Skip to main content

Gee 98News

ਬਰਨਾਲਾ ‘ਚ ਢਿੱਲੋਂ ਗੋਤ ਦੇ ਲੀਡਰਾਂ ਦੀ ਬੱਲੇ ਬੱਲੇ…ਪਾਰਟੀ ਭਾਵੇਂ ਕੋਈ ਵੀ ਹੋਵੇ…ਬੱਕਰੀ ਗੁੱਲਾਂ ‘ਤੇ,ਕਾਟੋ ਫੁੱਲਾਂ ‘ਤੇ…!

ਵਿਸ਼ੇਸ਼ ਰਿਪੋਰਟ

Gee98 Ads

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਦੀ ਰਾਜਨੀਤੀ ਵਿੱਚ ਦਲ ਬਦਲੀ ਦੀ ਖੇਡ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਚੋਣਾਂ ਭਾਵੇਂ ਲੋਕ ਸਭਾ ਦੀਆਂ ਹੋਣ ਜਾਂ ਵਿਧਾਨ ਸਭਾ ਦੀਆਂ, ਹਰ ਚੋਣਾਂ ਤੋਂ ਪਹਿਲਾਂ ਬਰਨਾਲਾ ਦੀ ਰਾਜਨੀਤੀ ਵਿੱਚ ਕੋਈ ਨਾ ਕੋਈ ਵੱਡਾ ਆਗੂ ਸਿਆਸੀ ਟਪੂਸੀ ਮਾਰ ਜਾਂਦਾ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਹ ਲੀਡਰ ਸਿਆਸੀ ਟਪੂਸੀ ਮਾਰਨ ਵੇਲੇ ਖੜਕਾ ਬਿਲਕੁਲ ਵੀ ਨਹੀਂ ਹੋਣ ਦਿੰਦੇ ਭਾਵ ਕਿ ਦੂਜੀ ਪਾਰਟੀ ਦਾ ਸਿਰੋਪਾ ਗਲ ਵਿੱਚ ਪਾ ਕੇ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਹੀ ਇਹਨਾਂ ਦੀ ਨਵੀਂ ਪਾਰਟੀ ਦਾ ਪਤਾ ਲੱਗਦਾ ਹੈ । ਬਰਨਾਲਾ ‘ਚ ਦਲ ਬਦਲੀ ਦੀ ਪ੍ਰਕਿਰਿਆ ‘ਚ ਢਿੱਲੋਂ ਗੋਤ ਦੇ ਲੀਡਰ ਦੂਜਿਆਂ ਨਾਲੋਂ ਜ਼ਿਆਦਾ ਚਰਚਾ ਵਿੱਚ ਰਹੇ ਹਨ। ਉੰਝ ਤਾਂ ਹੋਰ ਗੋਤਾਂ ਦੇ ਲੀਡਰਾਂ ਦੀ ਵੀ ਦਲ ਬਦਲੀ ਦੀ ਖੇਡ ਵਿੱਚ ਬੱਕਰੀ ਗੁੱਲਾਂ ‘ਤੇ ਰਹੀ ਹੈ ਪਰੰਤੂ ਇਸ ਮਾਮਲੇ ਵਿੱਚ ਢਿੱਲੋਂ ਗੋਤ ਦੇ ਲੀਡਰਾਂ ਦੀ “ਬੱਕਰੀ ਦੇ ਨਾਲ ਨਾਲ ਕਾਟੋ ਵੀ ਫੁੱਲਾਂ ‘ਤੇ ਰਹੀ ਹੈ”। ਦਲ ਬਦਲੀ ਦੇ ਤਾਜ਼ਾ ਵਾਪਰੇ ਘਟਨਾਕ੍ਰਮ ਵਿੱਚ ਸ਼੍ਰੋਮਣੀ ਅਕਾਲੀ ਦਲ ‘ਚ ਹੁੰਦੇ ਹੋਏ ਸੱਤਾ ਦਾ ਸੁਆਦ ਚੱਖਣ ਵਾਲੇ ਪਰਮਜੀਤ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ।

