-SDM ਅਤੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ‘ਤੇ ਚੁੱਕੇ ਸਿੱਧੇ ਸਵਾਲ
ਚੰਡੀਗੜ੍ਹ 23 ਜੁਲਾਈ-ਪੰਜਾਬ ‘ਚ ਵਿਰੋਧੀ ਧਿਰ ਦੇ ਨਾਲ ਨਾਲ “ਆਪ” ਦੇ ਆਪਣਿਆਂ ਨੇ ਵੀ ਹੜ੍ਹਾਂ ਸੰਬੰਧੀ ਅਗੇਤਰੇ ਪ੍ਰਬੰਧਾਂ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਇੱਕ ਵੀਡੀਓ ਨੇ ਹੜਾਂ ਨੂੰ ਰੋਕਣ ਲਈ ਅਗੇਤਰੇ ਪ੍ਰਬੰਧਾਂ ਦੇ ਮਾਮਲੇ ‘ਚ ਆਪਣੀ ਹੀ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ। ਇਸ ਵੀਡਿਓ ਵਿੱਚ ਸੰਤ ਸੀਚੇਵਾਲ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ‘ਤੇ ਸਿੱਧੇ ਸਵਾਲ ਚੁੱਕ ਰਹੇ ਹਨ। ਵੀਡੀਓ ਸਪੱਸ਼ਟ ਕਰ ਰਹੀ ਹੈ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਜਲੰਧਰ ਦੀ ਤਹਿਸੀਲ ਲੋਹੀਆ ਅਧੀਨ ਪੈਂਦੀ ਧੱਕਾ ਬਸਤੀ ਨੇੜੇ ਗੱਟਾ ਮੰਡੀ ਕਾਸੋ ਵਿੱਚ ਟੁੱਟੇ ਧੁੱਸੀ ਬੰਨ੍ਹ ਦੇ ਨਿਰਮਾਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਡਰੇਨੇਜ ਵਿਭਾਗ ਦਾ ਦੋਸ਼ ਹੈ ਕਿ ਸੀਚੇਵਾਲ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇ ਰਹੇ ਹਨ ਪਰ ਸੰਤ ਸੀਚੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਬਣਾ ਕੇ ਇਸ ਦਾ ਜਵਾਬ ਦਿੱਤਾ ਹੈ। ਆਪਣੀ ਵੀਡੀਓ ਵਿੱਚ ਸੰਤ ਸੀਚੇਵਾਲ ਨੇ ਇੱਕ ਹੋਰ ਵੀਡੀਓ ਵੀ ਦਿਖਾਈ ਹੈ ਜਿਸ ਵਿੱਚ ਉਹ ( ਸੀਚੇਵਾਲ ) ਅਧਿਕਾਰੀਆਂ ਨੂੰ ਮੀਂਹ ਤੋਂ ਪਹਿਲਾਂ ਗਿੱਦੜਪਿੰਡੀ ‘ਚ ਰੇਲਵੇ ਪੁਲ ਦੀ ਸਫਾਈ ਕਰਨ ਲਈ ਕਹਿ ਰਹੇ ਹਨ ਕਿ ਜੋ ਮਿੱਟੀ ਇਕੱਠੀ ਹੋਈ ਹੈ, ਉਸ ਨੂੰ ਕੱਢਿਆ ਜਾਵੇ ਪਰ ਵਿਭਾਗ ਇਸ ਲਈ ਟੈਂਡਰ ਕੱਢ ਕੇ ਪੁੱਛ ਰਿਹਾ ਹੈ। ਸੰਤ ਸੀਚੇਵਾਲ ਨੇ ਜੋ ਵੀਡੀਓ ਜਾਰੀ ਕੀਤੀ ਹੈ ਉਸ ਵਿੱਚ ਕਿਹਾ ਕਿ ਡਰੇਨੇਜ ਵਿਭਾਗ ਵਾਲੇ ਟੈਂਡਰ ਹੀ ਨਹੀਂ ਕੱਢ ਸਕੇ ਤੇ ਪੁਲ਼ ਦੇ ਹੇਠਾਂ ਤੋਂ ਮਿੱਟੀ ਨਾ ਚੁੱਕ ਸਕਣ ਕਾਰਨ ਹੜਾਂ ਦਾ ਕਾਰਨ ਬਣੇ। ਸੰਤ ਸੀਚੇਵਾਲ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਉਹ ਸ਼ਾਹਕੋਟ ਦੇ ਐਸਡੀਐਮ ਨਾਲ ਵੀ ਗੱਲ ਕਰ ਰਹੇ ਹਨ ਜਿੱਥੇ ਧੁੱਸੀ ਬੰਨ੍ਹ ਨੇੜੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਹ ਐਸਡੀਐਮ ਨੂੰ ਇਹ ਵੀ ਕਹਿ ਰਹੇ ਹਨ ਕਿ ਜੇ ਉਨ੍ਹਾਂ ਧਿਆਨ ਦਿੱਤਾ ਹੁੰਦਾ ਤਾਂ ਅੱਜ ਇੱਥੇ ਇਹ ਸਥਿਤੀ ਨਾ ਹੁੰਦੀ। ਪੁਲ ਦੇ ਹੇਠਾਂ ਸਫ਼ਾਈ ਨਾ ਹੋਣ ਕਾਰਨ ਸਾਰਾ ਇਲਾਕਾ ਪਾਣੀ ਵਿੱਚ ਡੁੱਬ ਗਿਆ ਹੈ। ਉਹਨਾਂ ਨੇ ਵਿਭਾਗ ਨੂੰ ਆਪਣੇ ਤੌਰ ’ਤੇ ਮਿੱਟੀ ਕੱਢਣ ਲਈ ਵੀ ਕਿਹਾ ਸੀ ਪਰ ਵਿਭਾਗ ਨਹੀਂ ਮੰਨਿਆ। ਉੰਝ ਭਾਵੇਂ ਸੰਤ ਸੀਚੇਵਾਲ ਅਧਿਕਾਰੀਆਂ ‘ਤੇ ਸਵਾਲ ਚੁੱਕ ਰਹੇ ਹਨ ਪ੍ਰੰਤੂ ਉਹ ਇਹ ਭੁੱਲ ਰਹੇ ਹਨ ਕਿ ਖੁਦ ਵੀ ਸਰਕਾਰ ਦੀ ਇੱਕ ਅਹਿਮ ਅੰਗ ਹਨ। ਜੇਕਰ ਸੰਤ ਸੀਚੇਵਾਲ ਹੜਾਂ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਚੁੱਕੇ ਗਏ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਵੱਲ ਇੱਕ ਉਂਗਲ ਚੁੱਕ ਰਹੇ ਹਨ ਤਾਂ ਚਾਰ ਉਂਗਲਾਂ “ਉਹਨਾਂ” ਵੱਲ ਵੀ ਹੋ ਰਹੀਆਂ ਹਨ । ਦੂਜੇ ਪਾਸੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੰਤ ਸੀਚੇਵਾਲ ਦੀ ਵੀਡੀਓ ਮੁੱਖ ਮੰਤਰੀ ਨੂੰ ਟੈਗ ਕਰਕੇ ਤਿੱਖੇ ਨਿਸ਼ਾਨੇ ਲਗਾਏ ਹਨ।









