Gee 98News

ਚੰਡੀਗੜ੍ਹ,11 ਜਨਵਰੀ-ਇਹ ਉਹ “ਬਿਊਟੀ” ਨਹੀਂ, ਜੋ ਤੁਸੀਂ ਸਮਝ ਬੈਠੇ ਹੋ..ਦਰਅਸਲ ਬਿਊਟੀਫੁੱਲ ਸਿਟੀ ਚੰਡੀਗੜ੍ਹ ਦੀ ਲੋਕ ਸਭਾ ਸੀਟ ‘ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਪੇਚ ਫਸ ਗਿਆ ਹੈ। ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦੀ ਚਰਚਾ ਦੌਰਾਨ ਆਮ ਆਦਮੀ ਪਾਰਟੀ ਚੰਡੀਗੜ੍ਹ ਦੀ ਸੀਟ ਨੂੰ ਪੰਜਾਬ ਨਾਲ ਜੋੜ ਕੇ ਮੰਨ ਰਹੀ ਹੈ ਪ੍ਰੰਤੂ ਕਾਂਗਰਸ ਚੰਡੀਗੜ੍ਹ ਦੀ ਲੋਕ ਸਭਾ ਸੀਟ ‘ਤੇ ਚਰਚਾ ਕਰਨਾ ਹੀ ਨਹੀਂ ਚਾਹੁੰਦੀ ਅਤੇ ਕਾਂਗਰਸ ਹਰ ਹਾਲਤ ਵਿੱਚ ਚੰਡੀਗੜ੍ਹ ਦੀ ਸੀਟ ‘ਤੇ ਲੋਕ ਸਭਾ ਚੋਣ ਲੜਨਾ ਚਾਹੁੰਦੀ ਹੈ। ਦੂਜੇ ਪਾਸੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਹੱਥ ‘ਚ ਕਰਨ ਤੋਂ ਬਾਅਦ ਚੰਡੀਗੜ੍ਹ ਦੀ ਸੀਟ ‘ਤੇ ਕਬਜ਼ਾ ਕਰਨ ਦਾ ਸੁਪਨਾ ਲੈ ਰਹੇ ਹਨ। ਦੋਵਾਂ ਪਾਰਟੀਆਂ ਦੇ ਆਗੂਆਂ ਦੀ ਚੰਡੀਗੜ੍ਹ ਦੀ ਬਿਊਟੀ ‘ਤੇ ਅੱਖ ਹੈ। ਸੂਤਰਾਂ ਅਨੁਸਾਰ ਪੰਜਾਬ ਦੇ ਮਾਮਲੇ ਵਿੱਚ ਵੀ ਕਾਂਗਰਸ ਨੇ ‘ਆਪ’ ਦਾ ਫਾਰਮੂਲਾ ਰੱਦ ਕਰ ਦਿੱਤਾ ਹੈ। ‘ਆਪ’ ਨੇ ਪੰਜਾਬ ਤੋਂ ਲੋਕ ਸਭਾ ਦੀਆਂ 6 ਸੀਟਾਂ ਮੰਗੀਆਂ ਹਨ ਪ੍ਰੰਤੂ ਕਾਂਗਰਸ ਦੀ ਹਾਈਕਮਾਂਡ ਦੇ ‘ਆਪ’ ਦਾ ਇਹ ਫਾਰਮੂਲਾ ਹਜ਼ਮ ਨਹੀਂ ਆ ਰਿਹਾ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਸ਼ਬਦੀ ਤੀਰ ਵੀ ਕਾਂਗਰਸ ਦੀ ਹਾਈਕਮਾਂਡ ਲਈ ਸਿਰਦਰਦੀ ਬਣੇ ਹੋਏ ਹਨ। ਪੰਜਾਬ ਕਾਂਗਰਸ ਦੇ ਇਹ ਆਗੂ ‘ਆਪ’ ਨਾਲ ਪੰਜਾਬ ‘ਚ ਗੱਠਜੋੜ ਦੀ ਵਿਰੋਧਤਾ ਕਰ ਹੀ ਰਹੇ ਹਨ ਸਗੋਂ ਸੀਟਾਂ ਦੀ ਵੰਡ ਦੇ ਮਾਮਲੇ ‘ਚ ਵੀ ਵਿਰੋਧ ਕਰ ਰਹੇ ਹਨ। ਸੂਤਰਾਂ ਅਨੁਸਾਰ ਕਾਂਗਰਸ ਦਾ ਇਹ ਵੀ ਫੈਸਲਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਿਹੜੀਆਂ ਸੀਟਾਂ ‘ਤੇ ਕਾਂਗਰਸ ਦੇ ਉਮੀਦਵਾਰ ਦੂਜੇ ਨੰਬਰ ‘ਤੇ ਰਹੇ ਹਨ, ਹੁਣ ਵੀ ਕਾਂਗਰਸ ਉਹਨਾਂ ਸੀਟਾਂ ‘ਤੇ ਖੁਦ ਹੀ ਚੋਣ ਲੜੇਗੀ ਅਤੇ ਉਹ ਸੀਟਾਂ “ਸੀਟ ਸ਼ੇਅਰਿੰਗ” ਦੌਰਾਨ ਕਿਸੇ ਹੋਰ ਪਾਰਟੀ ਨੂੰ ਨਹੀਂ ਦਿੱਤੀਆਂ ਜਾਣਗੀਆਂ। ਜਾਣਕਾਰੀ ਇਹ ਵੀ ਹੈ ਕਿ ਕਾਂਗਰਸ ਹਰਿਆਣਾ ਸਮੇਤ 12 ਰਾਜਾਂ ਵਿੱਚ ਗੱਠਜੋੜ ਤਹਿਤ ਕਿਸੇ ਵੀ ਪਾਰਟੀ ਨਾਲ ਸੀਟ ਸ਼ੇਅਰਿੰਗ ਨਹੀਂ ਕਰਨਾ ਚਾਹੁੰਦੀ। ਕਾਂਗਰਸ ਦੀ ਨੈਸ਼ਨਲ ਅਲਾਇੰਸ ਕਮੇਟੀ ਦੀ ਮੀਟਿੰਗ ਵਿੱਚ ਪਾਰਟੀ ਨੇਤਾ ਇਸ ਗੱਲ ‘ਤੇ ਜ਼ੋਰ ਦੇ ਚੁੱਕੇ ਹਨ ਕਿ ਨੌਰਥ ਈਸਟ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਕਰੀਬ 20 ਸੀਟਾਂ ‘ਤੇ ਕਾਂਗਰਸ ਆਪਣੇ ਉਮੀਦਵਾਰ ਉਤਾਰੇਗੀ। ਕਾਂਗਰਸ ਹਰਿਆਣਾ, ਹਿਮਾਚਲ,ਆਂਧਰਾ ਪ੍ਰਦੇਸ਼, ਆਸਾਮ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਛੱਤੀਸਗੜ, ਓੜੀਸਾ ਅਤੇ ਰਾਜਸਥਾਨ ਦੀਆਂ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕਰਨ ‘ਤੇ ਅੜੀ ਹੋਈ ਹੈ। ਇਸ ਤੋਂ ਇਲਾਵਾ ਕਾਂਗਰਸ ਤੇਲੰਗਾਨਾ ਤੇ ਉੱਤਰਾਖੰਡ ਦੀਆਂ 22 ਸੀਟਾਂ ‘ਤੇ ਵੀ ਆਪਣੀ ਉਮੀਦਵਾਰ ਹੀ ਖੜੇ ਕਰਨਾ ਚਾਹੁੰਦੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ ਵਿੱਚ ਪਾਰਟੀ ਯੂਪੀ, ਦਿੱਲੀ ,ਪੰਜਾਬ, ਬਿਹਾਰ, ਬੰਗਾਲ, ਝਾਰਖੰਡ, ਮਹਾਰਾਸ਼ਟਰ, ਤਾਮਿਲਨਾਡੂ ਤੇ ਕੇਰਲਾ ‘ਚ ਗੱਠਜੋੜ ਤਹਿਤ ਦੂਜੀਆਂ ਪਾਰਟੀਆਂ ਨਾਲ “ਸੀਟ ਸ਼ੇਅਰਿੰਗ” ‘ਤੇ ਚਰਚਾ ਕਰਨ ਲਈ ਤਿਆਰ ਹੈ ਪ੍ਰੰਤੂ ਪੰਜਾਬ ਦੇ ਮਾਮਲੇ ‘ਚ ਅਜੇ ਪੇਚ ਫਸਿਆ ਹੋਇਆ ਹੈ ਅਤੇ ਚੰਡੀਗੜ੍ਹ ਦੀ “ਬਿਊਟੀ” ਵੱਲ ਵੀ ਕਾਂਗਰਸ ਕਿਸੇ ਹੋਰ ਨੂੰ ਦੇਖਣ ਨਹੀਂ ਦੇਣਾ ਚਾਹੁੰਦੀ।

Leave a Reply

Your email address will not be published. Required fields are marked *

error: Content is protected !!