇ ਐਕਟ ਦੇ ਨਿਯਮਾਂ ਅਨੁਸਾਰ ਆਪਣਾ ਕਾਰੋਬਾਰ ਚਲਾਉਣ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।









