Skip to main content

Gee 98News

ਬਰਨਾਲਾ ਜ਼ਿਮਨੀ ਚੋਣ : ਇੱਕ ਸਾਬਕਾ ਪੁਲਿਸ ਅਫ਼ਸਰ ਦੀ ‘ਸਿਆਸੀ ਰੇਡ’ ਤੋਂ ਕਾਂਗਰਸੀ ਔਖੇ…!

ਬਰਨਾਲਾ,11 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਦਿਲਚਸਪ ਹੋਵੇਗੀ। ਚੋਣ ਦੇ ਐਲਾਨ ਤੋਂ ਪਹਿਲਾਂ ਹੀ ਹਲਕੇ ‘ਚ ਬਣ ਰਹੇ ਸਿਆਸੀ ਹਾਲਾਤ ਦੱਸ ਰਹੇ ਨੇ ਕਿ ਇੱਥੇ ਟੱਕਰ ਪੂਰੀ ਸਖ਼ਤ ਹੋ ਸਕਦੀ ਹੈ। ‌ ਅਕਸਰ ਵੇਖਿਆ ਗਿਆ ਕਿ ਜ਼ਿਮਨੀ ਚੋਣ ਦੀ ਟਿਕਟ ਲਈ ਸੱਤਾਧਾਰੀ ਪਾਰਟੀ ਵਿੱਚ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਖਿੱਚੋਤਾਣ ਜ਼ਿਆਦਾ ਹੁੰਦੀ ਹੈ ਪ੍ਰੰਤੂ ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵਿਰੋਧੀ ਪਾਰਟੀ ਕਾਂਗਰਸ ਦੀ ਟਿਕਟ ਪ੍ਰਾਪਤੀ ਲਈ ਵੀ ਦਾਅਵੇਦਾਰਾਂ ਵੱਲੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਕਾਂਗਰਸ ਵੱਲੋਂ ਟਿਕਟ ਦੇ ਮੁੱਖ ਦਾਅਵੇਦਾਰ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਤਾਂ ਹਲਕੇ ਵਿੱਚ “ਮੇਰਾ ਬਰਨਾਲਾ ਮੇਰਾ ਪਰਿਵਾਰ” ਦੇ ਇਸ਼ਤਿਹਾਰ ਲਗਾ ਕੇ ਪਾਰਟੀ ਹਾਈ ਕਮਾਂਡ ਨੂੰ ਸੰਕੇਤ ਦੇ ਦਿੱਤਾ ਹੈ ਕਿ ਉਹਨਾਂ ਨੇ ਜ਼ਿਮਨੀ ਚੋਣ ਲੜਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਅਨੁਸਾਰ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਾਲਾ ਢਿੱਲੋਂ ਦੇ ਮੋਢਿਆਂ ‘ਤੇ ਹੱਥ ਰੱਖਿਆ ਹੋਇਆ ਹੈ। ਜੇਕਰ ਸੱਤਾਧਾਰੀ ਪਾਰਟੀ ਦੀ ਗੱਲ ਕਰੀਏ ਤਾਂ ਸੱਤਾਧਾਰੀ ਆਗੂ ਟਿਕਟ ਪ੍ਰਾਪਤੀ ਲਈ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਲੱਗੇ ਹੋਏ ਹਨ ਉਥੇ ਦੂਜੇ ਪਾਸੇ ਕਾਲਾ ਢਿੱਲੋ ਲੰਘੇ ਸਮੇਂ ‘ਚ ਕਾਂਗਰਸ ਪਾਰਟੀ ਦੇ ਖਿੰਡਰੇ ਵਰਕਰਾਂ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਹੈ। ਇਹ ਵੀ ਵੇਖਿਆ ਜਾ ਰਿਹਾ ਕਿ ਕਾਲਾ ਢਿੱਲੋ ਦੀ ਮਿਹਨਤ ਸਦਕਾ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਗਏ ਵਰਕਰ ਘਰ ਵਾਪਸੀ ਕਰ ਰਹੇ ਹਨ। ‌ ਜ਼ਿਮਨੀ ਚੋਣ ਲਈ ਕਾਂਗਰਸ ਦੀ ਟਿਕਟ ਪ੍ਰਾਪਤੀ ਲਈ ਇੱਕ ਹੋਰ ਪੱਖ ਵੀ ਸਾਹਮਣੇ ਆ ਰਿਹੈ ,ਉਹ ਹੈ ਇੱਕ ਸਾਬਕਾ ਪੁਲਿਸ ਅਫ਼ਸਰ ਵੱਲੋਂ ਆਪਣੇ ਪੱਧਰ ‘ਤੇ ਸ਼ਹਿਰ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ। ਸੂਤਰਾਂ ਅਨੁਸਾਰ ਇਸ ਸਾਬਕਾ ਪੁਲਿਸ ਅਫ਼ਸਰ ਦੇ ਨਾਲ ਸੰਗਰੂਰ ਵਾਲੇ ਸਾਬਕਾ ਕਾਂਗਰਸੀ ਮੰਤਰੀ ਨੇ ਵੀ ਹੱਥ ਮਿਲਾਇਆ ਹੋਇਆ ਹੈ। ਕਾਂਗਰਸ ਦੀ ਟਿਕਟ ਲਈ ਸਾਬਕਾ ਪੁਲਿਸ ਅਫ਼ਸਰ ਦੀ ਚੋਣਾਂ ਦੇ ਨੇੜੇ ਆ ਕੇ ਬਰਨਾਲਾ ‘ਚ ਪਈ ਸਿਆਸੀ ਰੇਡ ਤੋਂ ਕਾਂਗਰਸ ਦੇ ਟਕਸਾਲੀ ਆਗੂ ਅਤੇ ਵਰਕਰ ਔਖੇ ਹਨ। ਇਸ ਸਾਬਕਾ ਪੁਲਿਸ ਅਫ਼ਸਰ ਦੀਆਂ ਮੀਟਿੰਗਾਂ ਤੋਂ ਜਿੱਥੇ ਟਕਸਾਲੀ ਆਗੂਆਂ ਵਰਕਰਾਂ ਨੇ ਦੂਰੀ ਬਣਾ ਕੇ ਰੱਖੀ ਹੋਈ ਹੈ, ਉੱਥੇ ਦੂਜੇ ਪਾਸੇ ਇਹ ਸਾਬਕਾ ਪੁਲਿਸ ਅਫ਼ਸਰ ਨੇ ਸ਼ਹਿਰ ਦੇ ਕੁਝ ਕਾਰੋਬਾਰੀਆਂ ‘ਤੇ ਵੱਡੀ ਟੇਕ ਰੱਖੀ ਹੋਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਸਾਬਕਾ ਪੁਲਿਸ ਅਫਸਰ ਦੀਆਂ ਇਹ ਵੀ ਗਿਣਤੀਆਂ ਮਿਣਤੀਆਂ ਨੇ ਕਿ ਜੇਕਰ ਭਾਜਪਾ ਦੀ ਟਿਕਟ ਕੇਵਲ ਸਿੰਘ ਢਿੱਲੋਂ ਨੂੰ ਮਿਲਦੀ ਹੈ ਤਾਂ ਢਿੱਲੋਂ ਦਾ ਵਿਰੋਧੀ ਧੜਾ ਇਸ ਦੀ ਮਦਦ ਕਰੇਗਾ। ਬਹਰਹਾਲ ! ਰਾਜਨੀਤੀ ਇੱਕ ਅਜਿਹਾ ਖੇਡ ਹੈ ਜਿਸ ਵਿੱਚ ਕੀਹਦੇ ਸਿਰ ਕਦੋਂ ਗੋਲ ਹੋ ਜਾਵੇ ਕੋਈ ਪਤਾ ਨਹੀਂ ਲੱਗਦਾ ਪ੍ਰੰਤੂ ਮੌਜੂਦਾ ਹਾਲਾਤਾਂ ਵਿੱਚ ਜ਼ਿਮਨੀ ਚੋਣ ਦੀ ਟਿਕਟ ਦਾ ਫੈਸਲਾ ਕਰਦੇ ਹੋਏ ਕਾਂਗਰਸ ਲਈ ਕਾਲਾ ਢਿੱਲੋਂ ਨੂੰ ਅੱਖੋਂ ਪਰੋਖੇ ਕਰਨਾ ਇੱਕ ਵੱਡਾ ਸਿਆਸੀ ਜੂਆ ਹੋਵੇਗਾ।

error: Content is protected !!