Gee 98News

ਨਕਲੀ ਡੀਐਸਪੀ ਬਣ ਕੇ ਜੰਮੂ ਘੁੰਮ ਰਿਹਾ ਸੀ ਪੰਜਾਬ ਦਾ ਪ੍ਰਸਿੱਧ ਕਬੱਡੀ ਖਿਡਾਰੀ…ਫੜਿਆ ਗਿਆ,ਜੰਮੂ ਵਿਖੇ ਮੁਕੱਦਮਾ ਦਰਜ

ਚੰਡੀਗੜ੍ਹ,11 ਅਗਸਤ, Gee98 News service

-ਪੰਜਾਬ ਦੇ ਇੱਕ ਪ੍ਰਸਿੱਧ ਕਬੱਡੀ ਖਿਡਾਰੀ ਨੂੰ ਜੰਮੂ ਪੁਲਿਸ ਨੇ ਗ੍ਰਿਫਤਾਰ ਕੀਤਾ ਜੋ ਨਕਲੀ ਡੀਐਸਪੀ ਬਣ ਕੇ ਉੱਥੇ ਘੁੰਮ ਰਿਹਾ ਸੀ ਜਿਸ ਦੇ ਨਾਲ ਉਸ ਦਾ ਇੱਕ ਸਾਥੀ ਨੌਜਵਾਨ ਵੀ ਸੀ। ‌ ਪ੍ਰਾਪਤ ਜਾਣਕਾਰੀ ਅਨੁਸਾਰ ‌ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਦੋਰਾਹਾ ਥਾਣੇ ਦੇ ਤਹਿਤ ਆਉਂਦੇ ਪਿੰਡ ਕੱਦੋਂ ਦੇ ਵਸਨੀਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਰਨਵੀਰ ਸ਼ਰਮਾ ਨੂੰ ਜੰਮੂ ਪੁਲਿਸ ਨੇ ਗ੍ਰਿਫਤਾਰ ਕੀਤਾ। ‌ ਜੋ ਉਥੋਂ ਦੇ ਨਹਿਰੂ ਪਾਰਕ ਵਿੱਚ ਨਕਲੀ ਡੀਐਸਪੀ ਬਣ ਕੇ ਘੁੰਮ ਰਿਹਾ ਸੀ। ਪੁਲਿਸ ਮੁਲਾਜ਼ਮਾਂ ਨੂੰ ਦੋਵਾਂ ਮੁਲਜ਼ਮਾਂ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ,ਦੋਵੇਂ ਪੁਲਿਸ ਦੀ ਵਰਦੀ ਵਿੱਚ ਸਨ। ‌ਪੁਲਿਸ ਨੇ ਜਦ ਦੋਵਾਂ ਦੀ ਪੁੱਛਗਿਛ ਕੀਤੀ ਤਾਂ ਦੋਵਾਂ ਨੇ ਪਹਿਲਾਂ ਤਾਂ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਿਆ ਪਰ ਜਦੋਂ ਉਨ੍ਹਾਂ ਕੋਲੋਂ ਉਨ੍ਹਾਂ ਦੇ ਸ਼ਨਾਖਤੀ ਕਾਰਡ ਅਤੇ ਹੋਰ ਦਸਤਾਵੇਜ਼ ਮੰਗੇ ਗਏ ਤਾਂ ਉਨ੍ਹਾਂ ਨੇ ਆਪਾ-ਵਿਰੋਧੀ ਬਿਆਨ ਦੇਣੇ ਸ਼ੁਰੂ ਕਰ ਦਿੱਤੇ, ਇਸ ਤੋਂ ਬਾਅਦ ਦੋਵਾਂ ਨੂੰ ਨਹਿਰੂ ਪਾਰਕ ਥਾਣੇ ਲਿਜਾਇਆ ਗਿਆ। ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।‌‌ ‌ਦੋਰਾਹਾ ਥਾਣੇ ਵਿੱਚ ਕਰਨਵੀਰ ਸ਼ਰਮਾ ‘ਤੇ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ ਜਦੋਂ ਉਸਨੇ ਆਪ ਹੀ ਆਪਣੇ ਆਪ ਨੂੰ ਕਿਸੇ ਹੋਰ ਤੋਂ ਫਿਰੌਤੀ ਸਬੰਧੀ ਫੋਨ ਕਰਵਾਇਆ ਸੀ ਅਤੇ ਧਮਕੀਆਂ ਦੀ ਸ਼ਿਕਾਇਤ ਕੀਤੀ ਸੀ, ਉਦੋਂ ਉਸ ਮਾਮਲੇ ਦੀ ਪੜ੍ਹਤਾਲ ਖੰਨਾ ਸੀਆਈ ਏ ਨੇ ਕੀਤੀ ਸੀ ਅਤੇ ਸਾਹਮਣੇ ਆਇਆ ਸੀ ਕਿ ਕਰਨਵੀਰ ਨੇ ਪੁਲਿਸ ਗੰਨਮੈਨ ਲੈਣ ਲਈ ਹੀ ਫਿਰੌਤੀ ਲਈ ਫੋਨ ਆਉਣ ਅਤੇ ਧਮਕੀਆਂ ਮਿਲਣ ਦਾ ਡਰਾਮਾ ਕੀਤਾ ਸੀ। ਉਸ ਮਾਮਲੇ ਵਿੱਚ ਵੀ ਕਰਨਵੀਰ ‘ਤੇ ਦੋਰਾਹਾ ਥਾਣੇ ਵਿੱਚ ਮੁਕੱਦਮਾ ਦਰਜ ਹੈ। ਦੂਜੇ ਪਾਸੇ ਪਾਇਲ ਦੇ ਡੀਐਸਪੀ ਨਿਖਿਲ ਗਰਗ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੰਮੂ ਪੁਲਿਸ ਜੋ ਵੀ ਜਾਣਕਾਰੀ ਮੰਗੇਗੀ ਉਹ ਦਿੱਤੀ ਜਾਵੇਗੀ ਅਤੇ ਜਾਂਚ ਵਿੱਚ ਪੰਜਾਬ ਪੁਲਿਸ ਪੂਰਾ ਸਹਿਯੋਗ ਕਰੇਗੀ।

error: Content is protected !!