Skip to main content

Gee 98News

ਚੂਹੇ ਨੂੰ ਤਸੀਹੇ ਦੇ ਕੇ ਕਤਲ ਕਰਨ ਵਾਲਾ ਕਾਨੂੰਨੀ ਪਿੰਜਰੇ ’ਚ, ਪਸ਼ੂ ਕਾਰਕੁਨ ਨੇ ਕੀਤੀ ਸੀ ਸ਼ਿਕਾਇਤ

-ਮਰੇ ਹੋਏ ਚੂਹੇ ਦੇ ਪੋਸਟਮਾਰਟਮ ਤੋਂ ਬਾਅਦ ਹੋਵੇਗੀ ਬਣਦੀ ਕਾਰਵਾਈ : ਪੁਲਿਸ ਅਧਿਕਾਰੀ

ਚੰਡੀਗੜ :- ਇੱਕ ਚੂਹੇ ਨੂੰ ਤਸੀਹੇ ਦੇ ਕੇ ਮਾਰਨ ਦੀ ਵੀਡੀਓ ਬਣਾਉਣ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ। ਮਾਮਲਾ ਉਤਰ ਪ੍ਰਦੇਸ਼ ਦੇ ਬਦਾਊਨ ਖ਼ੇਤਰ ਨਾਲ ਸੰਬੰਧਿਤ ਹੈ ਜਿੱਥੇ ਮਨੋਜ ਕੁਮਾਰ ਨਾਮ ਦੇ ਇੱਕ ਵਿਅਕਤੀ ਨੂੰ ਪੁਲਿਸ ਗਿ੍ਰਫ਼ਤ ਵਿੱਚ 10 ਘੰਟੇ ਤੱਕ ਰਹਿਣਾ ਪਿਆ। ਮਨੋਜ ਕੁਮਾਰ ਦੇ ਖਿਲਾਫ਼ ਇੱਕ ਵਿਅਕਤੀ ਪਸ਼ੂ ਕਾਰਕੁਨ ਵਿਕੇਂਦਰ ਸ਼ਰਮਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮਨੋਜ ਕੁਮਾਰ ਚੂਹੇ ਦੀ ਪੂਛ ਨਾਲ ਪੱਥਰ ਬੰਨ ਕੇ ਉਸ ਨੂੰ ਪਾਣੀ ਵਿੱਚ ਡਬੋ-ਡਬੋ ਕੇ ਮਾਰ ਦਿੱਤਾ । ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਸ ਨੇ ਚੂਹੇ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਉਹ ਨਹੀਂ ਬਚਾਅ ਸਕਿਆ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਨੋਜ ਕੁਮਾਰ ਨੂੰ ਗਿ੍ਰਫ਼ਤਾਰ ਕੀਤਾ ਅਤੇ 10 ਘੰਟੇ ਤੱਕ ਰੱਖਿਆ। ਪੁਲਿਸ ਅਨੁਸਾਰ ਇਹ ਮਾਮਲਾ ‘‘ਪ੍ਰੀਵੈਨਸ਼ਨ ਆਫ਼ ਕਰੂਏਲਿਟੀ ਟੂ ਐਨੀਮਲਜ਼ ਐਕਟ’’ ਤਹਿਤ ਨਹੀਂ ਆਉਂਦਾ ਕਿਉਂਕਿ ਚੂਹੇ ਜਾਨਵਰਾਂ ਦੀ ਸ਼੍ਰੇਣੀ ਵਿੱਚ ਨਹੀਂ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਕਾਨੂੰਨੀ ਰਾਏ ਮੰਗੀ ਹੈ ਜਿਸ ਤੋਂ ਬਾਅਦ ਮਨੋਜ ਕੁਮਾਰ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਦਿਲਚਸਪ ਤੱਥ ਇਹ ਵੀ ਹੈ ਕਿ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਰਿਆ ਹੋਇਆ ਚੂਹਾ ਬਰਾਮਦ ਕੀਤਾ ਅਤੇ ਉਸ ਦਾ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਭੇਜਿਆ ਪ੍ਰੰਤੂ ਸਥਾਨਕ ਵੈਟਰਨਰੀ ਹਸਪਤਾਲ ਦੇ ਸਟਾਫ਼ ਨੇ ਚੂਹੇ ਦਾ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਮਰੇ ਹੋਏ ਚੂਹੇ ਨੂੰ ਬਦਾਊਨ ਤੋਂ 60-70 ਕਿਲੋਮੀਟਰ ਦੂਰ ਬਰੇਲੀ ਵਿਖੇ ਭਾਰਤੀ ਪਸ਼ੂ ਚਿਕਿਤਸਕ ਖੋਜ ਸੰਸਥਾ (ਆਈਵੀਆਰਆਈ) ਵਿਖੇ ਭੇਜਿਆ ਗਿਆ, ਜਿਥੇ ਅਧਿਕਾਰੀਆਂ ਨੇ ਪੋਸਟਮਾਰਟਮ ਰਿਪੋਰਟ ਬਣਾਉਣ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮਰੇ ਹੋਏ ਚੂਹੇ ਦੀ ਜਾਂਚ ਲਈ ਸ਼ਿਕਾਇਤ ਕਰਤਾ ਪਸ਼ੂ ਕਾਰਕੁਨ ਵਿਕੇਂਦਰ ਸ਼ਰਮਾ ਨੇ ਆਪਣੇ ਕੋਲੋਂ ਫੀਸ ਵੀ ਅਦਾ ਕੀਤੀ ਹੈ। ਉਤਰ ਪ੍ਰਦੇਸ਼ ਪੁਲਿਸ ਦੀ ਇਸ ਕਾਰਵਾਈ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਹੋ ਰਹੀ ਹੈ ਕਿਉਂਕਿ ਸਾਡੇ ਮੁਲਕ ਵਿੱਚ ਤਾਂ ਸ਼ਰੇ ਬਾਜ਼ਾਰ, ਦਿਨ ਦਿਹਾੜੇ, ਬੇਰਹਿਮੀ ਨਾਲ ਕਤਲ ਕੀਤੇ ਇਨਸਾਨਾਂ ਦੇ ਕਾਤਲਾਂ ਉੱਪਰ ਪੁਲਿਸ ਕਾਰਵਾਈ ਕਰਵਾਉਣ ਲਈ ਥਾਣਿਆਂ ਅਤੇ ਉਚ ਪੁਲਿਸ ਅਧਿਕਾਰੀਆਂ ਦੇ ਤਰਲੇ ਕਰ-ਕਰ ਕੇ ਥੱਕ ਜਾਂਦੇ ਹਨ ਅਤੇ ਜੇਕਰ ਮੁਕੱਦਮਾ ਦਰਜ ਹੋ ਵੀ ਜਾਵੇ ਤਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅਦਾਲਤਾਂ ਵਿੱਚ ‘ਬਿਰਖ ਬਣ ਕੇ ਫ਼ੈਸਲੇ ਸੁਣਨ ਦੀ ਉਡੀਕ ਵਿੱਚ ਸੁੱਕ’ ਜਾਂਦੇ ਹਨ।

error: Content is protected !!