Skip to main content

Gee 98News

ਬਰਖਾਸਤ ਕਰਨ ਦੀ ਸਿੱਧੀ ਚਿਤਾਵਨੀ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਨੇ ਮੁੱਖ ਮੰਤਰੀ ਨੂੰ ਦਿੱਤਾ ਠੋਕਵਾਂ ਜਵਾਬ

Gee98 news servic
ਚੰਡੀਗੜ੍ਹ, 30 ਅਗਸਤ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਵਾਰੀਆਂ ਅਤੇ ਡੀ ਸੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਆਉਂਦੇ ਦਿਨਾਂ ‘ਚ ਕਲਮ ਛੋੜ ਹੜਤਾਲ ਕਰਨ ਦੀ ਚਿਤਾਵਨੀ ‘ਤੇ ਮੋੜਵੀਂ ਚਿਤਾਵਨੀ ਦਿੰਦੇ ਹੋਏ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਗੱਲ ਕਹੀ ਹੈ । ਮੁੱਖ ਮੰਤਰੀ ਨੇ ਕਿਹਾ ਕਿ “ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਪਟਵਾਰੀ ਆਪਣੇ ਇੱਕ ਭ੍ਰਿਸ਼ਟ ਸਾਥੀ ਨੂੰ ਬਚਾਉਣ ਲਈ ਕਲਮ ਛੋੜ ਹੜਤਾਲ ਕਰ ਰਹੇ ਹਨ ਅਤੇ ਡੀਸੀ ਦਫ਼ਤਰ ਦੇ ਕਰਮਚਾਰੀ ਆਪਣੀਆਂ ਮੰਗਾਂ ਦੇ ਹੱਕ ‘ਚ ਕਲਮ ਛੋੜ ਹੜਤਾਲ ਕਰ ਰਹੇ ਹਨ”। ਮੁੱਖ ਮੰਤਰੀ ਨੇ ਇਹਨਾਂ ਕਰਮਚਾਰੀਆਂ ਨੂੰ ਕਿਹਾ ਕਿ “ਤੁਸੀਂ ਕਲਮ ਛੋੜ ਹੜਤਾਲ ਜ਼ਰੂਰ ਕਰੋ ਪਰੰਤੂ ਬਾਅਦ ਵਿੱਚ ਇਹ ਅਸੀਂ ਵੇਖਾਂਗੇ ਕਿ ਤੁਹਾਡੇ ਹੱਥਾਂ ਵਿੱਚ ਦੁਬਾਰਾ ਕਲਮਾਂ ਦੇਣੀਆਂ ਹਨ ਜਾਂ ਨਹੀਂ” । ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰ ਬਹੁਤ ਫਿਰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ । ਜ਼ਿਕਰਯੋਗ ਹੈ ਕਿ ਮਾਲ ਵਿਭਾਗ ਦੇ ਕਰਮਚਾਰੀ 1 ਸਤੰਬਰ ਤੋਂ ਅਤੇ ਡੀ.ਸੀ ਦਫ਼ਤਰ ਦੇ ਕਰਮਚਾਰੀ 11 ਸਤੰਬਰ ਤੋਂ ਕਲਮਛੋੜ ਹੜਤਾਲ ਕਰ ਰਹੇ ਹਨ, ਜਿਸ ਤੋਂ ਬਾਅਦ ਮੁੱਖ ਮੰਤਰੀ ਦੀ ਇਹ ਸਖ਼ਤ ਟਿੱਪਣੀ ਸਾਹਮਣੇ ਆਈ ਹੈ। ਮੁੱਖ ਮੰਤਰੀ ਦੇ ਇਸ ਸਖ਼ਤ ਬਿਆਨ ‘ਤੇ ਟਿੱਪਣੀ ਕਰਦੇ ਹੋਏ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦਾ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਰਮਚਾਰੀਆਂ ਪ੍ਰਤੀ ਰਵੱਈਆ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਮੰਗ-ਪੱਤਰ ਦੇਣ ਦੇ ਬਾਵਜੂਦ ਵੀ ਸਰਕਾਰ ਗੱਲ ਨਹੀ ਸੁਣ ਰਹੀ ਤਾਂ ਸੰਘਰਸ਼ ਤੋਂ ਬਿਨਾ ਕੋਈ ਚਾਰਾ ਨਹੀਂ ਹੈ। ਉਹਨਾਂ ਕਿਹਾ ਕਿ ਆਪਣੇ ਕਰਮਚਾਰੀਆਂ ਦੀ ਮੀਟਿੰਗ ਕਰਕੇ ਗੱਲ ਸੁਣਨ ਦੀ ਬਜਾਏ ਧਮਕੀਆਂ ਦੇਣਾ ਇੱਕ ਸੂਬਾ ਮੁਖੀ ਨੂੰ ਸ਼ੋਭਾ ਨਹੀਂ ਦਿੰਦਾ। ਸਰਦਾਰ ਤੇਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਹੜਤਾਲ 11 ਤੋਂ 13 ਸਤੰਬਰ ਤੱਕ ਹੈ, ਜੇਕਰ ਇਸ ਤੋਂ ਪਹਿਲਾਂ ਸਰਕਾਰ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਕਰੇਗੀ ਤਾਂ ਹੜਤਾਲ ਰੱਦ ਕਰ ਦਿੱਤੀ ਜਾਵੇਗੀ, ਨਹੀਂ ਤਾਂ ਇਹ ਹੜਤਾਲ ਹਰ ਹਾਲਤ ਵਿੱਚ ਕੀਤੀ ਜਾਵੇਗੀ।

ਫੋਟੋ ਕੈਪਸ਼ਨ-ਤੇਜਿੰਦਰ ਸਿੰਘ, ਪ੍ਰਧਾਨ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ

error: Content is protected !!