Gee 98News

ਕਰਲੋ ਭਾਂਡਾ ! ਦੁੱਧ ਵਾਲਾ ਮੈਨੇਜਰ ਤਾਂ ਵੱਡਾ ‘ਭ੍ਰਿਸ਼ਟ ਸੱਪ’ ਨਿਕਲਿਆ…ਸੋਨਾ, ਨਗਦੀ ਅਤੇ ਮਹਿੰਗੀਆਂ ਘੜੀਆਂ ਵੀ ਬਰਾਮਦ

  • ਇੱਕ ਹੋਰ ਕੇਸ ਦਰਜ ਕਰੇਗੀ ਵਿਜੀਲੈਂਸ ਬਿਊਰੋ
    ਚੰਡੀਗੜ੍ਹ, 7 ਦਸੰਬਰ- ਪੰਜਾਬ ਵਿਜੀਲੈਂਸ ਬਿਊਰੋ ਨੇ ਮਿਲਕ ਪਲਾਂਟ ਮੋਹਾਲੀ ਵਿਖੇ ਤਾਇਨਾਤ ਮੈਨੇਜਰ (ਦੁੱਧ ਇਕੱਤਰਨ) ਮਨੋਜ ਕੁਮਾਰ ਸ੍ਰੀਵਾਸਤਵਾ ਦੇ ਘਰੋਂ ਲੱਖਾਂ ਦੀ ਨਗਦੀ ਸਮੇਤ ਕਈ ਕੀਮਤੀ ਜਾਇਦਾਦਾਂ ਅਤੇ ਮਹਿੰਗਾ ਸਮਾਨ ਬਰਾਮਦ ਕੀਤਾ ਹੈ, ਜਿਸ ਨੂੰ ਮੰਗਲਵਾਰ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਮੋਹਾਲੀ ਦੀ ਅਦਾਲਤ ਨੇ ਅਗਲੇਰੀ ਜਾਂਚ ਲਈ ਵਿਜੀਲੈਂਸ ਬਿਊਰੋ ਨੂੰ ਉਕਤ ਮੁਲਜ਼ਮ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਦੇ ਦਿੱਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਦੇ ਘਰ ਦੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 7 ਲੱਖ ਰੁਪਏ ਨਕਦ, 8 ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ ਦਾ ‘ਕੜਾ’, ਕੁਝ ਗਹਿਣੇ ਅਤੇ 14 ਮਹਿੰਗੀਆਂ ਘੜੀਆਂ ਬਰਾਮਦ ਹੋਈਆਂ ਹਨ ਅਤੇ ਇਕ ਘੜੀ, ਜਿਸ ਦੀ ਕੀਮਤ 45,000 ਰੁਪਏ ਹੈ, ਵੀ ਜ਼ਬਤ ਕੀਤੀ ਹੈ ਜੋ ਕਿ ਸ਼ਿਕਾਇਤਕਰਤਾ ਨੇ ਚੰਡੀਗੜ੍ਹ ਦੇ ਬਾਜ਼ਾਰ ਤੋਂ ਖ਼ਰੀਦ ਕੇ ਇਸ ਮੈਨੇਜਰ ਨੂੰ ਦਿੱਤੀ ਸੀ। ਵਿਜੀਲੈਂਸ ਬਿਊਰੋ ਵੱਲੋਂ ਬੈਂਕ ਨੂੰ ਉਸਦਾ ਲਾਕਰ ਫਰੀਜ਼ ਕਰਨ ਅਤੇ ਹੋਰਨਾਂ ਬੈਂਕਾਂ ਨੂੰ ਉਸਦੇ ਖਾਤਿਆਂ ਦੇ ਸਾਰੇ ਵੇਰਵੇ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸਹਿਕਾਰਤਾ ਵਿਭਾਗ ਦੇ ਉਕਤ ਕਰਮਚਾਰੀ ਨੂੰ ਠੇਕੇਦਾਰਾਂ ਨੂੰ ਦੁੱਧ ਦੇ ਟੈਂਕਰਾਂ ਨੂੰ ਵਧੀਆ ਰੂਟ ਅਲਾਟ ਕਰਨ ਬਦਲੇ 50,000 ਰੁਪਏ ਦੀ ਰਿਸ਼ਵਤ ਲੈਣ ਸਮੇਂ ਮੰਗਲਵਾਰ ਰੰਗੇ ਹੱਥੀ ਕਾਬੂ ਕੀਤਾ ਸੀ ਅਤੇ ਇਹ ਮੁਲਜਮ ਸ਼ਿਕਾਇਤਕਰਤਾ ਕੋਲੋਂ 50,000 ਪਹਿਲਾਂ ਵੀ ਲੈ ਚੁੱਕਾ ਹੈ। ਬੁਲਾਰੇ ਅਨੁਸਾਰ ਵਿਜੀਲੈਂਸ ਬਿਊਰੋ ਮਿਲਕ ਪਲਾਂਟ ਮੋਹਾਲੀ ਦੇ ਇਸ ਮੈਨੇਜਰ ਦੇ ਖਿਲਾਫ਼ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਇੱਕ ਹੋਰ ਕੇਸ ਦਰਜ ਕਰੇਗੀ।
error: Content is protected !!