Gee 98News

ਬੀਕੇਯੂ ਡਕੌਂਦਾ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

-ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ ਸ਼ੁਰੂ

ਬਰਨਾਲਾ, 2 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ)-
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬੇਮੌਸਮੀ ਬਰਸਾਤ ਕਾਰਨ ਖ਼ਰਾਬ ਹੋਈਆਂ ਫਸਲਾਂ, ਸਬਜ਼ੀਆਂ, ਹਰਾ ਚਾਰਾ, ਬਾਗ, ਮੂੰਗੀ, ਸਰੋਂ ਦੀ ਫ਼ਸਲ ਦੇ ਮੁਆਵਜ਼ੇ ਲਈ 6 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨਾਂ ਨੂੰ ਇਸ ਘਿਰਾਓ ਲਈ ਜ਼ਿਲ੍ਹਾ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਵਿੱਚ ਹਰਦਾਸਪੁਰਾ,ਕੁਰੜ,ਮੂੰਮ, ਗਹਿਲ, ਰਾਏਸਰ,ਮਨਾਲ , ਠੁੱਲੀਵਾਲ, ਛੀਨੀਵਾਲ ਖੁਰਦ ਆਦਿ ਪਿੰਡਾਂ ਵਿੱਚ ਲਾਮਬੰਦੀ ਕੀਤੀ ਗਈ। ਇਸ ਦੌਰਾਨ ਆਗੂਆਂ ਮੰਗ ਕੀਤੀ ਕਿ ਪੰਜਾਬ ਵਿੱਚ ਪਿਛਲੇ ਦਿਨੀੰ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਨਾਲ 50% ਤੋਂ ਵੱਧ ਬਰਬਾਦ ਹੋਈ ਫ਼ਸਲ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਏਕੜ ਨੂੰ ਆਧਾਰ ਮੰਨ ਕੇ ਤੁਰੰਤ ਅਦਾ ਕਰਨ,33% ਖਰਾਬੇ ਦੀ ਸ਼ਰਤ ਖ਼ਤਮ ਕਰਕੇ 50% ਤੋਂ ਥੱਲੇ ਹੋਏ ਖ਼ਰਾਬੇ ਲਈ 25ਹਜਾਰ ਪ੍ਰਤੀ ਏਕੜ ਅਤੇ ਬਾਗਾਂ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਆਗੂਆਂ ਕਿਹਾ ਕਿ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਫ਼ਸਲ ਅਤੇ ਮੂੰਗੀ ਦੀ ਫ਼ਸਲ ਦਾ ਵਪਾਰੀਆਂ ਵੱਲੋਂ ਮਚਾਈ ਅੰਨ੍ਹੀ ਲੁੱਟ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਹਾਲੇ ਤੱਕ ਵੀ ਅਦਾ ਨਹੀਂ ਕੀਤਾ ਗਿਆ। ਇਸ ਕਰਕੇ ਖ਼ਰਾਬੇ ਦਾ ਉਕਤ ਅਨੁਸਾਰ ਕਿਸਾਨਾਂ ਨੂੰ ਬਿਨਾਂ ਦੇਰੀ ਤੋਂ ਮੁਆਵਜ਼ਾ ਦਵਾਉਣ ਅਤੇ ਸਰਕਾਰ ਦੇ ਲਾਰੇ ਲੱਪਿਆਂ ਖਿਲਾਫ਼ ਜਥੇਬੰਦੀ ਵਲੋਂ 6 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਆਗੂਆਂ ਅਮਰਜੀਤ ਸਿੰਘ ਠੁੱਲੀਵਾਲ,ਭਾਗ ਸਿੰਘ ਕੁਰੜ, ਜਗਰੂਪ ਸਿੰਘ ਗਹਿਲ, ਅੰਗਰੇਜ਼ ਸਿੰਘ ਰਾਏਸਰ, ਸੁਖਦੇਵ ਸਿੰਘ ਕੁਰੜ, ਸੁਰਜੀਤ ਸਿੰਘ,ਸੁਖਵਿੰਦਰ ਸਿੰਘ ਛੀਨੀਵਾਲ ਖੁਰਦ, ਜੱਗੀ ਕੁਰੜ, ਬਲਵੀਰ ਸਿੰਘ ਕੁਰੜ ਨੇ ਕਿਹਾ ਕਿ ਮੀਂਹ, ਗੜਿਆਂ ਕਾਰਨ ਫ਼ਸਲਾਂ ਦੀ ਬਰਬਾਦੀ ਸਾਮਰਾਜੀ ਖੇਤੀ ਮਾਡਲ ਦਾ ਸਿੱਟਾ ਹੈ। ਇਸ ਮਾਡਲ ਨੇ ਧਰਤੀ,ਪਾਣੀ ਅਤੇ ਹਵਾ ਇਸ ਕਦਰ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਜ਼ਹਿਰੀਲਾ ਵਾਤਾਵਰਣ ਮਨੁੱਖ ਦੇ ਰਹਿਣ ਯੋਗ ਵੀ ਨਹੀਂ ਰਿਹਾ। ਪੰਜਾਬ ਕੈਂਸਰ,ਕਾਲਾ ਪੀਲੀਆ, ਬਲੱਡ ਪਰੈਸ਼ਰ, ਸ਼ੂਗਰ ਆਦਿ ਬਿਮਾਰੀਆਂ ਦਾ ਘਰ ਬਣਾ ਦਿੱਤਾ ਹੈ। ਇਸ ਲਈ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਦੌਰਾਨ ਫਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਦੇ ਨਾਲ ਕੁਦਰਤ,ਸਮਾਜ, ਕਿਸਾਨ ਅਤੇ ਲੋਕ ਪੱਖੀ ਖੇਤੀ ਬਾੜੀ ਮਾਡਲ ਵੱਲ ਵਧਣ ਦੀ ਮੰਗ ਵੀ ਉਭਾਰੀ ਜਾਵੇਗੀ। ਆਗੂਆਂ ਨੇ ਕਿਸਾਨਾਂ ਨੂੰ 6 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਅਪੀਲ ਕੀਤੀ।

Gee98 Ads
error: Content is protected !!