Gee 98News

20 ਸੀਟਾਂ ਤੋਂ 5 ਸੀਟਾਂ ‘ਤੇ ਹੋ ਗਈ ਰਾਜ਼ੀ… ਹਰਿਆਣਾ ‘ਚ ਕਾਂਗਰਸ ਨਾਲ ਗੱਠਜੋੜ ਲਈ ਤਰਲੋਮੱਛੀ AAP

ਚੰਡੀਗੜ੍ਹ,9 ਸਤੰਬਰ, Gee98 news service
-ਹਰਿਆਣਾ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਰੀਕ ਦੇ ਨੇੜੇ ਆਉਣ ਦੇ ਬਾਵਜੂਦ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਗੱਠਜੋੜ ਸਬੰਧੀ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਸੂਤਰਾਂ ਅਨੁਸਾਰ ਅੱਜ ਗੱਠਜੋੜ ਸਬੰਧੀ ਇੱਕ ਪਾਸਾ ਹੋ ਜਾਵੇਗਾ। ਹਰਿਆਣਾ ਚੋਣਾਂ ਲਈ ਕਾਂਗਰਸ ਆਪ ਨੂੰ ਪੰਜ ਸੀਟਾਂ ਦੇ ਰਹੀ ਹੈ ਅਤੇ ਆਪ ਵੀ ਇਸ ਲਈ ਸਹਿਮਤ ਹੋ ਗਈ ਹੈ ਪ੍ਰੰਤੂ ਹਰਿਆਣਾ ਦੇ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੁਝ ਸੀਨੀਅਰ ਕਾਂਗਰਸੀ ਆਗੂ ਗੱਠਜੋੜ ਦਾ ਵਿਰੋਧ ਕਰ ਰਹੇ ਹਨ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਕਾਂਗਰਸ ਤੋਂ 20 ਸੀਟਾਂ ਦੀ ਮੰਗ ਕੀਤੀ ਸੀ ਪਰ ਹੁਣ ਉਹ ਪੰਜ ਸੀਟਾਂ ‘ਤੇ ਹੀ ਰਾਜ਼ੀ ਹੋ ਗਏ ਹਨ। ਆਪ ਆਗੂਆਂ ਦੇ ਬਿਆਨ ਦਰਸਾ ਰਹੇ ਹਨ ਕਿ ਆਮ ਆਦਮੀ ਪਾਰਟੀ ਹਰਿਆਣਾ ‘ਚ ਕਾਂਗਰਸ ਨਾਲ ਗੱਠਜੋੜ ਕਰਨ ਲਈ ਤਰਲੋਮੱਛੀ ਹੋ ਰਹੀ ਹੈ, ਜਿਵੇਂ ਕਿ ਆਪ ਦੇ ਰਾਜਸਭਾ ਮੈਂਬਰ ਅਤੇ ਸਕੱਤਰ ਜਨਰਲ ਸੰਦੀਪ ਪਾਠਕ ਨੇ ਕਿਹਾ ਕਿ ਜੋ ਸਾਨੂੰ ਕਮਜ਼ੋਰ ਸਮਝੇਗਾ ਉਹ ਭਵਿੱਖ ਵਿਚ ਖੁਦ ਪਛਤਾਏਗਾ। ਕਾਂਗਰਸੀ ਲੀਡਰਸ਼ਿਪ ਡਾ ਸੰਦੀਪ ਪਾਠਕ ਦੇ ਬਿਆਨ ਨੂੰ ਕਾਂਗਰਸ ’ਤੇ ਦਬਾਅ ਬਣਾਉਣ ਦੇ ਰੂਪ ਵਿਚ ਦੇਖ ਰਹੇ ਹਨ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪ ਨਾਲ ਗੱਠਜੋੜ ਦੇ ਮੁੱਦੇ ’ਤੇ ਕਿਹਾ ਕਿ ਇਸ ਸਬੰਧੀ ਫੈਸਲਾ ਹਾਈਕਮਾਨ ਨੇ ਕਰਨਾ ਹੈ, ਪਰ ਉਹ ਨਿੱਜੀ ਤੌਰ ’ਤੇ ਆਪ ਨਾਲ ਗੱਠਜੋੜ ਦੇ ਖਿਲਾਫ ਹਨ। ਇਸੇ ਤਰ੍ਹਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਸਮੇਤ ਹੋਰ ਸੀਨੀਅਰ ਆਗੂ ਵੀ ਗੱਠਜੋੜ ਦਾ ਵਿਰੋਧ ਕਰ ਰਹੇ ਹਨ। ਇਹ ਵੀ ਅਹਿਮ ਗੱਲ ਹੈ ਕਿ ਕਾਂਗਰਸ ਹਾਈਕਮਾਨ ਨੇ ਕੁੱਲ 90 ਸੀਟਾਂ ਵਿਚੋਂ 32 ਸੀਟਾਂ ’ਤੇ ਉਮੀਦਵਾਰ ਐਲਾਨ ਦਿੱਤੇ ਹਨ। ਕਾਗਜ਼ ਭਰਨ ਦੀ ਆਖ਼ਰੀ ਤਾਰੀਖ 12 ਸਤੰਬਰ ਹੈ। ਹਰਿਆਣਾ ‘ਚ ਗਠਜੋੜ ਲਈ 20 ਸੀਟਾਂ ਤੋਂ 5 ਸੀਟਾਂ ਤੱਕ ਰਾਜ਼ੀ ਹੋਣ ਵਾਲੀ ਆਮ ਆਦਮੀ ਪਾਰਟੀ ਕਿਸੇ ਵੀ ਹਾਲਤ ਵਿੱਚ ਕਾਂਗਰਸ ਨਾਲ ਗੱਠਜੋੜ ਕਰਨ ਲਈ ਤਿਆਰ ਹੈ।

error: Content is protected !!