ਚੰਡੀਗੜ੍ਹ,6 ਜੁਲਾਈ, Gee98 news service
-ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਸਿਆਸੀ ਹਾਲਾਤਾਂ ‘ਤੇ ਵਿਰੋਧੀ ਪਾਰਟੀਆਂ ਦੇ ਆਗੂ ਵੀ ਚੁਟਕੀਆਂ ਲੈ ਰਹੇ ਹਨ। ਅਕਾਲੀ ਦਲ ਨੇ ਬਾਗੀ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਮਾਫੀ ਮੰਗਣ ਵੱਖ-ਵੱਖ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਕਿਸੇ ਤਰ੍ਹਾਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਸੀਨੀਅਰ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਵੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਤੇ ਤਿੱਖੀ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਸੱਤਾ ‘ਤੇ ਕਾਬਜ਼ ਹੁੰਦੇ ਹਨ ਤਾਂ ਇਹਨਾਂ ਨੂੰ ਪੰਥ ਅਤੇ ਪੰਜਾਬ ਤੋਂ ਆਪਣੇ ਨਿੱਜੀ ਹਿੱਤ ਪਿਆਰੇ ਹੋ ਜਾਂਦੇ ਹਨ ਪ੍ਰੰਤੂ ਜਦ ਸੱਤਾ ਇਹਨਾਂ ਦੇ ਹੱਥੋਂ ਨਿਕਲ ਜਾਂਦੀ ਹੈ ਤਾਂ ਇਹਨਾਂ ਦੇ ਪੰਥ ਅਤੇ ਪੰਜਾਬ ਯਾਦ ਆਉਂਦਾ ਹੈ। ਉਹਨਾਂ ਕਿਹਾ ਕਿ ਹੁਣ ਬਾਗ਼ੀ ਅਕਾਲੀ ਆਗੂ ਅਕਾਲ ਤਖ਼ਤ ਉਪਰ ਜਾ ਕੇ ਮਾਫ਼ੀ ਮੰਗਣ ਦਾ ਢਕਵੰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿਚ ਰਹਿੰਦਿਆਂ ਇਹ ਮਿਲ ਕੇ ਸਾਰੇ ਇਕੱਠੇ ਫ਼ੈਸਲੇ ਲੈਂਦੇ ਰਹੇ ਹਨ। ਇਨ੍ਹਾਂ ਦੀ ਹੁਣ ਹਾਲਤ ‘ਨੌ ਮਣ ਚੂਹੇ ਖਾ ਕੇ ਬਿੱਲੀ ਦੇ ਹੱਜ ਜਾਣ’ ਵਾਲੀ ਹੋ ਗਈ ਹੈ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਰਾਜ ਭਾਗ ਮਾਨਣ ਵੇਲੇ ਮਿਲ ਕੇ ਦੁੱਧ ਮਲਾਈਆਂ ਛਕਣ ਵਾਲੇ ਬਾਦਲ ਦਲ ਦੇ ਸਾਰੇ ਆਗੂਆਂ ਨੂੰ ਉਹ ਘੱਟੋ ਘੱਟ ਦਸ ਸਾਲ ਤਕ ਦਾ ਸੰਨਿਆਸ ਲੈਣ ਦਾ ਹੁਕਮ ਸੁਣਾਉਣ। ਭੱਠਲ ਨੇ ਕਿਹਾ ਕਿ ਵੋਟਾਂ ਲੈਣ ਲਈ ਸਾਰੇ ਹੀ ਮੁੱਖ ਅਕਾਲੀ ਆਗੂ ਸਿਰਸਾ ਡੇਰੇ ਵੀ ਜਾਂਦੇ ਰਹੇ ਹਨ ਅਤੇ ਬਾਅਦ ਵਿਚ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾਉਣ ਦੇ ਮਾਮਲੇ ਵਿਚ ਸੱਭ ਬਰਾਬਰ ਦੇ ਭਾਗੀਦਾਰ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸੀ ਆਗੂ ਵੀ ਡੇਰੇ ‘ਤੇ ਜਾਂਦੇ ਰਹੇ ਹਨ ਪਰ ਅਕਾਲੀ ਦਲ ਦਾ ਮਾਮਲਾ ਵਖਰਾ ਹੈ ਕਿਉਂਕਿ ਇਹ ਸਿੱਖ ਪੰਥ ਦੀ ਪਾਰਟੀ ਹੈ ਜਦਕਿ ਕਾਂਗਰਸ ਧਰਮ ਨਿਰਪੇਖ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਸਿਆਸੀ ਹਿਤਾਂ ਲਈ ਕੀਤੀਆਂ ਵੱਡੀਆਂ ਗ਼ਲਤੀਆਂ ਕਾਰਨ ਅਕਾਲੀ ਦਲ ਹਾਸ਼ੀਏ ਉਪਰ ਗਿਆ ਹੈ। ਅਕਾਲੀ ਦਲ ਦਾ ਸ਼ਾਨਾਮੱਤਾ ਇਤਿਹਾਸ ਅਕਾਲੀ ਲੀਡਰਸ਼ਿਪ ਨੇ ਮਿੱਟੀ ਵਿਚ ਰੋਲ ਦਿਤਾ ਹੈ ਅਤੇ ਹੁਣ ਕੁੱਝ ਆਗੂ ਬਾਗ਼ੀ ਹੋ ਕੇ ਅਕਾਲ ਤਖ਼ਤ ਨੂੰ ਵੀ ਮਾਫ਼ੀ ਦੇ ਨਾਂ ਹੇਠ ਅਪੀਲ ਕਰ ਕੇ ਸਿਆਸੀ ਹਿਤ ਸਾਧਣ ਤੁਰ ਪਏ ਹਨ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਗੰਭੀਰਤਾ ਨਾਲ ਵਿਚਾਰ ਕੇ ਫ਼ੈਸਲੇ ਲੈਣ ਦੀ ਅਪੀਲ ਕੀਤੀ ਹੈ।