Gee 98News

ਮੁਲਾਜ਼ਮ ਆਗੂਆਂ ‘ਚ ਰੋਸ…ਟਿੱਚਰਾਂ ਕਰ ਰਹੇ ਨੇ ਮੁੱਖ ਮੰਤਰੀ, ਮੌਕੇ ‘ਤੇ ਕੀਤੀ ਮੀਟਿੰਗ ਰੱਦ…!

ਚੰਡੀਗੜ੍ਹ,12 ਸਤੰਬਰ, Gee98 news service
-ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਮੀਟਿੰਗਾਂ ਕਰਨ ਦੇ ਮਾਮਲੇ ‘ਚ ਵਾਰ ਵਾਰ ਮਜ਼ਾਕ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝੇ ਫਰੰਟ ਨੂੰ ਦਿੱਤੀ 12 ਸਤੰਬਰ ਦੀ ਮੀਟਿੰਗ ਇੱਕ ਵਾਰ ਫਿਰ ਰੱਦ ਕਰ ਦਿੱਤੀ ਗਈ। ਫਰੰਟ ਦੇ ਆਗੂਆਂ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਦੱਸਿਆ ਗਿਆ ਕਿ ਮੁੱਖ ਮੰਤਰੀ ਦੇ ਜ਼ਰੂਰੀ ਰੁਝੇਵਿਆਂ ਦੇ ਕਾਰਨ ਮੀਟਿੰਗ ਦਾ ਸਥਾਨ ਬਦਲ ਦਿੱਤਾ ਗਿਆ ਹੈ ਅਤੇ ਇਹ ਮੀਟਿੰਗ ਵਿੱਤ ਅਤੇ ਯੋਜਨਾ ਭਵਨ ‘ਚ ਸਬ ਕਮੇਟੀ ਨਾਲ ਹੋਵੇਗੀ ਪ੍ਰੰਤੂ ਦੂਜੇ ਪਾਸੇ ਫਰੰਟ ਨੇ ਸਰਕਾਰ ਵਿੱਚ ਬੇਵਿਸ਼ਵਾਸੀ ਪ੍ਰਗਟਾਉਂਦਿਆਂ 12 ਸਤੰਬਰ ਨੂੰ ਵਿੱਤ ਤੇ ਯੋਜਨਾ ਭਵਨ ਸੈਕਟਰ 33 ਵਿੱਚ ਹੋਣ ਵਾਲੀ ਮੀਟਿੰਗ ਵਿੱਚ ਨਾ ਜਾਣ ਦਾ ਐਲਾਨ ਕਰ ਦਿੱਤਾ ਹੈ। ਫਰੰਟ ਦੇ ਕਨਵੀਨਰ ਕਰਮ ਸਿੰਘ ਧਨੋਆ, ਜਸਵੀਰ ਸਿੰਘ ਤਲਵਾੜਾ, ਬਾਜ ਸਿੰਘ ਖਹਿਰਾ ਨੇ ਕਿਹਾ ਕਿ ਫਰੰਟ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਦੇ ਮੱਦੇਨਜ਼ਰ ਹਰ ਵਾਰ ਮੁੱਖ ਮੰਤਰੀ ਨਾਲ ਮੀਟਿੰਗਾਂ ਦਾ ਸਮਾਂ ਮਿਲਣ ‘ਤੇ ਆਸਵੰਦ ਹੋ ਜਾਂਦੇ ਹਨ ਪਰ ਮਗਰੋਂ ਕੋਈ ਨਾ ਕੋਈ ਹਵਾਲਾ ਦੇ ਕੇ ਮੀਟਿੰਗ ਅੱਗੇ ਪਾ ਦਿੱਤੀ ਜਾਂਦੀ ਹੈ ਅਤੇ ਜਾਂ ਫਿਰ ਸਮਾਂ ਤੇ ਸਥਾਨ ਬਦਲ ਦਿੱਤੇ ਜਾਂਦੇ ਹਨ। ਦੱਸ ਦੇਈਏ ਕਿ ਮੁੱਖ ਮੰਤਰੀ ਦੇ ਓਐਸਡੀ ਨਵਰਾਜ ਬਰਾੜ ਵੱਲੋਂ 3 ਸਤੰਬਰ ਨੂੰ ਮਟਕਾ ਚੌਂਕ ‘ਚ ਫਰੰਟ ਦੀ ਰੋਸ ਰੈਲੀ ਦੌਰਾਨ ਅੱਜ ਦੀ ਮੀਟਿੰਗ ਦਿੱਤੀ ਗਈ ਸੀ। ਆਗੂਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਵੱਲੋਂ ਅੱਠ ਮੀਟਿੰਗਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੂਬਾ ਕਨਵੀਨਰ ਵਰਿੰਦਰ ਸਿੰਘ ਮੋਮੀ, ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਮੋਰਚਾ ਦੇ ਕਨਵੀਨਰ ਸਤੀਸ਼ ਰਾਣਾ, ਸੀਪੀਐੱਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ, 3704-ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਨਹੀਂ ਹੈ ਅਤੇ ਮੁੱਖ ਮੰਤਰੀ ਜਾਣਬੁੱਝ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਮਜ਼ਾਕ ਕਰ ਰਹੇ ਹਨ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਮੁੱਖ ਮੰਤਰੀ ਦੇ ਵਤੀਰੇ ਦਾ ਨਤੀਜਾ “ਆਪ” ਨੂੰ ਜ਼ਿਮਨੀ ਚੋਣਾਂ ‘ਚ ਭੁਗਤਣਾ ਪਵੇਗਾ। ਫਰੰਟ ਦੇ ਆਗੂਆਂ ਨੇ ਕਿਹਾ ਕਿ ਹੁਣ ਉਹ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਿਨਾਂ ਕਿਸੇ ਹੋਰ ਨਾਲ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਣਗੇ।‌

error: Content is protected !!