ਪਰਮਜੀਤ ਸਿੰਘ ਢਿੱਲੋਂ ਦਾ ਨਾਮ ਬਰਨਾਲੇ ਦੇ ਉਹਨਾਂ ਅਕਾਲੀ ਆਗੂਆਂ ਵਿੱਚ ਸ਼ੁਮਾਰ ਹੈ ਜਿਨਾਂ ਨੇ ਅਕਾਲੀ ਸਰਕਾਰ ਸਮੇਂ ਰੱਜ ਕੇ ਰਾਜਭਾਗ ਮਾਣਿਆ। ਪਰਮਜੀਤ ਢਿੱਲੋਂ ਦੀ ਦਲ ਬਦਲੀ ਦੇ ਕਾਰਨ ਭਾਵੇਂ ਕੁਝ ਵੀ ਹੋ ਸਕਦੇ ਹਨ ਪਰੰਤੂ ਸ਼ਹਿਰ ਵਿੱਚ ਚਰਚਾ ਇਹੋ ਹੈ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਸੱਤਾਧਾਰੀ ਆਗੂਆਂ ਦੇ ਗਲੇ ਦੀ ਹੱਡੀ ਬਣੀ ਹੋਈ ਹੈ। ਸੱਤਾਧਾਰੀ ਧਿਰ ਪ੍ਰਧਾਨਗੀ ਦੀ ਇਹ ਖੇਡ ਜਿੱਤਣ ਲਈ ਕਿਸੇ ਤਜਰਬੇਕਾਰ ਆਗੂ ਦੀਆਂ ਸੇਵਾਵਾਂ ਲੈਣ ਦੇ ਰੌਂਅ ਵਿੱਚ ਸੀ ਅਤੇ ਪਰਮਜੀਤ ਢਿੱਲੋਂ ਦਾ ਸਿਆਸੀ ਤਜਰਬਾ ਜੱਗ ਜ਼ਾਹਰ ਹੈ। ਇਸ ਤੋਂ ਪਹਿਲਾਂ ਪਰਮਜੀਤ ਢਿੱਲੋਂ ਦਾ ਭਰਾ ਮਨਦੀਪ ਸਿੰਘ ਢਿੱਲੋਂ ਵੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ ਸੀ। ਮਨਦੀਪ ਸਿੰਘ ਢਿੱਲੋਂ ਵੀ ਵੱਡੇ ਅਹੁਦਿਆਂ ‘ਤੇ ਕਾਬਜ਼ ਰਿਹਾ ਹੈ। ਬਰਨਾਲਾ ਜ਼ਿਲ੍ਹੇ ਦੇ ਇੱਕ ਹੋਰ ਚਰਚਿਤ ਲੀਡਰ ਕੇਵਲ ਸਿੰਘ ਢਿੱਲੋਂ ਨੇ ਵੀ ਪਾਰਟੀ ਬਦਲਣ ਵੇਲੇ ਬਹੁਤੀ ਭਿਣਕ ਨਹੀਂ ਲੱਗਣ ਦਿੱਤੀ। ਕੇਵਲ ਸਿੰਘ ਢਿੱਲੋਂ ਵੱਲੋਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਖ਼ਬਰ ਦਾ ਲੋਕਾਂ ਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਦਿਨ ਚੜ੍ਹਦੇ ਨੂੰ ਲੋਕਾਂ ਨੇ ਢਿੱਲੋਂ ਦੀ ਕੋਠੀ ਦੇ ਬਨੇਰੇ ‘ਤੇ ਕਮਲ ਦਾ ਫੁੱਲ ਉਗਿਆ ਹੋਇਆ ਵੇਖਿਆ। ਬਰਨਾਲਾ ਨਾਲ ਹੀ ਸੰਬੰਧਿਤ ਢਿੱਲੋਂ ਗੋਤ ਦੇ ਇੱਕ ਹੋਰ ਵੱਡੇ ਲੀਡਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵੀ ਦਲਬਦਲੀ ਦਾ ਸੁਆਦ ਚੱਖਿਆ ਹੋਇਆ ਹੈ। ਕਾਲਾ ਢਿੱਲੋਂ ਵੱਲੋਂ ਕਾਂਗਰਸ ਛੱਡ ਕੇ ਆਪ ‘ਚ ਸ਼ਾਮਿਲ ਹੋਣ ਸਮੇਂ ਬਰਨਾਲਾ ‘ਚ ਕਾਂਗਰਸ ਦੀ ਕਮਾਂਡ ਕੇਵਲ ਸਿੰਘ ਢਿੱਲੋਂ ਕੋਲ ਸੀ। ਕੇਵਲ ਸਿੰਘ ਢਿੱਲੋਂ ਨੇ ਜਦ ਕਾਲਾ ਢਿੱਲੋਂ ਦੀ ਵੱਧਦੀ ਹਰਮਨਪਿਆਰਤਾ ਵੱਲ ਟੇਢੀ ਅੱਖ ਕੀਤੀ ਤਾਂ ਕਾਲਾ ਢਿੱਲੋਂ ਨੇ ਝਾੜੂ ਚੱਕ ਲਿਆ ਅਤੇ ਕਾਲਾ ਢਿੱਲੋ ਨੇ ਇਹ ਝਾੜੂ ਮੀਤ ਹੇਅਰ ਦੇ ਹੱਕ ‘ਚ ਅਜਿਹਾ ਦੱਬ ਕੇ ਫੇਰਿਆ ਕਿ ਮੀਤ ਹੇਅਰ ਉਦੋਂ ਦਾ ਜਿੱਤਿਆ ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ ਫਿੱਟ ਹੋ ਗਿਆ।

