Gee 98News

ਸਿਰੇ ਦੀ ਸਖ਼ਤੀ : 10 ਸਾਲ ਦੇ ਬੱਚੇ ’ਤੇ ਹਥਿਆਰ ਪ੍ਰਮੋਟ ਕਰਨ ਦਾ ਮਾਮਲਾ ਦਰਜ

ਚੰਡੀਗੜ੍ਹ:- ਅੰਮਿ੍ਤਸਰ ਪੁਲਿਸ ਵੱਲੋਂ ਇੱਕ 10 ਸਾਲਾਂ ਦੇ ਬੱਚੇ ਉੱਪਰ ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਲ੍ਹੇ ਦੇ ਥਾਣਾ ਕੱਥੂਨੰਗਲ ’ਚ 10 ਸਾਲ ਦੇ ਬੱਚੇ ਅਤੇ ਉਸ ਦੇ ਪਿਤਾ ਸਮੇਤ ਦੋ ਹੋਰ ਵਿਅਕਤੀਆਂ ਉੱਪਰ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇੱਕ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵੇਖੀ ਜਿਸ ਨੇ ਆਪਣੇ ਹੱਥ ’ਚ ਬੰਦੂਕ ਫੜੀ ਹੋਈ ਹੈ ਤੇ ਮੋਢੇ ’ਚ ਪਟਾ ਪਾਇਆ ਹੋਇਆ ਹੈ। ਇਸ ਫੋਟੋ ਦੀ ਤਫ਼ਤੀਸ ਦੌਰਾਨ ਕੱਥੂਨੰਗਲ ਥਾਣੇ ਦੀ ਪੁਲਿਸ ਨੇ ਬੱਚੇ ਦੇ ਖਿਲਾਫ਼ ਮਾਮਲਾ ਦਰਜ ਕੀਤਾ। ਪੁਲਿਸ ਦੀ ਇਹ ਕਾਰਵਾਈ ਸੂਬੇ ’ਚ ਚਰਚਾ ਦੀ ਵਿਸ਼ਾ ਬਣੀ ਹੋਈ ਹੈ ਅਤੇ ਇਸ ਸੰਬੰਧੀ ਸੋਸ਼ਲ ਮੀਡੀਆ ’ਤੇ ਤਰਾਂ-ਤਰਾਂ ਦੀਆਂ ਟਿੱਪਣੀਆਂ ਹੋ ਰਹੀਆਂ ਹਨ। 10 ਸਾਲ ਦੇ ਬੱਚੇ ਖਿਲਾਫ਼ ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਸੰਬੰਧੀ ਪੁਲਿਸ ਦੀ ਸਖ਼ਤੀ ਕੁਝ ਜ਼ਿਆਦਾ ਹੀ ਮੰਨੀ ਜਾ ਰਹੀ ਹੈ ਕਿਉਂਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਫੋਟੋ ਲਈ ਅਸਲ ਕਸੂਰਵਾਰ ਬੱਚੇ ਦਾ ਪਿਤਾ ਹੀ ਹੈ। ਪੁਲਿਸ ਨੇ ਬੱਚੇ ੳੱਪਰ ਮੁਕੱਦਮਾ ਤਾਂ ਭਾਵੇਂ ਦਰਜ ਕਰ ਦਿੱਤਾ ਹੈ ਪ੍ਰੰਤੂ ਨਾਬਾਲਗ ਹੋਣ ਕਾਰਨ ਪੁਲਿਸ ਬੱਚੇ ਦੀ ਪਹਿਚਾਣ ਵੀ ਛੁਪਾ ਰਹੀ ਹੈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸਰਕਾਰ ਨੇ ਸੂਬੇ ’ਚ ਹਥਿਆਰ ਕਲਚਰ ਦੇ ਖਿਲਾਫ਼ ਸਖ਼ਤੀ ਕਰਦੇ ਹੋਏ ਸਾਰੇ ਹਥਿਆਰਾਂ ਦੇ ਲਾਇਸੈਂਸ ਰੀਵਿਊ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ ਨਾਲ ਹੀ ਹਥਿਆਰਾਂ ਸਮੇਤ ਫੋਟੋਆਂ ਅੱਪਲੋਡ ਕਰਨ ਵਾਲਿਆਂ ਖਿਲਾਫ਼ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਪੁਲਿਸ ਦੀ ਇਸ ਕਾਰਵਾਈ ਹੇਠ ਕੁਝ ਕਲਾਕਾਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਨਾਂ ਨੇ ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਤਾਜ਼ਾ ਗਾਣੇ ਰਿਲੀਜ਼ ਕੀਤੇ ਹਨ।

error: Content is protected !!