ਚੰਡੀਗੜ੍ਹ, 2 ਜੁਲਾਈ, Gee98 news service
- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪਿਛਲੀਆਂ ਰਵਾਇਤੀ ਸਰਕਾਰਾਂ ਵਾਂਗ ਸਿਰਫ ਫੋਕੀ ਇਸ਼ਤਿਹਾਰਬਾਜ਼ੀ ਰਾਹੀਂ ਰੁਜ਼ਗਾਰ ਦੇ ਅੰਕੜੇ ਪੇਸ਼ ਕਰਕੇ ਵਾਹਵਾ ਖੱਟਣ ਦੀ ਤਾਕ ਵਿੱਚ ਹੈ ਪ੍ਰੰਤੂ ਪੰਜਾਬ ਦਾ ਬੇਰੁਜ਼ਗਾਰ ਵਰਗ ਆਪਣੇ ਯਤਨਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਅਸਲੀ ਤਸਵੀਰ ਵਿਖਾਉਣ ਵਿੱਚ ਸਫਲ ਰਿਹਾ ਹੈ ਅਤੇ ਜਲੰਧਰ ਜ਼ਿਮਨੀ ਚੋਣ ਵਿੱਚ 7 ਜੁਲਾਈ ਨੂੰ ਜ਼ੋਰਦਾਰ ਰੋਸ ਪ੍ਰਦਰਸ਼ਨ ਰਾਹੀਂ ਹਲਕੇ ਦੇ ਵੋਟਰਾਂ ਨੂੰ ਜਾਗਰੂਕ ਕਰਦਿਆਂ ਰੁਜ਼ਗਾਰ ਪ੍ਰਤੀ ਸਰਕਾਰ ਦੀ ਬੇਰੁਖੀ ਨੂੰ ਜਨਤਕ ਕੀਤਾ ਕਰੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ,ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਪੁਲਿਸ ਲਾਠੀਚਾਰਜ ਝੱਲਦੇ ਅਤੇ ਟੈਂਕੀਆਂ ਉੱਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਦੇ ਬੇਰੁਜ਼ਗਾਰਾਂ ਦੇ ਹਾਲਾਤ 27 ਮਹੀਨਿਆਂ ਵਿੱਚ ਹੋਰ ਬਦਤਰ ਹੋਏ ਹਨ, ਅਜੇ ਵੀ ਜਿਉਂ ਦੀ ਤਿਉਂ ਪੱਗਾਂ / ਚੁੰਨੀਆਂ ਲੱਥ ਰਹੀਆਂ ਹਨ। ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਪਹਿਲ ਦੇ ਆਧਾਰ ਉੱਤੇ ਭਰਤੀ ਕਰਨ, ਸਿੱਖਿਆ ਵਿਭਾਗ ਵਿੱਚ ਭਰਤੀ ਕੈਲੰਡਰ ਲਾਗੂ ਕਰਨ, ਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਓਵਰ ਏਜ਼ ਹੋਏ ਬੇਰੁਜ਼ਗਾਰਾਂ ਨੂੰ ਉੱਮਰ ਹੱਦ ਛੋਟ ਦੇਣ ਦੇ ਝਾਂਸੇ ਲਾਰੇ ਸਾਬਤ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਨਰਸਰੀ ਤੋਂ ਲੈਕੇ ਪ੍ਰੋਫੈਸਰ ਕਾਡਰ ਤੱਕ ਇੱਕ ਵੀ ਅਸਾਮੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ,ਪੰਜਾਬ ਦੇ ਸਿਹਤ ਪੱਧਰ ਨੂੰ ਉੱਚਾ ਚੁੱਕਣ ਲਈ ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਦੀ “ਸਿੰਗਲ ਪੋਸਟ” ਵੀ ਜਾਰੀ ਨਹੀਂ ਕੀਤੀ ਗਈ।ਉਮਰ ਹੱਦ ਛੋਟ ਦੇਣ ਸਬੰਧੀ ਭਰਤੀ ਨਿਯਮ ਨਹੀਂ ਸੋਧੇ ਗਏ।ਕਾਂਗਰਸ ਮੌਕੇ ਮਾਸਟਰ ਕੇਡਰ ਲਈ ਗ੍ਰੈਜੂਏਸ਼ਨ ਵਿੱਚੋ 55 ਪ੍ਰਤੀਸ਼ਤ ਅੰਕ ਲਾਜ਼ਮੀ ਹੋਣ ਦੀ ਥੋਪੀ ਗਈ ਬੇਤੁਕੀ ਸ਼ਰਤ ਰੱਦ ਨਹੀਂ ਕੀਤੀ ਗਈ,ਆਰਟ ਐਂਡ ਕਰਾਫਟ ਦੀਆਂ 250 ਜਾਰੀ ਅਸਾਮੀਆਂ ਦਾ ਲਿਖਤੀ ਪੇਪਰ ਨਹੀਂ ਲਿਆ ਗਿਆ। ਉਹਨਾਂ ਦੱਸਿਆ ਕਿ ਉਕਤ ਮੰਗਾਂ ਸਬੰਧੀ ,ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕਰਨ ਅਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਉੱਤੇ ਭਰਤੀ ਕਰਨ ਅਤੇ ਉਮਰ ਹੱਦ ਛੋਟ ਦੇਣ ਦੀ ਮੰਗ ਨੂੰ ਲੈਕੇ ਪਿਛਲੀਆ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੰਗ ਪੱਤਰ ਦੇਣ ਦੀ ਮੁਹਿੰਮ ਵਿੱਢੀ ਸੀ। ਹੁਣ ਜਲੰਧਰ ਦੀ ਜ਼ਿਮਨੀ ਚੋਣ ਵਿੱਚ 7 ਜੁਲਾਈ ਨੂੰ ਪੰਜ ਬੇਰੁਜ਼ਗਾਰ ਜਥੇਬੰਦੀਆਂ (ਬੀ ਐਡ ਟੈੱਟ ਪਾਸ,ਆਰਟ ਐਂਡ ਕਰਾਫਟ, ਓਵਰ ਏਜ਼ ਬੀ ਐਡ ਟੈੱਟ ਪਾਸ, ਮੈਥ/ ਸਾਇੰਸ ਬੀ ਐਡ ਟੈੱਟ ਪਾਸ ਅਤੇ ਮਲਟੀ ਪਰਪਜ਼ ਹੈਲਥ ਵਰਕਰ) ਉੱਤੇ ਆਧਾਰਤ ਬੇਰੁਜ਼ਗਾਰ ਸਾਂਝਾ ਮੋਰਚਾ ਰੋਸ ਪ੍ਰਦਰਸ਼ਨ ਕਰਕੇ ਰੁਜ਼ਗਾਰ ਦੇਣ ਪ੍ਰਤੀ ਸਰਕਾਰ ਦੀ ਪੋਲ੍ਹ ਖੋਲੇਗਾ।