ਬਰਨਾਲਾ,30 ਜਨਵਰੀ (Gee98 news service)-ਪਿਛਲੇ ਵਰ੍ਹੇ ਦੇ ਅਕਤੂਬਰ ਮਹੀਨੇ ਬਰਨਾਲਾ ਵਿਖੇ ਇੱਕ ਚਿਕਨ ਕਾਰਨਰ ਦੇ ਮਾਲਕ ਨਾਲ ਤਕਰਾਰ ਤੋਂ ਬਾਅਦ ਚਾਰ ਕਬੱਡੀ ਖਿਡਾਰੀਆਂ ‘ਤੇ ਦਰਜ ਹੋਏ ਕਤਲ ਅਤੇ ਇੱਕ ਖਿਡਾਰੀ ਦੀ ਗ੍ਰਿਫਤਾਰੀ ਸਮੇਂ ਪੁਲਿਸ ਐਨਕਾਊਟਰ ਸਬੰਧੀ ਕਬੱਡੀ ਖਿਡਾਰੀਆਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਬਣੀ ਕਬੱਡੀ ਖਿਡਾਰੀ ਇਨਸਾਫ ਕਮੇਟੀ ਨੇ ਆਪਣੀਆਂ ਸਰਗਰਮੀਆਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕਮੇਟੀ ਦੀ ਅਗਵਾਈ ਹੇਠ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਸਭਾ ਤੋਂ ਪਹਿਲਾਂ ਪਿੰਡ ਠੀਕਰੀਵਾਲਾ ਵਿਖੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਸੀ, ਇਸ ਮੋਰਚੇ ਵਿੱਚ ਪੁੱਜ ਕੇ 18 ਜਨਵਰੀ ਨੂੰ ਬਰਨਾਲਾ ਦੇ ਉੱਚ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਇਨਸਾਫ਼ ਦਾ ਭਰੋਸਾ ਦਿੰਦੇ ਹੋਏ ਮੋਰਚਾ ਖਤਮ ਕਰਨ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਇਹ ਪੱਕਾ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਸੀ। ਬੀਤੇ ਕੱਲ੍ਹ ਕਮੇਟੀ ਆਗੂਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਲੋਕ ਬਰਨਾਲਾ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਮਿਲਣ ਗਏ ਜਿੱਥੇ ਡੀਐਸਪੀ ਗੁਰਬਚਨ ਸਿੰਘ ਨੇ ਤਫਤੀਸ਼ ਜਾਰੀ ਹੈ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ ਬਰਨਾਲਾ ਪੁਲਿਸ ਇਨਸਾਫ਼ ਦੀ ਕਸੌਟੀ ‘ਤੇ ਖ਼ਰਾ ਉਤਰੇਗੀ। ਉਪਰੋਕਤ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਗੋਪੀ ਰਾਏਸਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਪਿੰਡ ਠੀਕਰੀਵਾਲਾ ਵਿਖੇ ਲੱਗਿਆ ਪੱਕਾ ਮੋਰਚਾ ਚੁੱਕਣ ਦੀ ਅਪੀਲ ਕਰਦੇ ਹੋਏ ਬਰਨਾਲਾ ਪੁਲਿਸ ਦੇ ਅਧਿਕਾਰੀਆਂ ਨੇ ਇਨਸਾਫ਼ ਲਈ ਦੋ ਹਫਤੇ ਦਾ ਸਮਾਂ ਦਿੱਤਾ ਸੀ, ਜਿਸ ਸਬੰਧੀ ਕਮੇਟੀ ਆਗੂ ਅਤੇ ਹੋਰ ਲੋਕ ਅੱਜ ਬਰਨਾਲਾ ਪੁਲਿਸ ਅਧਿਕਾਰੀਆਂ ਨੂੰ ਮਿਲਣ ਆਏ ਸਨ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸਾਬਕਾ ਐਮਐਲਏ ਤਰਸੇਮ ਜੋਧਾਂ,ਬਲਵਿੰਦਰ ਸਿੰਘ ਸੇਖੋਂ, ਦਰਸ਼ਨ ਸਿੰਘ ਉਗੋਕੇ, ਖੁਸ਼ਵਿੰਦਰਪਾਲ ਹੰਡਿਆਇਆ, ਰਜੀਵ ਕੁਮਾਰ, ਮਿਲਖਾ ਸਿੰਘ, ਨਾਨਕ ਸਿੰਘ ਅਮਲਾਸਿੰਘਵਾਲਾ, ਤਰਸੇਮ ਸਿੰਘ ਬੱਸੂਆਲ, ਗੁਰਨਾਮ ਸਿੰਘ ਠੀਕਰੀਵਾਲ, ਬੂਟਾ ਸਿੰਘ ਠੀਕਰੀਵਾਲ, ਭੁਪਿੰਦਰ ਕੁਮਾਰ, ਦਰਸ਼ਨ ਸਿੰਘ ਚੀਮਾ, ਮੋਹਨ ਸਿੰਘ ਰਾਏਸਰ, ਐਡਵੋਕੇਟ ਬਲਜਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।