-ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤੇ ਹੁਕਮ ਜਾਰੀ
ਬਰਨਾਲਾ,29 ਅਗਸਤ (ਨਿਰਮਲ ਸਿੰਘ ਪੰਡੋਰੀ)-
-ਜ਼ਿਲ੍ਹੇ ਦੇ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਅਤੇ ਕਰਮਚਾਰੀਆਂ ‘ਤੇ ਆਪਣੇ ਮੋਬਾਈਲ ਦੀ ਨਿੱਜੀ ਕੰਮਾਂ ਲਈ ਵਰਤੋਂ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਬਰਨਾਲਾ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਵੱਲੋਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਮੁਖੀ ਅਧਿਆਪਕਾਂ ਨੂੰ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਕੁਝ ਅਧਿਆਪਕਾਂ/ਕਰਮਚਾਰੀਆਂ ਵੱਲੋਂ ਨਿੱਜੀ ਕੰਮਾਂ ਲਈ ਜਾਂ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਆਦਿ ਦੇਖਣ ਲਈ ਮੋਬਾਈਲ ਦੀ ਵਰਤੋਂ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ ਜਿਸ ਨਾਲ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ ਉੱਥੇ ਵਿਦਿਆਰਥੀਆਂ ਦੇ ਮਨਾਂ ਉੱਪਰ ਮਾੜਾ ਪ੍ਰਭਾਵ ਵੀ ਪੈਂਦਾ ਹੈ। ਜਾਰੀ ਪੱਤਰ ਵਿੱਚ ਸਾਰੇ ਸਕੂਲ ਮੁਖੀਆਂ ਹੁਕਮ ਦਿੱਤੇ ਗਏ ਹਨ ਕਿ ਆਪਣੇ ਅਧੀਨ ਆਉਂਦੇ ਸਾਰੇ ਅਧਿਆਪਕਾਂ/ਕਰਮਚਾਰੀਆਂ ਨੂੰ ਨਿੱਜੀ ਕੰਮਾਂ ਲਈ ਫੋਨ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੀ ਹਦਾਇਤ ਕੀਤੀ ਜਾਵੇ। ਜ਼ਿਲ੍ਹਾ ਸਿੱਖਿਆ ਅਫਸਰ ਦੇ ਪੱਤਰ ਅਨੁਸਾਰ ਅਧਿਆਪਕਾਂ ਤੇ ਕਰਮਚਾਰੀਆਂ ਵੱਲੋਂ ਸਕੂਲ ਸਮੇਂ ਦੇ ਦੌਰਾਨ ਨਿੱਜੀ ਕੰਮਾਂ ਲਈ ਜਾਂ ਸ਼ੋਸ਼ਣ ਮੀਡੀਆ ‘ਤੇ ਵੀਡੀਓਜ਼ ਆਦਿ ਵੇਖਣ ਲਈ ਹੁਣ ਮੋਬਾਈਲ ਫੋਨ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਵੇਖਣਯੋਗ ਹੋਵੇਗਾ ਕਿ ਸਕੂਲ ਮੁਖੀ ਅਤੇ ਅਧਿਆਪਕ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਦਿੱਤੇ ਇਹਨਾਂ ਹੁਕਮਾਂ ਉੱਪਰ ਕਿੰਨਾ ਕੁ ਸੰਜੀਦਗੀ ਨਾਲ ਅਮਲ ਕਰਦੇ ਹਨ।
