Skip to main content

Gee 98News

ਪੜ੍ਹੋ..ਕੌਣ ਸੀ ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ ਗੈਂਗਸਟਰ ਕਾਲਾ ਧਨੌਲਾ, AGTF ਟੀਮ ਨੇ ਕਿਵੇਂ ਕੀਤਾ ਟਰੇਸ..ਕਿੰਨੇ ਮੁਕੱਦਮੇ ਸੀ ਦਰਜ

ਬਰਨਾਲਾ,18 ਫਰਵਰੀ, ਨਿਰਮਲ ਸਿੰਘ ਪੰਡੋਰੀ
ਐਤਵਾਰ ਬਾਅਦ ਦੁਪਹਿਰ ਬਰਨਾਲਾ-ਸੰਗਰੂਰ ਮੇਨ ਹਾਈਵੇ ‘ਤੇ ਬਡਬਰ ਨੇੜੇ ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ ਕਸਬਾ ਧਨੌਲਾ ਦਾ ਰਹਿਣ ਵਾਲਾ ਗੈਂਗਸਟਰ ਕਾਲਾ ਧਨੌਲਾ A ਸ਼੍ਰੇਣੀ ਦਾ ਗੈਂਗਸਟਰ ਸੀ ਜਿਸ ‘ਤੇ 60 ਤੋਂ ਵੱਧ ਮੁਕੱਦਮੇ ਦਰਜ ਸਨ। ‌ ਕਾਲਾ ਧਨੌਲਾ ਦੀ ਸੰਗਰੂਰ ਅਤੇ ਬਰਨਾਲਾ ਖੇਤਰ ਵਿੱਚ ਬਹੁਤ ਦਹਿਸ਼ਤ ਸੀ। ‌ਪੁਲਿਸ ਸੂਤਰਾਂ ਅਨੁਸਾਰ ਉਹ ਬਡਬਰ ਨੇੜੇ ਲੁਕਿਆ ਹੋਇਆ ਸੀ, ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ ਪੁੱਜੀ ਪਰੰਤੂ ਅੱਗੋਂ ਕਾਲਾ ਧਨੌਲਾ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਦੇ ਜਵਾਬ ‘ਚ ਪੁਲਿਸ ਵੱਲੋਂ ਕੀਤੀ ਫਾਇਰਿੰਗ ਵਿੱਚ ਕਾਲਾ ਧਨੌਲਾ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਕਾਲਾ ਧਨੌਲਾ ਵੱਲੋਂ ਕੀਤੀ ਫਾਇਰਿੰਗ ਵਿੱਚ ਪੰਜਾਬ ਏਜੀਟੀਐਫ ਦੇ ਸਬ ਇੰਸਪੈਕਟਰ ਜਸਪ੍ਰੀਤ ਸਿੰਘ ਅਤੇ ਇੰਸਪੈਕਟਰ ਪੁਸ਼ਪਿੰਦਰ ਸਿੰਘ ਵੀ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਏਜੀਟੀਐਫ ਦੀ ਟੀਮ ਕਈ ਦਿਨਾਂ ਤੋਂ ਕਾਲਾ ਧਨੌਲਾ ਦੇ ਪਿੱਛੇ ਲੱਗੀ ਹੋਈ ਸੀ, ਇੱਕ ਦੋ ਵਾਰ ਉਹ ਪੁਲਿਸ ਦੀ ਗ੍ਰਿਫ਼ਤ ਵਿੱਚ ਵੀ ਆਇਆ ਪਰੰਤੂ ਬਚ ਕੇ ਨਿਕਲ ਗਿਆ। ‌ ਐਤਵਾਰ ਸਵੇਰ ਤੋਂ ਹੀ ਏਜੀਟੀਐਫ ਦੀ ਟੀਮ ਨੂੰ ਸੂਚਨਾ ਮਿਲੀ ਕਿ ਕਾਲਾ ਧਨੌਲਾ ਬਰਨਾਲਾ ਖੇਤਰ ਵਿੱਚ ਹੈ ਤਾਂ ਸਿਵਲ ਵਰਦੀ ਵਿੱਚ ਪੁਲਿਸ ਮੁਲਾਜ਼ਮ ਉਸ ਦਾ ਸਵੇਰ ਤੋਂ ਹੀ ਪਿੱਛਾ ਕਰ ਰਹੇ ਸਨ। ‌ ਜਦ ਉਸ ਦੇ ਬਡਬਰ ਨੇੜੇ ਲੁਕੇ ਹੋਣ ਦੀ ਸੂਚਨਾ ਮਿਲੀ ਤਾਂ ਉਸਨੂੰ ਘੇਰਾ ਪਾਕੇ ਆਤਮ ਸਮਰਪਣ ਕਰਨ ਲਈ ਕਿਹਾ ਪਰੰਤੂ ਅੱਗੋਂ ਕਾਲਾ ਧਨੌਲਾ ਨੇ ਫਾਇਰਿੰਗ ਕਰ ਦਿੱਤੀ ਜਿਸ ‘ਤੇ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਪੁਲਿਸ ਨੇ ਕਾਲਾ ਧਨੌਲਾ ਵੱਲੋਂ ਵਰਤਿਆ ਹਥਿਆਰ ਵੀ ਕਬਜ਼ੇ ਵਿੱਚ ਲੈ ਲਿਆ ਹੈ। ਏਜੀਟੀਐਫ ਦੀ ਟੀਮ ਵੱਲੋਂ ਸਾਰੀ ਕਾਰਵਾਈ ਬਰਨਾਲਾ ਪੁਲਿਸ ਨਾਲ ਵੀ ਸਾਂਝੀ ਕੀਤੀ ਗਈ ਹੈ। ‌ ਸੂਤਰਾਂ ਅਨੁਸਾਰ ਏਜੀਟੀਐਫ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਕਾਲਾ ਧਨੌਲਾ ਆਪਣੇ ਵਿਰੋਧੀ ਗੈਂਗ ਦੇ ਕੁਝ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ ਕਾਲਾ ਧਨੌਲਾ ਨੂੰ ਦੋ ਵਾਰ ਐਨਕਾਊਂਟਰ ਕਰਕੇ ਹੀ ਫੜਿਆ ਸੀ ਪਰ ਦੋਨੋਂ ਵਾਰ ਉਸਦੀ ਜਾਨ ਬਚ ਗਈ ਸੀ ਪ੍ਰੰਤੂ ਇਸ ਵਾਰ ਪੁਲਿਸ ਦੀ ਗੋਲੀ ਲੱਗਣ ਨਾਲ ਉਹ ਡਿੱਗ ਪਿਆ ਅਤੇ ਦੁਬਾਰਾ ਉੱਠ ਨਹੀਂ ਸਕਿਆ। ‌ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਪੁਲਿਸ ਨੇ ਕਾਲਾ ਧਨੌਲਾ ਤੇ ਕੁਝ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਾਲਾ ਧਨੌਲਾ ‘ਤੇ 60 ਤੋਂ ਵੱਧ ਮਾਮਲੇ ਦਰਜ ਸਨ ਜਿਨਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਅਗਵਾ, ਹਥਿਆਰ ਤਸਕਰੀ ਸਮੇਤ ਵੱਖ ਵੱਖ ਐਕਟਾਂ ਤਹਿਤ ਮਾਮਲੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਦਰਜ ਹਨ। ਨਵੰਬਰ 2015 ਵਿੱਚ ਕਾਲਾ ਧਨੌਲਾ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਸੀ। ਕਾਲਾ ਧਨੌਲਾ ਹੁਣ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ ਪਰੰਤੂ ਮੁੜ ਕੇ ਵਾਪਸ ਨਹੀਂ ਗਿਆ। ‌ਕਾਲਾ ਧਨੌਲਾ ਨੇ ਰਾਜਨੀਤੀ ਵਿੱਚ ਵੀ ਪੈਰ ਰੱਖਿਆ ਅਤੇ ਉਹ ਨਗਰ ਕੌਂਸਲ ਧਨੌਲਾ ਦਾ ਉਪ ਪ੍ਰਧਾਨ ਵੀ ਰਹਿ ਚੁੱਕਿਆ ਹੈ ਤੇ ਉਸ ਦੀ ਮਾਂ ਨਗਰ ਕੌਸਲ ਧਨੌਲਾ ਦੀ ਪ੍ਰਧਾਨ ਰਹਿ ਚੁੱਕੀ ਹੈ, ਇਸ ਦੌਰਾਨ ਕਾਲਾ ਧਨੌਲਾ ਨੂੰ ਨਗਰ ਕੌਂਸਲਰਾਂ ਨੇ ਬੇਭਰੋਸਗੀ ਦਾ ਮਤਾ ਲਿਆ ਕੇ ਅਹੁਦੇ ਤੋਂ ਹਟਾ ਦਿੱਤਾ ਸੀ। ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਾਲਾ ਧਨੌਲਾ ਨੇ ਕਈ ਕੌਂਸਲਰਾਂ ‘ਤੇ ਹਮਲਾ ਵੀ ਕੀਤਾ ਸੀ। ‌ ਕਾਲਾ ਧਨੌਲਾ ਵੱਲੋਂ ਕੀਤੇ ਜੁਰਮ ਦੇ ਇੱਕ ਚਰਚਿਤ ਕੇਸ ਵਿੱਚ 23 ਫਰਵਰੀ 2012 ਨੂੰ ਸ਼ੇਰਪੁਰ ਵਿਖੇ ਉਸਨੇ ਟਰੱਕ ਯੂਨੀਅਨ ਦੇ ਪ੍ਰਧਾਨ ਲੱਕੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਪੁਲਿਸ ਅਨੁਸਾਰ ਲੱਕੀ ਨੂੰ ਖੁਦ ਕਾਲਾ ਧਨੌਲਾ ਨੇ ਗੋਲੀਆਂ ਮਾਰੀਆਂ ਸਨ। ਇੱਕ ਵਾਰ ਸੰਗਰੂਰ ਜੇਲ੍ਹ ਵਿੱਚ ਵੀ ਕਾਲਾ ਧਨੌਲਾ ਦੇ ਵਿਰੋਧੀ ਗੈਂਗ ਦੇ ਮੈਂਬਰਾਂ ਨੇ ਉਸ ਉੱਪਰ ਜਾਨਲੇਵਾ ਹਮਲਾ ਕੀਤਾ ਸੀ ਜਿਸ ਵਿੱਚ ਕਾਲਾ ਧਨੌਲਾ ਮਸਾਂ ਹੀ ਬਚਿਆ ਸੀ। ਸੂਤਰਾਂ ਅਨੁਸਾਰ ਉਸ ਵੇਲੇ ਠੀਕ ਹੋਣ ਤੋਂ ਬਾਅਦ ਕਾਲਾ ਧਨੌਲਾ ਨੇ ਆਪਣੇ ਵਿਰੋਧੀ ਰਿੰਕੀ ਗਰੁੱਪ ਦੇ ਕਈ ਮੈਂਬਰਾਂ ‘ਤੇ ਜਾਨਲੇਵਾ ਹਮਲੇ ਕਰਵਾਏ ਸਨ। ਨਗਰ ਕੌਂਸਲ ਧਨੌਲਾ ਦੀ ਚੋਣ ਜਿੱਤਣ ਵੇਲੇ ਕਾਲਾ ਧਨੌਲਾ ਨੇ ਮੁੱਖ ਧਾਰਾ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਸ ਸਮੇਂ ਦੀ ਰਾਜਨੀਤੀ ਦਾ ਸ਼ਿਕਾਰ ਹੋਇਆ ਅਤੇ ਦੁਬਾਰਾ ਫੇਰ ਜੁਰਮ ਦੀ ਦੁਨੀਆਂ ਵਿੱਚ ਚਲਿਆ ਗਿਆ।

error: Content is protected !!