ਜ਼ਿੰਦ ਕੱਲੀ ਤੇ ਮੁਲਾਹਜੇਦਾਰ ਬਹੁਤੇ..ਦੇਖੋ ਕੀਹਦਾ ਮਾਣ ਰੱਖੀਦਾ…!
ਬਰਨਾਲਾ 12 ਦਸੰਬਰ (ਨਿਰਮਲ ਸਿੰਘ ਪੰਡੋਰੀ)-
ਪੰਜਾਬ ਪ੍ਰਧਾਨ ਅਤੇ ਪੰਜਾਬ ਬਾਡੀ ਦੇ ਹੋਰ ਅਹੁਦੇਦਾਰ ਨਿਯੁਕਤ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜਲਦ ਹੀ ਆਪਣੇ ਜ਼ਿਲ੍ਹਾ ਪੱਧਰੀ ਢਾਂਚੇ ਦਾ ਐਲਾਨ ਕਰੇਗੀ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨਗੀ ਦਾ ਤਾਜ ਪਹਿਨਣ ਦੇ ਚਾਹਵਾਨਾਂ ਨੇ ਆਪਣੀਆਂ ਗੋਟੀਆਂ ਫਿੱਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ । ਉਂਝ ਤਾਂ ਭਾਵੇਂ ਭਾਜਪਾ ‘ਚ ਅਜੇ ਹੋਰ ਸਿਆਸੀ ਪਾਰਟੀਆਂ ਵਾਂਗ ਜੁਗਾੜ ਲਾ ਕੇ ਅਹੁਦੇਦਾਰੀਆਂ ਲੈਣ ਦਾ ਰਿਵਾਜ ਅਜੇ ਘੱਟ ਹੈ ਪ੍ਰੰਤੂ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਛੱਡ ਕੇ ਆਏ ਵੱਡੇ ਆਗੂਆਂ ਨੂੰ ਭਾਜਪਾ ਵਿੱਚ ਦਿੱਤੀਆਂ ਵੱਡੀਆਂ ਜ਼ਿੰਮੇਵਾਰੀਆਂ ਤੋਂ ਬਾਅਦ ਸਥਾਨਕ ਪੱਧਰ ‘ਤੇ ਵੀ ਭਾਜਪਾ ਵਿੱਚ ਸ਼ਾਮਲ ਹੋਏ ਹੋਰ ਪਾਰਟੀਆਂ ਦੇ ਆਗੂਆਂ ਨੇ ਕਮਲ ਦੇ ਫੁੱਲ ਵਿਚਲੇ ਰੰਗਾਂ ਦੇ ਨਾਲ ਦੀਆਂ ਜਾਕੇਟਾਂ ਬਣਾ ਲਈਆਂ ਹਨ। ਜੇਕਰ ਬਰਨਾਲਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਵਿੱਚ ਜ਼ਿਲ੍ਹਾ ਪ੍ਰਧਾਨਗੀ ਲਈ “ਇਕ ਅਨਾਰ ਸੌ ਬੀਮਾਰ” ਵਾਲੀ ਸਥਿਤੀ ਬਣੀ ਹੋਈ ਹੈ। ਭਾਜਪਾ ਦੇ ਮੌਜੂਦਾ ਜ਼ਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਵੀ ਦੁਬਾਰਾ ਪਾਰੀ ਖੇਡਣ ਦੇ ਚਾਹਵਾਨ ਹਨ । ਸਾਬਕਾ ਜਿਲ੍ਹਾ ਪ੍ਰਧਾਨ ਗੁਰਮੀਤ ਬਾਵਾ ਉਪਰ ਵੀ ਦੁਬਾਰਾ ਗੁਣਾ ਪੈ ਸਕਦਾ ਹੈ । ਟਕਸਾਲੀ ਭਾਜਪਾ ਨੇਤਾ ਧੀਰਜ ਦੱਧਾਹੂਰ ਅਤੇ ਲਲਿਤ ਕੁਮਾਰ ਦਾ ਨਾਮ ਵੀ ਦਾਅਵੇਦਾਰਾਂ ਦੀ ਸੂਚੀ ਵਿਚ ਚਮਕ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਾਬਕਾ ਸੈਨਿਕਾਂ ਦੇ ਆਗੂ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਧਾਨਗੀ ਲਈ ਆਪਣਾ ਦਾਅਵਾ ਠੋਕਿਆ ਹੋਇਆ ਹੈ । ਤੇਜ਼ਤਰਾਰ ਨੌਜਵਾਨ ਆਗੂ ਨਰਿੰਦਰ ਨੀਟਾ ਦੀਆਂ ਸਰਗਰਮੀਆਂ ਵੀ ਧਿਆਨ ਮੰਗਦੀਆਂ ਹਨ । ਚਰਚਾ ਅਨੁਸਾਰ ਜੇਕਰ ਭਾਜਪਾ ਦੀਆਂ ਅਹੁਦੇਦਾਰੀਆਂ ਵਿੱਚ ਆਰ ਐਸ ਐਸ ਦੇ ਦਖਲ ਦੀ ਗੱਲ ਮੰਨ ਲਈ ਜਾਵੇ ਤਾਂ ਭਾਜਪਾ ਦੀ ਨੀਤੀ ਅਨੁਸਾਰ ਉਪਰੋਕਤ ਆਗੂਆਂ ਤੋਂ ਇਲਾਵਾ ਕੋਈ ਨਵਾਂ ਆਗੂ ਵੀ ਬਾਜ਼ੀ ਮਾਰ ਸਕਦਾ ਹੈ । ਇਸ ਤੋਂ ਇਲਾਵਾ ਭਾਜਪਾ ਦੀ ਹਾਈਕਮਾਨ ਤੱਕ ਥੋੜੇ ਸਮੇਂ ਵਿੱਚ ਚੰਗੀ ਜਾਣ ਪਹਿਚਾਣ ਬਣਾ ਚੁੱਕੇ ਕੇਵਲ ਸਿੰਘ ਢਿੱਲੋਂ ਸੂਬਾ ਮੀਤ ਪ੍ਰਧਾਨ ਦਾ ਦਖਲ ਵੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਤਾਜ ਦਾ ਮੋਤੀ ਚੁਣ ਸਕਦਾ ਹੈ । ਕੇਵਲ ਸਿੰਘ ਢਿੱਲੋਂ ਭਾਜਪਾ ਦੇ ਉਕਤ ਆਗੂਆਂ ਵਿੱਚੋਂ ਕਿਸੇ ਇਕ ਦੀ ਹਮਾਇਤ ਕਰਨ ਤੋਂ ਬਚ ਵੀ ਸਕਦੇ ਹਨ ਕਿਉਂਕਿ ਢਿੱਲੋਂ 2024 ਲੋਕ ਸਭਾ ਚੋਣਾਂ ਲਈ ਮਜ਼ਬੂਤ ਦਾਅਵੇਦਾਰ ਹਨ । ਇਸ ਲਈ ਕੇਵਲ ਸਿੰਘ ਢਿੱਲੋਂ ਭਾਜਪਾ ਦੀ ਜ਼ਿਲ੍ਹਾ ਪ੍ਰਧਾਨਗੀ ਲਈ ਸੌ ਬੀਮਾਰਾਂ ਵਿੱਚੋਂ ਕਿਸੇ ਇੱਕ ਨੂੰ ਸਾਰਾ ਅਨਾਰ ਦੇਣ ਦੀ ਬਜਾਏ ਅਨਾਰ ਦੇ ਦਾਣੇ ਸਾਰਿਆਂ ਵਿੱਚ ਵੰਡਣ ਦੀ ਨੀਤੀ ਵੀ ਅਪਣਾ ਸਕਦੇ ਹਨ । ਬਹਰਹਾਲ ! ਬਰਨਾਲਾ ਦੀ ਜ਼ਿਲ੍ਹਾ ਪ੍ਰਧਾਨਗੀ ਲਈ ਦਾਅਵੇਦਾਰ ਸਥਾਨਕ ਭਾਜਪਾ ਆਗੂਆਂ ਦੀਆਂ ਸਰਗਰਮੀਆਂ ਉਪਰ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਹਨ ਅਤੇ ਇਹ ਵੀ ਧਿਆਨਗੋਚਰੇ ਰਹੇਗਾ ਕਿ ਕੇਵਲ ਸਿੰਘ ਢਿੱਲੋ ਕਿਹੜੇ ਆਗੂ ਨਾਲ ਮੁਲਾਹਜੇਦਾਰੀ ਪੁਗਾ ਕੇ ਮਾਣ ਰੱਖਦੇ ਹਨ।