Gee 98News

ਪਿੰਡ ਠੀਕਰੀਵਾਲਾ ਵਿਖੇ ਪ੍ਰੇਮੀ-ਪ੍ਰੇਮਿਕਾ ਦਾ ਕਤਲ, ਕੁੜੀ ਦੇ ਪਿਤਾ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਬਰਨਾਲਾ 23 ਮਈ ( ਨਿਰਮਲ ਸਿੰਘ ਪੰਡੋਰੀ)-ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਵਿਖੇ ਇੱਕ ਪਿਤਾ ਨੇ ‘ਅਣਖ਼ ਦੀ ਖਾਤਰ’ ਆਪਣੀ ਕੁੜੀ ਅਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਠੀਕਰੀਵਾਲਾ ਦਾ ਹੀ ਇੱਕ ਨੌਜਵਾਨ ਗੁਰਦੀਪ ਸਿੰਘ ਬੀਤੀ ਰਾਤ ਪਿੰਡ ਵਿੱਚ ਆਪਣੀ ਪ੍ਰੇਮਿਕਾ ਮਨਪ੍ਰੀਤ ਕੌਰ ਨੂੰ ਮਿਲਣ ਗਿਆ ਸੀ। ਇਸ ਦੀ ਭਿਣਕ ਜਦ ਲੜਕੀ ਦੇ ਪਰਿਵਾਰ ਨੂੰ ਲੱਗੀ ਤਾਂ ਲੜਕੀ ਦੇ ਪਿਤਾ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਲੜਕੀ ਅਤੇ ਉਸ ਦੇ ਪ੍ਰੇਮੀ ਦਾ ਮੌਕੇ ‘ਤੇ ਹੀ ਕਤਲ ਕਰ ਦਿੱਤਾ । ਮ੍ਰਿਤਕ ਮੁੰਡੇ ਕੁੜੀ ਦੇ ਪਿਛਲੇ ਕਾਫ਼ੀ ਸਮੇਂ ਤੋਂ ਸਬੰਧ ਬਣੇ ਹੋਏ ਸਨ ਜਿਸਦਾ ਦੋਵਾਂ ਦੇ ਪਰਿਵਾਰਾਂ ਨੂੰ ਵੀ ਪਤਾ ਸੀ । ਦੋਵਾਂ ਦੇ ਪਰਿਵਾਰਾਂ ਨੇ ਇਸ ਸਬੰਧੀ ਦੋਵਾਂ ਨੂੰ ਕਈ ਵਾਰ ਵਰਜਿਆ ਵੀ ਸੀ ਪ੍ਰੰਤੂ ਦੋਵੇਂ ਜਣਿਆਂ ਦੀ ਮੁਲਾਕਾਤਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਰਿਹਾ । ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਕੁੜੀ ਨੇ ਮੁੰਡੇ ਨੂੰ ਅਪਣੇ ਘਰ ਮੁਲਾਕਾਤ ਨੂੰ ਬੁਲਾਇਆ ਸੀ ਜਿਸਦੀ ਭਿਣਕ ਕੁੜੀ ਦੇ ਪਿਤਾ ਨੂੰ ਲੱਗੀ, ਜਿਸ ਨੇ ਮੌਕੇ ‘ਤੇ ਹੀ ਦੋਵਾਂ ਦਾ ਕਤਲ ਕਰ ਦਿੱਤਾ । ਜਾਣਕਾਰੀ ਅਨੁਸਾਰ ਕੁੜੀ ਦੇ ਪਿਤਾ ਨੇ ਪਹਿਲਾਂ ਮੁੰਡੇ ਦਾ ਕਤਲ ਕੀਤਾ, ਉਸ ਤੋਂ ਬਾਅਦ ਆਪਣੀ ਕੁੜੀ ਨੂੰ ਵੀ ਮੌਕੇ ‘ਤੇ ਹੀ ਕਤਲ ਕਰ ਦਿੱਤਾ । ਥਾਣਾ ਸਦਰ ਵਿਖੇ ਮ੍ਰਿਤਕ ਲੜਕੇ ਦੇ ਭਰਾ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕੁੜੀ ਦੇ ਪਿਤਾ ਅਤੇ ਭਰਾ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ।

error: Content is protected !!