ਚੰਡੀਗੜ੍ਹ,12 ਅਗਸਤ, Gee98 news service
-ਪੰਜਾਬ ‘ਚ ਅਪਰਾਧੀਆਂ ਦੀ ਗਿਣਤੀ ਵਿੱਚ ਵਾਧਾ ਹੋਣ ਦੇ ਚਿੰਤਾਜਨਕ ਤੱਥ ਸਾਹਮਣੇ ਆ ਰਹੇ ਹਨ। ਸੂਬੇ ਦੀਆਂ ਜੇਲ੍ਹਾਂ ਵਿੱਚ ਅਪਰਾਧੀਆਂ ਨੂੰ ਰੱਖਣ ਲਈ ਜਗ੍ਹਾ ਦੀ ਘਾਟ ਰੜਕਣ ਲੱਗੀ ਹੈ। ਲੁਧਿਆਣਾ ਦੀ ਕੇਂਦਰੀ ਜੇਲ੍ਹ ਕੈਦੀਆਂ ਹਵਾਲਾਤੀਆਂ ਨਾਲ ਪੂਰੀ ਭਰ ਚੁੱਕੀ ਹੈ। ਕੇਂਦਰੀ ਜੇਲ੍ਹ ਲੁਧਿਆਣਾ 31 ਅਕਤੂਬਰ ਤੱਕ ਹੋਰ ਕੈਦੀਆਂ ਨੂੰ ਰੱਖਣ ਤੋਂ ਇਨਕਾਰ ਕਰਦੇ ਹੋਏ ਲੁਧਿਆਣਾ ਸ਼ਹਿਰੀ, ਖੰਨਾ, ਲੁਧਿਆਣਾ ਦਿਹਾਤੀ ਅਤੇ ਹੋਰ ਜ਼ਿਲ੍ਹਿਆਂ ਦੀ ਪੁਲਿਸ ਨੂੰ ਮੁਲਜ਼ਮਾਂ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਨਾ ਭੇਜਣ ਲਈ ਪੱਤਰ ਭੇਜੇ ਹਨ। ਸੂਤਰਾਂ ਅਨੁਸਾਰ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ 3200 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ ਪ੍ਰੰਤੂ ਇੱਥੇ ਪਹਿਲਾਂ ਹੀ 4700 ਦੇ ਕਰੀਬ ਕੈਦੀ ਰੱਖੇ ਹੋਏ ਹਨ। ਕੈਦੀਆਂ ਦੀ ਵੱਧ ਗਿਣਤੀ ਹੋਣ ਕਾਰਨ ਗਰਮੀ ਦੇ ਮੌਸਮ ਵਿੱਚ ਕਈ ਸਮੱਸਿਆਵਾਂ ਵੀ ਖੜੀਆਂ ਹੋ ਰਹੀਆਂ ਹਨ, ਜਿਸ ਕਰਕੇ ਕੇਂਦਰੀ ਜੇਲ੍ਹ ਨੇ ਹੋਰ ਕੈਦੀ ਹਵਾਲਾਤੀ ਰੱਖਣ ਤੋਂ ਨਾਂਹ ਕਰ ਦਿੱਤੀ ਹੈ। ਇਹ ਵੀ ਹੈਰਾਨੀਜਨਕ ਹੈ ਅਤੇ 4700 ਦੇ ਕਰੀਬ ਕੈਦੀਆਂ ਹਵਾਲਾਤੀਆਂ ‘ਤੇ ਨਜ਼ਰ ਰੱਖਣ ਲਈ ਜੇਲ੍ਹ ਦੇ ਕੋਲ ਸਿਰਫ਼ 110 ਗਾਰਡ ਹੀ ਹਨ, ਅਜਿਹੇ ਹਾਲਾਤਾਂ ‘ਚ ਕੇਂਦਰੀ ਜੇਲ੍ਹ ਲੁਧਿਆਣਾ ਦੇ ਅੰਦਰੂਨੀ ਸੁਰੱਖਿਆ ਹਾਲਾਤਾਂ ਦਾ ਜਾਇਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਵਿੱਚ ਇਸ ਗੱਲ ਦਾ ਰੋਸ ਹੈ ਕਿ ਉਹਨਾਂ ਨੂੰ ਗੋਇੰਦਵਾਲ ਸਾਹਿਬ ਜਾਣ ਲਈ 110 ਕਿਲੋਮੀਟਰ ਦਾ ਵਾਧੂ ਸਫਰ ਤੈਅ ਕਰਕੇ ਜਾਣਾ ਪਵੇਗਾ। ਜੇਲ ਪ੍ਰਸ਼ਾਸਨ ਦਾ ਤਰਕ ਹੈ ਕਿ 31 ਅਕਤੂਬਰ ਤੱਕ ਹੋਰ ਕੈਦੀਆਂ ਨੂੰ ਨਾ ਲਿਜਾਣ ਦੇ ਕਦਮ ਨਾਲ ਸੰਤੁਲਨ ਬਣਾਉਣ ਵਿੱਚ ਮਦਦ ਮਿਲੇਗੀ ਕਿਉਂਕਿ 31 ਅਕਤੂਬਰ ਤੱਕ ਕੁਝ ਕੈਦੀਆਂ ਨੂੰ ਜ਼ਮਾਨਤ ਮਿਲ ਜਾਵੇਗੀ ਅਤੇ ਉਹ ਹੋਰ ਕੈਦੀਆਂ ਹਵਾਲਾਤੀਆਂ ਨੂੰ ਰੱਖ ਸਕਣਗੇ। ਇਹ ਹਾਲਾਤ ਸਿਰਫ਼ ਕੇਂਦਰੀ ਜੇਲ੍ਹ ਲੁਧਿਆਣਾ ਦੇ ਹੀ ਨਹੀਂ ਹਨ ਸਗੋਂ ਸੂਬੇ ਦੀਆਂ ਲੱਗਭੱਗ ਸਾਰੀਆਂ ਜੇਲ੍ਹਾਂ ਵਿੱਚ ਸਮਰੱਥਾ ਤੋਂ ਵੱਧ ਕੈਦੀ ਹਵਾਲਾਤੀ ਰੱਖੇ ਹੋਏ ਹਨ। ਪੰਜਾਬ ਦੀਆਂ ਜੇਲ੍ਹਾਂ ਵਿੱਚ ਲੜਾਈ ਝਗੜੇ ਕਤਲੋਗਾਰਤ ਵਰਗੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ। ਸੂਬੇ ਦੀ ਕੋਈ ਵੀ ਸਰਕਾਰ ਜੇਲ੍ਹਾਂ ਦੇ ਹਾਲਾਤ ਸੁਧਾਰਨ ਵਿੱਚ ਸਫਲ ਨਹੀਂ ਹੋ ਸਕੀ ਜਾਂ ਫਿਰ ਇਹਨਾਂ ਹਾਲਾਤਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ।