Gee 98News

ਭ੍ਰਿਸ਼ਟਾਚਾਰ : ਵਿਦਿਆਰਥੀਆਂ ਦੇ ਸਰਟੀਫਿਕੇਟਾਂ ਨਾਲ ਛੇੜਛਾੜ ਕਰਨ ਵਾਲੇ ਸਿੱਖਿਆ ਬੋਰਡ ਦੇ ਤਿੰਨ ਮੁਲਾਜ਼ਮ ਮੁਅੱਤਲ

ਚੰਡੀਗੜ੍ਹ,6 ਜੁਲਾਈ, Gee98 news service
-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਦੇ ਮਾਮਲੇ ‘ਚ ਧਾਂਦਲੀ ਕਰਨ ਵਾਲੇ ਤਿੰਨ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ਅਤੇ ਇੱਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਪ੍ਰੈਲ 2023 ਵਿੱਚ ਫਾਰਮੇਸੀ ਕੌਂਸਲ ਪੰਜਾਬ ਨੇ ਕੁਝ ਸਰਟੀਫਿਕੇਟ ਸਿੱਖਿਆ ਬੋਰਡ ਨੂੰ ਵੈਰੀਫਿਕੇਸ਼ਨ ਲਈ ਭੇਜੇ ਸਨ। ਸਿੱਖਿਆ ਬੋਰਡ ਵੱਲੋਂ ਇਹਨਾਂ ਸਰਟੀਫਿਕੇਟਾਂ ਦੀਆਂ ਦੋ ਵੱਖ ਵੱਖ ਵੈਰੀਫਿਕੇਸ਼ਨ ਰਿਪੋਰਟਾਂ ਫਾਰਮੇਸੀ ਕੌਂਸਲ ਨੂੰ ਪ੍ਰਾਪਤ ਹੋਈਆਂ। ਜਿਨਾਂ ਵਿੱਚ ਪਹਿਲੀ ਰਿਪੋਰਟ ਵਿੱਚ ਸਰਟੀਫਿਕੇਟਾਂ ਨੂੰ ਸਹੀ ਠਹਿਰਾਇਆ ਗਿਆ ਜਦਕਿ ਦੂਜੀ ਰਿਪੋਰਟ ਵਿੱਚ ਸਰਟੀਫਿਕੇਟ ਜਾਅਲੀ ਦੱਸੇ ਗਏ। ਇਸ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਫਾਰਮੇਸੀ ਕੌਂਸਲ ਨੇ ਇਸ ਸਬੰਧੀ ਇੱਕ ਪੱਤਰ ਸਿੱਖਿਆ ਬੋਰਡ ਨੂੰ ਲਿਖਿਆ ਜਿਸ ਤੋਂ ਬਾਅਦ ਬੋਰਡ ਦੇ ਸੰਯੁਕਤ ਸਕੱਤਰ ਨੇ ਇਸ ਦੀ ਪੜਤਾਲ ਕੀਤੀ। ‌ਪੜਤਾਲੀਆ ਅਫ਼ਸਰ ਵੱਲੋਂ ਮਾਮਲੇ ਨਾਲ ਸਬੰਧਤ ਰਿਕਾਰਡ ਅਤੇ ਕੇਸ ਨਾਲ ਸਬੰਧਤ ਬੋਰਡ ਦਫ਼ਤਰ ਦੇ ਕਰਮਚਾਰੀਆਂ ਦੇ ਬਿਆਨਾਂ ਦੇ ਆਧਾਰ ‘ਤੇ ਪੇਸ਼ ਕੀਤੀ ਗਈ ਪੜਤਾਲ ਰਿਪੋਰਟ ਅਨੁਸਾਰ ਹਵਾਲੇ ਅਧੀਨ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਵਿਚ ਵੱਡੇ ਪੱਧਰ ‘ਤੇ ਖਾਮੀਆਂ ਪਾਈਆਂ ਗਈਆਂ ਹਨ ਅਤੇ ਕੇਸ ਨਾਲ ਸਬੰਧਤ ਰਿਕਾਰਡ ਨਾਲ ਛੇੜਛਾੜ ਕੀਤੀ ਹੋਈ ਪਾਈ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੜ੍ਹਤਾਲ ਰਿਪੋਰਟ ਵਿਚ ਨਾਮਜ਼ਦ ਹੋਏ ਬੋਰਡ ਦੇ ਕਰਮਚਾਰੀਆਂ ਪਰਵਿੰਦਰ ਸਿੰਘ ਸੀਨੀਅਰ ਸਹਾਇਕ, ਰਣਜੀਤ ਸਿੰਘ ਅਤੇ ਰਾਜਿੰਦਰ ਸਿੰਘ ਹੈਲਪਰ ਸਰਟੀਫਿਕੇਟ ਸ਼ਾਖਾ ਨੂੰ ਤੁਰੰਤ ਪ੍ਰਭਾਵ ਨਾਲ ਬੋਰਡ ਦੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਕੇਸ ਵਿਚ ਸ਼ਾਮਲ ਜਗਤਾਰ ਸਿੰਘ, ਦਿਹਾੜੀਦਾਰ, ਸਰਟੀਫਿਕੇਟ ਸ਼ਾਖਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਉਸਦਾ ਹੈੱਡ-ਕੁਆਰਟਰ ਖੇਤਰੀ ਦਫ਼ਤਰ, ਰੂਪਨਗਰ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਕਰਵਾਉਣ ਲਈ ਰੋਪੜ ਰੂਪਨਗਰ ਸਿੱਖਿਆ ਬੋਰਡ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਕਰਵਾਉਣ ਲਈ ਰੂਪਨਗਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਵੀ ਲਿਖਿਆ ਗਿਆ ਹੈ ਤਾਂ ਜੋ ਇਸ ਮਾਮਲੇ ਦੀ ਹੋਰ ਪੜ੍ਹਤਾਲ ਹੋ ਕੇ ਪਰਦਾਫਾਸ਼ ਹੋਵੇ।

error: Content is protected !!