Gee 98News

…ਅੱਗ ਲੱਗੀ ਜਗਰਾਵੀਂ, ਧੂੰਆਂ ਨਿਕਲੇ ਬੋਪਾਰਾਵੀਂ… ਗਿੱਦੜਬਾਹਾ ‘ਚ‌ ਵਾਪਰੇ ਸਿਆਸੀ ਘਟਨਾਕ੍ਰਮ ਦਾ ਸੇਕ ਬਰਨਾਲੇ ਵੀ ਪੁੱਜਿਆ

ਬਰਨਾਲਾ,30 ਅਗਸਤ (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ ਵਾਪਰੇ ਵੱਡੇ ਸਿਆਸੀ ਘਟਨਾਕ੍ਰਮ ਨੇ ਪੰਜਾਬ ‘ਚ ਜਿਮਨੀ ਚੋਣਾਂ ਦੀਆਂ ਸਰਗਰਮੀਆਂ ਵੱਲ ਇੱਕ ਵਾਰੀ ਫੇਰ ਧਿਆਨ ਖਿੱਚਿਆ ਹੈ। ਉੰਝ ਭਾਵੇਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ‘ਚ ਜ਼ਿਮਨੀ ਚੋਣਾਂ ਦਾ ਐਲਾਨ ਅਜੇ ਨਹੀਂ ਕੀਤਾ ਪ੍ਰੰਤੂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਆਪੋ ਆਪਣੇ ਪੱਧਰ ‘ਤੇ ਇਹ ਚੋਣਾਂ ਜਿੱਤਣ ਲਈ ਸਿਆਸੀ ਜੋੜ ਤੋੜ ਸ਼ੁਰੂ ਕਰ ਦਿੱਤੇ ਹਨ। ਇਸੇ ਲੜੀ ਤਹਿਤ ਗਿੱਦੜਬਾਹਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਹਰਦੀਪ ਸਿੰਘ ਡਿੰਪੀ ਢਿੱਲੋ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਡਿੰਪੀ ਢਿੱਲੋ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪਾਰਟੀ ਵਿੱਚ ਗਿੱਦੜਬਾਹਾ ਪੁੱਜ ਕੇ ਸ਼ਾਮਿਲ ਕੀਤਾ। ਇਸ ਮੌਕੇ ਭਗਵੰਤ ਮਾਨ ਵੱਲੋਂ ਡਿੰਪੀ ਢਿੱਲੋਂ ਨੂੰ ਵੱਡਾ ਮਾਣ ਸਤਿਕਾਰ ਦੇਣ ਦਾ ਸੰਕੇਤ ਦਿੱਤਾ ਗਿਆ ਜਿਸ ਤੋਂ ਮੰਨਿਆ ਜਾ ਰਿਹਾ ਹੈ ਕਿ ਡਿੰਪੀ ਢਿੱਲੋ ਗਿੱਦੜਬਾਹਾ ਤੋਂ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ। ਇਸ ਤੋਂ ਪਹਿਲਾਂ ਜਲੰਧਰ ਜ਼ਿਮਨੀ ਚੋਣ ਵਿੱਚ ਵੀ ਆਮ ਆਦਮੀ ਪਾਰਟੀ ਨੇ ਭਾਜਪਾ ਤੋਂ ਪੱਟ ਕੇ ਉਮੀਦਵਾਰ ਨੂੰ ਟਿਕਟ ਦਿੱਤੀ ਸੀ। ਆਮ ਆਦਮੀ ਪਾਰਟੀ ਵੱਲੋਂ ਆਪਣੇ ਟਕਸਾਲੀ ਆਗੂਆਂ ਨੂੰ ਛੱਡ ਕੇ ਦਲ ਬਦਲੂਆਂ ਨੂੰ ਟਿਕਟਾਂ ਦੇਣ ਦਾ ਰੁਝਾਨ ਵਧ ਰਿਹਾ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ/ਵਰਕਰ ਨਿਰਾਸ਼ਤਾ ਦੇ ਆਲਮ ਵਿੱਚ ਹਨ। ਹੁਣ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਲਈ ਵੀ ਦਲ ਬਦਲੂ ਨੂੰ ਟਿਕਟ ਦੇਣ ਦੇ ਚਰਚੇ ਹਨ ਅਤੇ ਚੱਬੇਵਾਲ ਦੀ ਜ਼ਿਮਨੀ ਚੋਣ ਲਈ ਵੀ ਕਾਂਗਰਸ ਵਿੱਚੋਂ ਆਏ ਰਾਜਕੁਮਾਰ ਚੱਬੇਵਾਲ ਦੇ ਪਰਿਵਾਰਿਕ ਮੈਂਬਰ ਨੂੰ ਟਿਕਟ ਦੇਣ ਦੇ ਚਰਚੇ ਹਨ। ਇਹਨਾਂ ਸਾਰੀਆਂ ਚਰਚਾਵਾਂ ਦਾ ਸੇਕ ਬਰਨਾਲਾ ਵੀ ਪੁੱਜ ਗਿਆ ਹੈ ਜਿੱਥੇ ਆਪ ਦੀ ਟਿਕਟ ‘ਤੇ ਜ਼ਿਮਨੀ ਚੋਣ ਲੜਨ ਦੇ ਚਾਹਵਾਨ ਆਗੂਆਂ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਸਾਫ ਵੇਖੀਆਂ ਜਾ ਸਕਦੀਆਂ ਹਨ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਬਰਨਾਲਾ ਤੋਂ ਪਾਰਟੀ ਦੇ ਸੀਨੀਅਰ ਆਗੂ ਸ਼ਰੇਆਮ ਕਹਿ ਰਹੇ ਹਨ ਕਿ “ਕੋਈ ਪਤਾ ਨਹੀਂ ਭਗਵੰਤ ਮਾਨ ਦਾ ਕਦੋਂ ਕਿਸੇ ਨੂੰ ਕਿੱਥੋਂ ਲਿਆ ਕੇ ਖੜਾ ਕਰ ਦੇਵੇ”। ਉੰਝ ਭਾਵੇਂ ਬਰਨਾਲਾ ਵਿੱਚ ਮੈਂਬਰ ਪਾਰਲੀਮੈਂਟ ਮੀਤ ਹੇਅਰ ਪੱਖ ਮਜ਼ਬੂਤ ਹੋਣ ਕਰਕੇ ਉਸ ਨੂੰ ਅੱਖੋਂ ਪਰੋਖੇ ਕਰਨਾ ਪਾਰਟੀ ਲਈ ਖ਼ਤਰੇ ਤੋਂ ਖਾਲੀ ਨਹੀਂ ਹੋਵੇਗਾ ਪ੍ਰੰਤੂ ਬਰਨਾਲਾ ਜ਼ਿਮਨੀ ਚੋਣ ਲਈ ਟਿਕਟ ਦੇ ਬਹੁਤੇ ਦਾਅਵੇਦਾਰ ਹੋਣ ਕਰਕੇ ਪਾਰਟੀ ਹਾਈਕਮਾਂਡ ਵੱਲੋਂ ਕੋਈ ਹੈਰਾਨੀਜਨਕ ਫੈਸਲਾ ਵੀ ਲਿਆ ਜਾ ਸਕਦਾ ਹੈ। ਚਰਚਾ ਇਹ ਵੀ ਹੈ ਕਿ ਮੀਤ ਹੇਅਰ ਦੇ ਐਮਪੀ ਚੁਣੇ ਤੋਂ ਚੁਣੇ ਜਾਣ ਤੋਂ ਬਾਅਦ ਆਪ ਦੀ ਹਾਈ ਕਮਾਂਡ ਦੇ ਇੱਕ ਵੱਡੇ ਆਗੂ ਨੇ ਅਕਾਲੀ ਦਲ ਦੇ ਬਰਨਾਲਾ ਨਾਲ ਸੰਬੰਧਿਤ ਆਗੂ ‘ਤੇ ਡੋਰੀਆਂ ਪਾਉਣੀਆਂ ਸ਼ੁਰੂ ਵੀ ਕੀਤੀਆਂ ਸਨ ਜਿਸ ਦੀ ਭਿਣਕ ਆਪ ਦੇ ਸਥਾਨਕ ਆਗੂਆਂ ਨੂੰ ਲੱਗੀ ਤੇ ਫਿਰ ਇੱਕ ਯੋਜਨਾਬੱਧ ਤਰੀਕੇ ਨਾਲ ਬਾਹਰਲੇ ਉਮੀਦਵਾਰ ਦੇ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਤਹਿਤ ਬਰਨਾਲਾ ਤੋਂ ਆਪ ਆਗੂ ਸ਼ਰੇਆਮ ਸੋਸ਼ਲ ਮੀਡੀਆ ‘ਤੇ ਹਾਈ ਕਮਾਂਡ ਨੂੰ ਇਹ ਧਮਕੀਆਂ ਤੱਕ ਦੇ ਰਹੇ ਹਨ ਕਿ ਜੇਕਰ ਜ਼ਿਮਨੀ ਚੋਣ ਲਈ ਕੋਈ ਬਾਹਰਲਾ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਗਿਆ ਤਾਂ ਉਹ ਪਾਰਟੀ ਦੇ ਇਸ ਕਦਮ ਦਾ “ਰੀਐਕਸ਼ਨ” ਕਰਨਗੇ। ਦੂਜੇ ਪਾਸੇ ਮੀਤ ਹੇਅਰ ਆਪਣੇ ਇੱਕ ਖਾਸਮ ਖਾਸ ਨੂੰ ਟਿਕਟ ਦੇਣ ਦੀ ਵਕਾਲਤ ਕਰ ਰਹੇ ਹਨ। ਸਿਆਸੀ ਮਾਹਰਾਂ ਅਨੁਸਾਰ ਉੰਝ ਭਾਵੇਂ ਬਰਨਾਲਾ ‘ਚ ਮੀਤ ਹੇਅਰ ਦਾ ਪੱਖ ਮਜ਼ਬੂਤ ਹੈ ਪ੍ਰੰਤੂ ਜੇਕਰ ਪਾਰਟੀ ਹਾਈ ਕਮਾਂਡ ਨੇ ਕੋਈ ਬਾਹਰਲਾ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤਾ ਤਾਂ ਮੀਤ ਹੇਅਰ ਪਾਰਟੀ ਫੈਸਲੇ ਦਾ ਖੁੱਲ ਕੇ ਵਿਰੋਧ ਵੀ ਨਹੀਂ ਕਰ ਸਕਣਗੇ ਕਿਉਂਕਿ ਉਹ ਪਾਰਟੀ ਪਲੇਟਫਾਰਮ ‘ਤੇ ਅਜਿਹੀ ਸਥਿਤੀ ਵਿੱਚ ਅਜੇ ਨਹੀਂ ਹਨ ਅਤੇ ਪਾਰਟੀ ਸੁਪਰੀਮੋ ਕੇਜਰੀਵਾਲ ਦੇ ਜੇਲ੍ਹ ‘ਚ ਬੰਦ ਹੋਣ ਤੋਂ ਬਾਅਦ ਪਾਰਟੀ ‘ਚ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਆਸੀ ਕੱਦ ਹੋਰ ਵੱਡਾ ਹੋਣ ਕਰਕੇ ਮੀਤ ਹੇਅਰ ਲਈ ਇਹ ਕਰਨਾ ਸੰਭਵ ਵੀ ਨਹੀਂ ਹੋਵੇਗਾ। ਇਸ ਦਾ ਟਰੇਲਰ ਮੀਤ ਹੇਅਰ ਤੋਂ ਕੈਬਨਿਟ ਦੇ ਵੱਡੇ ਰੈਂਕ ਵਾਪਸ ਲੈਣ ਮੌਕੇ ਦੇਖਿਆ ਵੀ ਜਾ ਚੁੱਕਾ ਹੈ। ਇਸੇ ਲਈ ਗਿੱਦੜਬਾਹਾ ਵਿੱਚ ਵਾਪਰੇ ਵੱਡੇ ਸਿਆਸੀ ਘਟਨਾਕਰਮ ਤੋਂ ਬਾਅਦ ‌ ਬਰਨਾਲਾ ‘ਚ ਆਪ ਆਗੂਆਂ ‘ਚ ਘੁਸਰ-ਮੁਸਰ ਹੋ ਰਹੀ ਹੈ ਕਿ ਕਿਤੇ ਇੱਥੇ ਵੀ ਡਿੰਪੀ ਢਿੱਲੋ ਵਰਗਾ “ਹੀਰਾ ਬੰਦਾ” ਪੈਦਾ ਨਾ ਹੋ ਜਾਵੇ। ‌

error: Content is protected !!