-ਲੋਕ ਸਭਾ ਦੀ ਮੈਂਬਰੀ ਰੱਦ ਹੋਣ ਦੀ ਤਲਵਾਰ ਦੀ ਲਟਕਦੀ ਰਹੇਗੀ
ਚੰਡੀਗੜ੍ਹ,6 ਜੁਲਾਈ, Gee98 news service
-ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੇ ਬਤੌਰ ਲੋਕ ਸਭਾ ਮੈਂਬਰ ਸਹੁੰ ਚੁੱਕ ਲਈ ਹੈ। ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਵਿਸ਼ੇਸ਼ ਪੈਰੋਲ ਦਿੱਤੀ ਗਈ। ਸੰਵਿਧਾਨਿਕ ਤੌਰ ‘ਤੇ ਅੰਮ੍ਰਿਤਪਾਲ ਸਿੰਘ ਲੋਕ ਸਭਾ ਦੇ ਮੈਂਬਰ ਬਣ ਚੁੱਕੇ ਹਨ ਪ੍ਰੰਤੂ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਲੋਕ ਸਭਾ ਤੱਕ ਪੁੱਜਣ ਲਈ ਹਰ ਵਾਰ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ। ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਵਿੱਚ ਹਾਜ਼ਰ ਹੋਣ ਲਈ ਅਤੇ ਗੈਰ ਹਾਜ਼ਰ ਹੋਣ ਲਈ ਵੀ ਬਾਕਾਇਦਾ ਮਨਜ਼ੂਰੀ ਲੈਣੀ ਪਵੇਗੀ। ਜੇਕਰ ਉਹ ਲੋਕ ਸਭਾ ਵਿੱਚ ਗੈਰ ਹਾਜ਼ਰ ਵੀ ਰਹਿਣਾ ਚਾਹੁੰਦੇ ਹਨ ਤਾਂ ਵੀ ਉਹਨਾਂ ਨੂੰ ਸਪੀਕਰ ਤੋਂ ਬਕਾਇਦਾ ਪੱਤਰ ਲਿਖ ਕੇ ਮਨਜ਼ੂਰੀ ਲੈਣੀ ਪਵੇਗੀ। ਅੰਮ੍ਰਿਤਪਾਲ ਸਿੰਘ ਲਈ ਇਹ ਪ੍ਰਕਿਰਿਆ ਅਤਿ ਜ਼ਰੂਰੀ ਹੈ ਕਿਉਂਕਿ ਸੰਵਿਧਾਨ ਦੇ ਅਨੁਸਾਰ ਜੇਕਰ ਕੋਈ ਸੰਸਦ ਬਿਨਾਂ ਮਨਜ਼ੂਰੀ ਦੇ ਲੋਕ ਸਭਾ ਦੀਆਂ ਸਾਰੀਆਂ ਬੈਠਕਾਂ ਚੋਂ 60 ਦਿਨਾਂ ਤੋਂ ਵੱਧ ਸਮੇਂ ਲਈ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਸਦੀ ਸੀਟ ਖਾਲੀ ਐਲਾਨ ਕਰ ਦਿੱਤੀ ਜਾਂਦੀ ਹੈ। ਸੰਸਦ ਦੇ ਸੈਸ਼ਨ ਵਿੱਚ ਭਾਗ ਲੈਣ ਲਈ ਜਾਂ ਸੰਸਦ ਵਿੱਚ ਕਿਸੇ ਮੁੱਦੇ ‘ਤੇ ਹੋਣ ਵਾਲੀ ਵੋਟਿੰਗ ਵਿੱਚ ਭਾਗ ਲੈਣ ਲਈ ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਦਾ ਸਹਾਰਾ ਲੈਣਾ ਪਵੇਗਾ। ਇੱਕ ਪੱਖ ਇਹ ਵੀ ਹੈ ਕਿ ਇਸ ਸਾਰੇ ਸਮੇਂ ਦੇ ਦੌਰਾਨ ਜੇਕਰ ਉਸ ਨੂੰ ਦੋ ਸਾਲ ਜਾਂ ਉਸ ਤੋਂ ਜਿਆਦਾ ਸਜ਼ਾ ਹੋ ਜਾਂਦੀ ਹੈ ਤਾਂ ਉਸ ਨੂੰ ਬਤੌਰ ਸੰਸਦ ਅਯੋਗ ਕਰਾਰ ਦੇ ਦਿੱਤਾ ਜਾਵੇਗਾ। ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ ਵਿੱਚ NSA ਐਕਟ ਅਧੀਨ ਬੰਦ ਹੈ। ਸਰਕਾਰ ਨੇ ਤਿੰਨ ਮਹੀਨੇ ਹੋਰ NSA ਦਾ ਸਮਾਂ ਵਧਾ ਦਿੱਤਾ ਹੈ ਇਸ ਤੋਂ ਅੱਗੇ NSA ਦਾ ਸਮਾਂ ਵਧਾਇਆ ਜਾਂਦਾ ਹੈ ਜਾਂ ਨਹੀਂ ਇਹ ਪੰਜਾਬ ਸਰਕਾਰ ‘ਤੇ ਨਿਰਭਰ ਕਰਦਾ ਹੈ। NSA ਤੋਂ ਬਿਨਾਂ ਵੀ ਅੰਮ੍ਰਿਤਪਾਲ ਸਿੰਘ ‘ਤੇ 12 ਹੋਰ ਮਾਮਲੇ ਦਰਜ ਹਨ ਜਿਨਾਂ ਵਿੱਚੋਂ ਇੱਕ ਮਾਮਲਾ ਅਸਾਮ ਵਿੱਚ ਵੀ ਦਰਜ ਹੈ। ਜੇਕਰ ਅੰਮ੍ਰਿਤਪਾਲ ਸਿੰਘ ਤੋਂ NSA ਹਟਾ ਵੀ ਲਿਆ ਜਾਂਦਾ ਤਾਂ ਵੀ ਇਹਨਾਂ ਮਾਮਲਿਆਂ ਵਿੱਚ ਉਹਨਾਂ ਦੀ ਗ੍ਰਿਫਤਾਰੀ ਦੀ ਤਲਵਾਰ ਲਟਕਦੀ ਰਹੇਗੀ ਤੇ ਉਹਨਾਂ ਨੂੰ ਜ਼ਮਾਨਤ ਲੈਣੀ ਪਵੇਗੀ। ਇਹਨਾਂ 12 ਮਾਮਲਿਆਂ ਵਿੱਚੋਂ ਕਿਸੇ ਵੀ ਇੱਕ ਮਾਮਲੇ ਵਿੱਚ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਦੋ ਸਾਲ ਜਾਂ ਦੋ ਸਾਲ ਤੋਂ ਵੱਧ ਦੀ ਸਜ਼ਾ ਸੁਣਾ ਦਿੱਤੀ ਗਈ ਤਾਂ ਉਹਨਾਂ ਦੀ ਲੋਕ ਸਭਾ ਦੀ ਮੈਂਬਰੀ ਰੱਦ ਹੋ ਜਾਵੇਗੀ। ਦੱਸ ਦੇਈਏ ਕਿ ਲੋਕ ਸਭਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਅੰਮ੍ਰਿਤਪਾਲ ਸਿੰਘ ਨੇ ਆਪਣੇ ਖਾਤੇ ਵਿੱਚ 1000 ਰੁਪਏ ਦੱਸੇ ਸਨ ਪਰੰਤੂ ਹੁਣ ਉਹਨਾਂ ਨੂੰ ਤਨਖਾਹ ਸਮੇਤ ਲੱਖਾਂ ਰੁਪਏ ਮਿਲਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਬਤੌਰ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੂੰ ਇਕ ਲੱਖ ਰੁਪਏ ਤਨਖਾਹ ਮਿਲੇਗੀ, 70000 ਖੇਤਰੀ ਭੱਤਾ ਮਿਲੇਗਾ, ਇਸ ਤੋਂ ਇਲਾਵਾ 60000 ਰੁਪਏ ਦਫ਼ਤਰੀ ਖਰਚਾ ਅਤੇ 2000 ਪ੍ਰਤੀ ਦਿਨ ਭੱਤਾ ਵੀ ਮਿਲੇਗਾ। ਹੁਣ ਸਭ ਦੀ ਨਜ਼ਰ ਇਸੇ ‘ਤੇ ਟਿਕੀ ਹੋਈ ਹੈ ਕਿ ਬਤੌਰ ਸੰਸਦ ਅੰਮ੍ਰਿਤਪਾਲ ਸਿੰਘ ਲੋਕ ਸਭਾ ਦੀ ਕਾਰਵਾਈ ਵਿੱਚ ਕਿਵੇਂ ਭਾਗ ਲੈਣਗੇ। ਅੰਮ੍ਰਿਤਪਾਲ ਸਿੰਘ ਲਈ ਇੱਕ ਪੱਖ ਚੰਗਾ ਵੀ ਹੈ ਕਿ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਵੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ ਜਿਸ ਦਾ ਅੰਮ੍ਰਿਤਪਾਲ ਸਿੰਘ ਨੂੰ ਫਾਇਦਾ ਮਿਲੇਗਾ।