Skip to main content

Gee 98News

ਐਵੇਂ ਪ੍ਰੇਸ਼ਾਨ ਨਾ ਹੋਇਓ ਭਾਈ….ਸੋਮਵਾਰ ਤੋਂ ਤਹਿਸੀਲਦਾਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਐਂ….!

ਬਰਨਾਲਾ 23 ਜੁਲਾਈ ( ਨਿਰਮਲ ਸਿੰਘ ਪੰਡੋਰੀ )-ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਵੱਲੋਂ ਰੂਪਨਗਰ ਦੇ ਤਹਿਸੀਲਦਾਰ ਦੇ ਦਫ਼ਤਰ ‘ਚ ਅਚਾਨਕ ਚੈਕਿੰਗ ਦੌਰਾਨ ਕਰਮਚਾਰੀਆਂ ਨਾਲ ਕੀਤੇ ਮਾੜੇ ਵਿਵਹਾਰ ਦੇ ਰੋਸ ਵਜੋਂ ਮਾਲ ਅਫਸਰਾਂ ਨੇ ਕਲਮਾਂ ਸੁੱਟ ਦਿੱਤੀਆਂ ਹਨ। ਪੰਜਾਬ ਰੈਵਿਨਊ ਆਫ਼ੀਸਰਜ਼ ਐਸੋਸੀਏਸ਼ਨ ਦੇ ਫੈਸਲੇ ਮੁਤਾਬਕ ਤਹਿਸੀਲਦਾਰਾਂ ਅਤੇ ਮਾਲ ਵਿਭਾਗ ਤੇ ਹੋਰ ਕਰਮਚਾਰੀਆਂ ਨੇ ਸੋਮਵਾਰ,24 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਕੰਮ ਦਾ ਬਾਈਕਾਟ ਕਰ ਦਿੱਤਾ ਹੈ। ਮਾਲ ਵਿਭਾਗ ਦੇ ਅਧਿਕਾਰੀਆਂ ਦਾ ਦੋਸ਼ ਐ ਕਿ 18 ਜੁਲਾਈ ਨੂੰ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਤਹਿਸੀਲ ਦਫ਼ਤਰ ਵਿੱਚ ਅਚਨਚੇਤ ਚੈਕਿੰਗ ਬਹਾਨੇ ਤਹਿਸੀਲਦਾਰ, ਪਟਵਾਰੀ, ਹੋਰ ਕਰਮਚਾਰੀਆਂ ਨਾਲ ਮਾੜਾ ਵਿਵਹਾਰ ਕੀਤਾ ਅਤੇ ਮੀਡਿਆ ਟ੍ਰਾਇਲ ਕਰਕੇ ਜ਼ਲੀਲ ਕੀਤਾ। ਮਾਲ ਵਿਭਾਗ ਦੇ ਇਹਨਾਂ ਅਫਸਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਹਲਕਾ ਵਿਧਾਇਕ ਵੱਲੋਂ ਤਹਿਸੀਲ ਦਫ਼ਤਰ ਦੇ ਕੰਮ ‘ਚ ਬੇਲੋੜੀ ਕੀਤੀ ਜਾਂਦੀ ਹੈ ਅਤੇ ਆਪਣੇ ਘਰ ਦਫ਼ਤਰੀ ਰਿਕਾਰਡ ਮੰਗਵਾਇਆ ਜਾਂਦਾ ਹੈ ਅਤੇ ਨਾਜਾਇਜ਼ ਕੰਮ ਕਰਨ ਲਈ ਦਬਾਅ ਬਣਾਇਆ ਜਾਂਦਾ ਹੈ। 18 ਜੁਲਾਈ ਦੀ ਘਟਨਾ ਤੋਂ ਬਾਅਦ ਮਾਲ ਅਫਸਰਾਂ ਅਤੇ ਕਰਮਚਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ ਕਿ ਜੇਕਰ ਸਬੰਧਤ ਵਿਧਾਇਕ ਵੱਲੋਂ ਮਾਫ਼ੀ ਨਹੀਂ ਮੰਗੀ ਜਾਂਦੀ ਤਾਂ ਕੰਮ ਦਾ ਅਣਮਿੱਥੇ ਸਮੇਂ ਲਈ ਬਾਈਕਾਟ ਕਰ ਦਿੱਤਾ ਜਾਵੇਗਾ, ਮਾਲ ਅਫਸਰਾਂ ਦੀ ਚੇਤਾਵਨੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਧਾਇਕ ਨੇ ਮਾਮਲੇ ਨੂੰ ਨਿਬੇੜਨ ਲਈ ਕੋਈ ਉੱਦਮ ਨਹੀਂ ਕੀਤਾ। ਸ਼ਨੀਵਾਰ ਲੁਧਿਆਣਾ ਵਿਖੇ ਜਥੇਬੰਦੀ ਦੀ ਮੀਟਿੰਗ ਦੌਰਾਨ ਅਫ਼ਸਰਾਂ ਨੇ ਇੱਕ ਵੱਡਾ ਫੈਸਲਾ ਕਰਦੇ ਹੋਏ ਰੋਸ ਵਜੋਂ ਸੋਮਵਾਰ ਤੋਂ ਸਾਰੇ ਕੰਮਾਂ ਦਾ ਬਾਈਕਾਟ ਕਰ ਦਿੱਤਾ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਗੁਰਦੇਵ ਸਿੰਘ ਧਾਮ ਨੇ ਕਿਹਾ ਕਿ ਹੜ ਰੋਕੂ ਕੰਮਾਂ ਦੀ ਡਿਊਟੀ ਤੋਂ ਸਿਵਾਏ ਸਾਰੇ ਕੰਮਾਂ ਦਾ ਬਾਈਕਾਟ ਹੋਵੇਗਾ । ਚੇਤੇ ਰਹੇ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਮਾਲ ਅਫ਼ਸਰਾਂ ਨੇ ਸੱਤਾਧਾਰੀ ਪਾਰਟੀ ਦੇ ਕਿਸੇ ਵਿਧਾਇਕ ਦੀ ਕੰਮਾਂ ‘ਚ ਦਖ਼ਲ ਵਜੋਂ ਸਰਕਾਰ ਨੂੰ ਅੱਖਾਂ ਦਿਖਾਈਆਂ ਹੋਣ, ਇਸ ਤੋਂ ਪਹਿਲਾਂ ਵੀ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿੱਥੇ ਮਾਲ ਅਫ਼ਸਰਾਂ ਨੇ ਵਿਧਾਇਕਾਂ ਦੀ ਦਖ਼ਲਅੰਦਾਜ਼ੀ ਖਿਲਾਫ਼ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਸੀ।

error: Content is protected !!