Gee 98News

ਮੰਗਾਂ ਮਨਵਾਉਣ ਲਈ ਲੜਾਂਗੇ ਹੁਣ ਆਰ-ਪਾਰ ਦਾ ਸੰਘਰਸ਼-ਪ੍ਰੋ. ਤਾਰਾ ਸਿੰਘ ਸੰਘੇੜਾ

-18 ਜਨਵਰੀ ਨੂੰ ਸੂਬੇ ਦੇ ਸਾਰੇ ਕਾਲਜ ਬੰਦ ਰੱਖਣ ਦਾ ਐਲਾਨ

ਬਰਨਾਲਾ 16 ਜਨਵਰੀ (ਨਿਰਮਲ ਸਿੰਘ ਪੰਡੋਰੀ)-ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਿਜ਼ ਮੈਨੇਜਮੈਂਟ ਫੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨਾਂ, ਪੰਜਾਬ ਚੰਡੀਗੜ੍ਹ ਕਾਲਜਿਜ਼ ਟੀਚਰਜ਼ ਯੂਨੀਅਨ ਅਤੇ ਅਣਏਡਿਡ ਪ੍ਰਾਈਵੇਟ ਕਾਲਜਾਂ ਦੀਆਂ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਨੇ “ਆਪ” ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ। ਸਾਂਝੀ ਐਕਸ਼ਨ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਤਾਰਾ ਸਿੰਘ ਸੰਘੇੜਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉੱਚ ਸਿੱਖਿਆ ਵਿਭਾਗ ਕਿਸੇ ਵੀ ਹਾਲਤ ਵਿੱਚ ਸਾਡੀਆਂ ਜਾਇਜ਼ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਲ ਹਰ ਸਮਰਥ ਪਲੇਟਫਾਰਮ ਉਪਰ ਗੱਲਬਾਤ ਕੀਤੀ ਪ੍ਰੰਤੂ ਹਰੇਕ ਚਾਰਾਜੋਈ ਹੋਣ ਤੱਕ ਫੇਲ੍ਹ ਹੋਈ ਹੈ । ਉਨ੍ਹਾਂ ਦੱਸਿਆ ਕਿ ਕੇਂਦਰੀ ਦਾਖਲਾ ਪੋਰਟਲ ਲਾਗੂ ਕਰਨ, ਸੇਵਾ ਮੁਕਤੀ ਦੀ ਉਮਰ 60 ਤੋਂ ਘਟਾ ਕੇ 58 ਸਾਲ ਕਰਨ, ਗ੍ਰਾਂਟ 95 ਫ਼ੀਸਦੀ ਤੋਂ ਘਟਾ ਕੇ 75 ਫੀਸਦੀ ਕਰਨ ਦੇ ਖਿਲਾਫ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਸਰਕਾਰ ਸਾਡੇ ਸੰਘਰਸ਼ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਸਰਕਾਰ ਦੀ ਬੇਰੁਖ਼ੀ ਤੋਂ ਤੰਗ ਆ ਕੇ ਸਾਂਝੀ ਐਕਸ਼ਨ ਕਮੇਟੀ ਨੇ 18 ਜਨਵਰੀ ਨੂੰ ਸੂਬੇ ਦੇ ਸਾਰੇ ਕਾਲਜਾਂ ਨੂੰ ਜ਼ਿੰਦਰੇ ਲਗਾਕੇ ਬੰਦ ਰੱਖਣ ਦਾ ਫੈਸਲਾ ਕੀਤਾ ਹੈ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਮਨਮਾਨੇ ਫੈਸਲਿਆਂ ਨੂੰ ਨਹੀਂ ਬਦਲਦੀ ਤਾਂ ਹੁਣ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

Gee98 Ads
error: Content is protected !!