ਚੰਡੀਗੜ੍ਹ,6 ਜਨਵਰੀ-ਪੰਜਾਬ ਦੇ ਸਿੱਖਿਆ ਵਿਭਾਗ ਨੇ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਇੱਕ ਅਧਿਆਪਕ ਖ਼ਿਲਾਫ਼ ਵਿਭਾਗੀ ਕਾਰਵਾਈ ਕਰਦੇ ਹੋਏ ਮੁਅੱਤਲ ਕਰ ਦਿੱਤਾ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਰੱਖਭੰਗਵਾਂ ਦੇ ਸਕੂਲ ਨਾਲ ਸੰਬੰਧਿਤ ਹੈ ਜਿੱਥੇ ਅਧਿਆਪਕ ਰਕੇਸ਼ ਕੁਮਾਰ ਵੱਲੋਂ ਪੰਜਵੀਂ ਕਲਾਸ ਦੀਆਂ ਤਿੰਨ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਹ ਮਾਮਲਾ ਉਠਾਇਆ ਸੀ। ਇਸ ਮਾਮਲੇ ਵਿੱਚ ਜਦ ਵਿਦਿਆਰਥਣਾਂ ਨੇ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਮਾਪਿਆਂ ਦੀ ਸ਼ਿਕਾਇਤ ‘ਤੇ ਅਧਿਆਪਕ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪ੍ਰੰਤੂ ਸਿੱਖਿਆ ਵਿਭਾਗ ਨੇ ਅਧਿਆਪਕ ਦੇ ਖ਼ਿਲਾਫ਼ ਕੋਈ ਵਿਭਾਗੀ ਕਾਰਵਾਈ ਨਹੀਂ ਕੀਤੀ ਸੀ ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੂੰ ਬਿਕਰਮ ਮਜੀਠੀਆ ਨੇ ਨਿਸ਼ਾਨੇ ‘ਤੇ ਲਿਆ ਸੀ। ਮਜੀਠੀਆ ਨੇ ਇਸ ਮਾਮਲੇ ਨੂੰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕੀਤਾ ਸੀ ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਅਧਿਆਪਕ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਆਪਕ ਦੀਆਂ ਅਸ਼ਲੀਲ ਹਰਕਤਾਂ ਸਬੰਧੀ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਪੀੜਤ ਵਿਦਿਆਰਥਣ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਧੀਆਂ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੜ੍ਹਦੀਆਂ ਹਨ। ਦਸੰਬਰ ਦੀਆਂ ਛੁੱਟੀਆਂ ਤੋਂ ਪਹਿਲਾਂ ਜਦੋਂ ਉਨ੍ਹਾਂ ਵੱਡੀ ਧੀ ਨੂੰ ਸਕੂਲ ਭੇਜਣ ਲਈ ਉਠਾਇਆ ਤਾਂ ਉਸ ਨੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਨ੍ਹਾਂ ਆਪਣੀ ਲੜਕੀ ਨੂੰ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸਕੂਲ ਵਿੱਚ ਅਧਿਆਪਕ ਰਾਕੇਸ਼ ਕੁਮਾਰ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ। ਪੀੜ੍ਹਤਾ ਨੇ ਦੱਸਿਆ ਕਿ ਉਸ ਦੀ ਜਮਾਤ ਵਿੱਚ ਇੱਕੋ ਸਮੇਂ ਤਿੰਨ ਜਮਾਤਾਂ ਲੱਗਦੀਆਂ ਹਨ। ਅਧਿਆਪਕ ਉਨ੍ਹਾਂ ਨੂੰ ਆਪਣੀ ਕੁਰਸੀ ਦੇ ਕੋਲ ਬੁਲਾ ਲੈਂਦਾ ਹੈ। ਉਹ ਕਾਪੀ ਨੂੰ ਆਪਣੀ ਗੋਦ ‘ਚ ਰੱਖਦਾ ਹੈ ਅਤੇ ਫਿਰ ਉਨ੍ਹਾਂ ਨੂੰ ਇਸ ਨੂੰ ਛੂਹਣ ਲਈ ਕਹਿੰਦਾ ਹੈ। ਲੜਕੀ ਨੇ ਦੱਸਿਆ ਕਿ ਉਹ ਹੋਰ ਦੋ ਲੜਕੀਆਂ ਨਾਲ ਵੀ ਅਜਿਹਾ ਹੀ ਕਰਦਾ ਹੈ, ਜੋ ਉਸ ਦੀਆਂ ਸਹੇਲੀਆਂ ਹਨ। ਪੀੜ੍ਹਤ ਲੜਕੀ ਦੀ ਮਾਂ ਨੇ ਉਸਦੀ ਸੇਹਲੀਆਂ ਦੇ ਮਾਪਿਆਂ ਨਾਲ ਵੀ ਗੱਲ ਕੀਤੀ। ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਥਾਣਾ ਮਜੀਠਾ ਵਿਖੇ ਮਾਮਲਾ ਦਰਜ ਕਰਵਾਇਆ ਗਿਆ। ਥਾਣਾ ਮਜੀਠਾ ਦੀ ਏ.ਐਸ.ਆਈ ਕਮਲਪ੍ਰੀਤ ਕੌਰ ਨੇ ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਰਾਕੇਸ਼ ਕੁਮਾਰ ਖ਼ਿਲਾਫ਼ ਪੋਸਕੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।