ਸਮੇਂ ਦੀ ਬਦਲੀ ਤੋਰ ਨਾਲ ਕੇਵਲ ਸਿੰਘ ਢਿੱਲੋਂ ਜਦ ਭਾਜਪਾ ਵਿੱਚ ਸ਼ਾਮਿਲ ਹੋ ਗਿਆ ਤਾਂ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਅਗਲੇ ਕਾਲਾ ਢਿੱਲੋਂ ਨੇ ਫਿਰ ਘਰ ਵਾਪਸੀ ਕੀਤੀ। ਕਾਲਾ ਢਿੱਲੋਂ ਦੀ ਘਰ ਵਾਪਸੀ ਦਾ ਹੱਸ ਕੇ ਸਵਾਗਤ ਕਰਦੇ ਹੋਏ ਕਾਂਗਰਸ ਨੇ ਉਸ ਨੂੰ ਜ਼ਿਲ੍ਹੇ ਦਾ ਕਮਾਂਡਰ ਬਣਾ ਦਿੱਤਾ ਤੇ ਅੱਜ ਕਾਲਾ ਢਿੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰਾਂ ਦੀ ਕਤਾਰ ਵਿੱਚ ਖੜ੍ਹਾ ਹੈ। ਬਰਨਾਲਾ ਵਿੱਚ ਢਿੱਲੋਂ ਗੋਤ ਦੇ ਲੀਡਰਾਂ ਦੀ ਪਾਰਟੀ ਬਦਲਣ ਤੋਂ ਬਾਅਦ ਵੀ ਪੂਰੀ ਚੜ੍ਹਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਬਰਨਾਲਾ ਦੇ ਇਹ “ਢਿੱਲੋਂ ਹੀਰੇ” ਕਿਸੇ ਵੀ ਸਿਆਸੀ ਮੁੰਦਰੀ ਵਿੱਚ ਫਿੱਟ ਹੋਣ ਦੀ ਸਮਰੱਥਾ ਰੱਖਦੇ ਹਨ। ਕੇਵਲ ਸਿੰਘ ਢਿੱਲੋਂ ਅਤੇ ਕਾਲਾ ਢਿੱਲੋਂ ਨੇ ਆਪਣੀ ਸਿਆਸੀ ਕਾਬਲੀਅਤ ਨਾਲ ਇਹ ਸਿੱਧ ਵੀ ਕਰ ਦਿੱਤਾ ਹੈ ਅਤੇ ਹੁਣ ਦੇਖਣਯੋਗ ਹੋਵੇਗਾ ਕਿ “ਪਰਮਜੀਤ ਨਾਮ ਦਾ ਢਿੱਲੋਂ ਹੀਰਾ” ਸੱਤਾਧਾਰੀ ਪਾਰਟੀ ਵੱਲੋਂ ਦਿੱਤੇ ਜਾਣ ਵਾਲੇ ਮਾਣ ਸਤਿਕਾਰ ਦੀ ਕਿਹੜੀ ਮੁੰਦਰੀ ਵਿੱਚ ਫਿੱਟ ਹੋਵੇਗਾ।

Gee98 Ads
error: Content is protected !!