ਬਰਨਾਲਾ,11 ਅਗਸਤ ( ਸੁਖਵਿੰਦਰ ਸਿੰਘ ਭੰਡਾਰੀ )-ਬਰਨਾਲਾ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਸਦਰ ਬਾਜ਼ਾਰ ਵਿੱਚ ਬੀਤੀ ਰਾਤ ਚੋਰਾਂ ਨੇ ਦੋ ਦੁਕਾਨਾਂ ਤੇ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਅਤੇ ਕੁਝ ਨਗਦੀ ਚੋਰੀ ਕੀਤੀ। ਸਦਰ ਬਾਜ਼ਾਰ ਵਿੱਚ ਸਥਿਤ ਭਾਰਤੀ ਫੈਸ਼ਨਜ਼ ਦੇ ਮਾਲਕ ਮਨੀਸ਼ ਗੋਇਲ ਨੇ ਦੱਸਿਆ ਕਿ ਚੋਰਾਂ ਨੇ ਸ਼ਟਰ ਦੇ ਜਿੰਦਰੇ ਤੋੜ ਕੇ ਰੇਡੀਮੇਡ ਕੀਮਤੀ ਕੱਪੜੇ ਅਤੇ ਲਗਭਗ 20 ਹਜ਼ਾਰ ਨਗਦੀ ਚੋਰੀ ਕੀਤੀ ਹੈ। ਮਨੀਸ਼ ਗੋਇਲ ਨੇ ਦੱਸਿਆ ਕਿ ਚੋਰ ਉਸ ਦੀ ਦੁਕਾਨ ਤੋਂ ਲਗਭਗ ਤਿੰਨ ਲੱਖ ਦਾ ਸਾਮਾਨ ਲੈ ਗਏ । ਚੋਰਾਂ ਨੇ ਚੋਰੀ ਦੀ ਦੂਜੀ ਵਾਰਦਾਤ ਸਦਰ ਬਾਜ਼ਾਰ ਦੀ ਪਿੰਕੀ ਮਾਰਕੀਟ ਵਿੱਚ ਕਰਿਆਨੇ ਦੀ ਦੁਕਾਨ (ਬਾਬੇ ਦੀ ਹੱਟੀ) ‘ਤੇ ਕੀਤੀ, ਜਿਸ ਦੇ ਮਾਲਿਕ ਵਿਵੇਕ ਗਰਗ ਨੇ ਦੱਸਿਆ ਕਿ ਚੋਣ ਉਸਦੀ ਦੁਕਾਨ ‘ਚੋਂ ਲਗਭਗ 80-85 ਹਜ਼ਾਰ ਦੇ ਨੋਟਾਂ ਵਾਲੇ ਸ਼ਗਨਾਂ ਦੇ ਹਾਰ ਅਤੇ 20-25 ਹਜ਼ਾਰ ਦੀ ਭਾਨ ਲੈ ਗਏ ਹਨ । ਵਿਵੇਕ ਗਰਗ ਨੇ ਦੱਸਿਆ ਕਿ ਉਸਦਾ ਕਰੀਬ ਇੱਕ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇੱਕੋ ਰਾਤ ‘ਚ ਦੋ ਦੁਕਾਨਾਂ ‘ਤੇ ਚੋਰੀ ਦੀ ਘਟਨਾ ਸਬੰਧੀ ਟਿੱਪਣੀ ਕਰਦੇ ਹੋਏ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਅਤੇ ਵਪਾਰੀ ਆਗੂ ਮੋਨੂ ਗੋਇਲ ਨੇ ਕਿਹਾ ਕਿ ਸਦਰ ਬਾਜਾਰ ਸ਼ਹਿਰ ‘ਚ ਸਭ ਤੋਂ ਵੱਧ ਸੁਰੱਖਿਅਤ ਇਲਾਕਾ ਮੰਨਿਆ ਜਾਂਦਾ ਹੈ ਜੇਕਰ ਇੱਥੇ ਹੀ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਤਾਂ ਵਪਾਰੀ ਵਰਗ ਸ਼ਹਿਰ ‘ਚ ਕਿਤੇ ਵੀ ਸੁਰੱਖਿਅਤ ਨਹੀਂ ਹੈ ਸਦਰ ਬਾਜ਼ਾਰ ‘ਚ ਇੱਕ ਪਾਸੇ ਨਹਿਰੂ ਦੇ ਬੁੱਤ ਕੋਲ ਨਾਕਾ ਤੇ ਦੂਜੇ ਪਾਸੇ ਪੁਲਿਸ ਸਟੇਸ਼ਨ ਹੈ, ਫਿਰ ਵੀ ਚੋਰਾਂ ਨੇ ਬਿਨਾਂ ਕਿਸੇ ਡਰ ਭੈਅ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਇਹਨਾਂ ਚੋਰੀ ਦੀਆਂ ਵਾਰਦਾਤਾਂ ਨੇ ਵਪਾਰੀ ਵਰਗ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਪੁਲਿਸ ਤੇ ਸਰਕਾਰ ਤੋਂ ਮੰਗ ਕੀਤੀ ਕਿ ਚੋਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਵਪਾਰੀਆਂ ਦਾ ਚੋਰੀ ਹੋਇਆ ਸਮਾਨ ਵਾਪਿਸ ਕਰਵਾਇਆ ਜਾਵੇ । ਇਸ ਸਬੰਧੀ ਗੱਲਬਾਤ ਕਰਦੇ ਹੋਏ ਐਸਐਚਓ ਸਿਟੀ-1 ਬਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮੌਕਾ ਏ ਵਾਰਦਾਤ ਦੇਖਿਆ ਹੈ, ਪੁਲਿਸ ਸੀਸੀਟੀਵੀ ਦੀ ਫੁਟੇਜ ਚੈੱਕ ਕਰ ਰਹੀ ਹੈ, ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।











