Gee 98News

SHO ਨੂੰ ਨਸ਼ਾ ਤਸਕਰੀ ਦੇ ਕਟਿਹਰੇ ‘ਚ ਖੜ੍ਹਾ ਕਰਨ ਵਾਲੇ DSP ‘ਤੇ ਰਿਸ਼ਵਤ ਦਾ ਮਾਮਲਾ ਦਰਜ

ਚੰਡੀਗੜ੍ਹ,9 ਦਸੰਬਰ-ਪੰਜਾਬ ਪੁਲਿਸ ਵੱਲੋਂ ਆਪਣੇ ਇੱਕ ਡੀਐਸਪੀ ਰੈਂਕ ਦੇ ਅਧਿਕਾਰੀ ਦੇ ਖ਼ਿਲਾਫ਼ ਦਰਜ ਰਿਸ਼ਵਤ ਦਾ ਕੇਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਝ ਭਾਵੇਂ ਐਸਪੀ ਪੱਧਰ ਦੇ ਅਧਿਕਾਰੀ ਦੀ ਪੜ੍ਹਤਾਲ ਤੋਂ ਬਾਅਦ ਹੀ ਡੀਐਸਪੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਪ੍ਰੰਤੂ ਪਰਚਾ ਦਰਜ ਹੋਣ ਤੋਂ ਪਹਿਲਾਂ ਡੀਐਸਪੀ ਵੱਲੋਂ ਇਕ ਐਸਐਚਓ ਸਮੇਤ 10 ਪੁਲਿਸ ਮੁਲਾਜ਼ਮ ਉੱਪਰ ਨਸ਼ਾ ਤਸਕਰਾਂ ਨਾਲ ਗੂੜੇ ਸਬੰਧ ਹੋਣ ਦੇ ਲਗਾਏ ਦੋਸ਼ ਪੁਲਿਸ ਵੱਲੋਂ ਡੀਐਸਪੀ ਉੱਪਰ ਕੀਤੀ ਕਾਰਵਾਈ ਨੂੰ ਫਿੱਕਾ ਪਾ ਰਹੇ ਹਨ। ਡੀਐਸਪੀ ਨੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਉੱਚ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਸੀ। ਦੂਜੇ ਪਾਸੇ ਜਾਂਚ ਅਧਿਕਾਰੀ ਅਨੁਸਾਰ ਡੀਐਸਪੀ ਦੇ ਖ਼ਿਲਾਫ਼ ਪੂਰੀ ਪੜ੍ਹਤਾਲ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਡੀਐਸਪੀ ਖ਼ਿਲਾਫ਼ ਸ਼ਿਕਾਇਤਾਂ ਆ ਰਹੀਆਂ ਸਨ ਕਿ ਉਸਨੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਮੋਟੇ ਪੈਸੇ ਲੈ ਕੇ ਗੰਭੀਰ ਤੋਂ ਗੰਭੀਰ ਮਾਮਲਿਆਂ ਦੀ ਪੜਤਾਲ ਵਿੱਚ ਦੋਸ਼ੀਆਂ ਨੂੰ ਬੇਕਸੂਰ ਕਰਾਰ ਦੇਣ ਬਦਲੇ ਮੋਟੀਆਂ ਰਕਮਾਂ ਹੜੱਪੀਆਂ ਜਾਂਦੀਆਂ ਹਨ। ਇਸ ਮੁਕੱਦਮੇ ਵਿੱਚ ਡੀਐਸਪੀ ਦੇ ਨਾਲ ਇੱਕ ਪ੍ਰਾਈਵੇਟ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜੋ ਡੀਐਸਪੀ ਦਾ ਵਿਚੋਲਾ ਸੀ ਅਤੇ ਜਿਸ ਨੂੰ ਕੁਝ ਸਮਾਂ ਪਹਿਲਾਂ ਡੀਐਸਪੀ ਨੇ ਇੱਕ ਗੰਭੀਰ ਮਾਮਲੇ ਵਿੱਚ ਮੋਟੇ ਪੈਸੇ ਲੈ ਕੇ ਬੇਕਸੂਰ ਕਰਾਰ ਦੇ ਦਿੱਤਾ ਸੀ ਅਤੇ ਉਸ ਤੋਂ ਬਾਅਦ ਇਹ ਡੀਐਸਪੀ ਦਾ ਖ਼ਾਸ ਆਦਮੀ ਬਣ ਗਿਆ ਸੀ। ਪੁਲਿਸ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਬਲਵਿੰਦਰ ਕੌਰ ਧਾਲੀਵਾਲ ਦੀ ਅਦਾਲਤ ਤੋਂ ਸਰਚ ਵਾਰੰਟ ਹਾਸਲ ਕਰਨ ਤੋਂ ਬਾਅਦ ਪੁਲਿਸ ਨੇ ਫ਼ਿਰੋਜ਼ਪੁਰ ਅਤੇ ਲੁਧਿਆਣਾ ਵਿੱਚ ਡੀਐਸਪੀ ਬਾਂਸਲ ਦੇ ਸੰਭਾਵੀ ਟਿਕਾਣਿਆਂ ਦੀ ਤਲਾਸ਼ੀ ਲਈ। ਪੜਤਾਲੀਆ ਅਫਸਰ ਅਨੁਸਾਰ ਤਲਾਸ਼ੀ ‘ਚ ਜੋ ਸਾਮਾਨ ਬਰਾਮਦ ਹੋਇਆ ਹੈ, ਉਨ੍ਹਾਂ ਨੂੰ ਪੁਲਿਸ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ। ਐੱਸਪੀ ਇਨਵੈਸਟੀਗੇਸ਼ਨ ਰਣਧੀਰ ਕੁਮਾਰ ਵੱਲੋਂ ਉਕਤ ਰਿਸ਼ਵਤ ਕਾਂਡ ਦੀ ਜਾਂਚ ਨੂੰ ਜਿਸ ਤਰੀਕੇ ਨਾਲ ਅੱਗੇ ਵਧਾਇਆ ਜਾ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਹ ਜ਼ਰੂਰ ਜਾਪਦਾ ਹੈ ਕਿ ਡੀਐਸਪੀ ਲਈ ਮੁਸ਼ਕਿਲ ਪੇਸ਼ ਆ ਰਹੀ ਹੈ। ਅਦਾਲਤੀ ਨੋਟਿਸ ਕਾਰਨ ਡੀਐਸਪੀ ਬਾਂਸਲ 7 ਦਿਨ ਗ੍ਰਿਫ਼ਤਾਰੀ ਤੋਂ ਬਚ ਗਿਆ ਪਰ ਜੇਕਰ ਉਹ ਉਕਤ ਮਾਮਲੇ ਵਿੱਚ ਅਗਾਊਂ ਜ਼ਮਾਨਤ ਲੈਣ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਉਸ ਦੀ ਗ੍ਰਿਫ਼ਤਾਰੀ ਯਕੀਨੀ ਮੰਨੀ ਜਾਂਦੀ ਹੈ। ਕਿਉਂਕਿ ਉਕਤ ਮਾਮਲੇ ਦਾ ਦੂਜਾ ਮੁਲਜ਼ਮ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜੋ ਇਸ ਸਮੇਂ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿਚ ਬੰਦ ਹੈ।

error: Content is protected !!