Skip to main content

Gee 98News

ਵੇਟਰ ਤੋਂ ਨਾਇਬ ਤਹਿਸੀਲਦਾਰ ਤੱਕ ਦਾ ਸਫ਼ਰ : ਪੱਥਰਾਂ ਦਾ ਸੀਨਾ ਪਾੜ੍ਹ ਕੇ ਉੱਗਿਆ ਹਿਮਾਂਸ਼ੂ

ਬਰਨਾਲਾ,16 ਜੁਲਾਈ ( ਨਿਰਮਲ ਸਿੰਘ ਪੰਡੋਰੀ )-ਇੱਕ ਹੋਟਲ ‘ਤੇ ਵੇਟਰ ਦੀ ਨੌਕਰੀ ਕਰਨ ਵਾਲਾ ਇੱਕ ਨੌਜਵਾਨ ਆਪਣੀ ਮਿਹਨਤ ਦੇ ਬਲਬੂਤੇ ਨਾਇਬ ਤਹਿਸੀਲਦਾਰ ਦੀ ਪਦਵੀ ਤੱਕ ਪੁੱਜ ਗਿਆ । ਹਰਿਆਣਾ ਦੇ ਬਹਾਦਰਗੜ੍ਹ ਨੇੜੇ ਇਕ ਹੋਟਲ ‘ਤੇ ਵੇਟਰ ਦੀ ਨੌਕਰੀ ਕਰਦਾ ਹਿਮਾਂਸ਼ੂ ਜੱਦੀ ਤੌਰ ‘ਤੇ ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਨੇੜੇ ਦਾ ਰਹਿਣ ਵਾਲਾ ਹੈ। ਹਿਮਾਂਸ਼ੂ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ । ਉਸਦੇ ਦੋ ਛੋਟੇ ਭਰਾ ਵੀ ਹਨ ਜੋ ਇਸ ਵੇਲੇ ਪੜ੍ਹ ਰਹੇ ਹਨ । ਪਰਿਵਾਰ ਦੀ ਜ਼ਿੰਮੇਵਾਰੀ ਚੁੱਕਦੇ ਹੋਏ ਹਿਮਾਂਸ਼ੂ ਨੇ ਮੁਢਲੀ ਪੜ੍ਹਾਈ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾ ਬੈਂਕ ਦੇ ਗਾਹਕ ਸੇਵਾ ਕੇਂਦਰ ‘ਚ ਕੰਮ ਕੀਤਾ ਤੇ ਉਸ ਤੋਂ ਬਾਅਦ ਹਰਿਆਣਾ ਆ ਕੇ ਇੱਕ ਹੋਟਲ ਵਿੱਚ ਵੇਟਰ ਦੀ ਨੌਕਰੀ ਕੀਤੀ। ਹਿਮਾਂਸ਼ੂ ਨੇ ਆਪਣੀ ਵੇਟਰ ਦੀ ਨੌਕਰੀ ਸਬੰਧੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਦੇ ਵੀ ਨਹੀਂ ਦੱਸਿਆ । ਹਿਮਾਂਸ਼ੂ ਹੋਟਲ ‘ਤੇ ਦਿਨ ਵੇਲੇ ਖਾਣਾ ਪਰੋਸਣ, ਮੇਜ਼ ਸਾਫ਼ ਕਰਨ, ਬਰਤਨ ਧੋਣ ਤੇ ਝਾੜੂ ਲਾਉਣ ਦਾ ਕੰਮ ਕਰਦਾ ਅਤੇ ਰਾਤ ਨੂੰ ਪੜ੍ਹਾਈ ਕਰਦਾ ਸੀ । ਇਸੇ ਦੌਰਾਨ ਹਿਮਾਂਸ਼ੂ ਨੇ ਉੱਤਰ ਪ੍ਰਦੇਸ਼ ਵਿਚ ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਦਿੱਤੀ ਅਤੇ ਸ਼ਾਨਦਾਰ ਰੈਂਕ ਵਿੱਚ ਪਾਸ ਵੀ ਕੀਤੀ । ਹੋਟਲ ਦੇ ਸਟਾਫ਼ ਅਤੇ ਮਾਲਕ ਨੇ ਵੀ ਉਸਦੀ ਪੜ੍ਹਾਈ ਅਤੇ ਪਰਿਵਾਰ ਚਲਾਉਣ ਵਿੱਚ ਕਾਫ਼ੀ ਮਦਦ ਕੀਤੀ। ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੋਟਲ ਪੁੱਜੇ ਹਿਮਾਂਸ਼ੂ ਦਾ ਸਟਾਫ਼ ਅਤੇ ਹੋਟਲ ਦੇ ਮਾਲਕ ਸੁਨੀਲ ਖੱਤਰੀ ਅਤੇ ਵਿਕਾਸ ਖੱਤਰੀ ਨੇ ਸ਼ਾਨਦਾਰ ਸਵਾਗਤ ਕੀਤਾ। ਹਿਮਾਂਸ਼ੂ ਦੀ ਜ਼ਿੰਦਗੀ ‘ਚ ਕਈ ਮੌਕੇ ਅਜਿਹੇ ਵੀ ਆਏ ਜਦ ਉਸਨੂੰ ਭੁੱਖਾ ਵੀ ਸੌਣਾ ਪਿਆ ਪਰੰਤੂ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਟੀਚੇ ‘ਤੇ ਧਿਆਨ ਕੇਂਦਰਿਤ ਕਰੀ ਰੱਖਿਆ ਅਤੇ ਅਖ਼ੀਰ ਸਫਲਤਾ ਨੇ ਉਸ ਦੇ ਪੈਰ ਚੁੰਮੇ ।

error: Content is protected !!