Gee 98News

…ਬਾਲੀਵੁੱਡ ਤੇ ਸਾਊਥ ਦੀ ਸੁੰਦਰ ਅਦਾਕਾਰਾ ਨੇ ਤਿੰਨ ਚੋਟੀ ਦੇ IPS ਅਧਿਕਾਰੀ ਖੁੱਡੇਲਾਈਨ ਲਗਵਾਏ

ਚੰਡੀਗੜ੍ਹ,20 ਸਤੰਬਰ, Gee98 news service
-ਬਾਲੀਵੁੱਡ ਤੇ ਸਾਊਥ ਫਿਲਮਾਂ ਦੀ ਮਸ਼ਹੂਰ ਤੇ ਸੁੰਦਰ ਅਦਾਕਾਰਾ ਕਾਦੰਬਰੀ ਜੇਠਵਾਨੀ ਨੇ ਡੀਜੀ ਰੈਂਕ ਦੇ ਤਿੰਨ ਚੋਟੀ ਦੇ ਆਈਪੀਐਸ ਅਧਿਕਾਰੀਆਂ ਨੂੰ ਮੁਅੱਤਲ ਕਰਵਾ ਦਿੱਤਾ ਹੈ। ਇਸ ਮਸ਼ਹੂਰ ਅਦਾਕਾਰਾ ਵੱਲੋਂ ਇਨ੍ਹਾਂ ਤਿੰਨ ਆਈਪੀਐਸ ਅਧਿਕਾਰੀਆਂ ਉੱਪਰ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਤਿੰਨਾਂ ਆਈਪੀਐਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ, ਕਾਦੰਬਰੀ ਦਾ ਦੋਸ਼ ਹੈ ਕਿ ਅਧਿਕਾਰੀਆਂ ਨੇ ਉਸ ਨੂੰ ਡਰਾਇਆ ਧਮਕਾਇਆ ਅਤੇ ਝੂਠੇ ਕੇਸ ਵਿੱਚ 40 ਦਿਨਾਂ ਤੱਕ ਹਿਰਾਸਤ ਵਿੱਚ ਰੱਖਿਆ ਗਿਆ। ਜਿਸ ਤੋਂ ਬਾਅਦ ਆਂਧਰਾ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ‘ਚ ਵੱਡੀ ਕਾਰਵਾਈ ਕਰਦੇ ਹੋਏ ਡੀਜੀ ਰੈਂਕ ਦੇ ਅਧਿਕਾਰੀ ਸਮੇਤ ਤਿੰਨ ਆਈਪੀਐਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮਾਡਲ ਨੇ ਆਪਣੇ ਨਾਲ ਹੋਏ ਸ਼ੋਸ਼ਣ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਬਿਨਾਂ ਜਾਂਚ ਅਤੇ ਠੋਸ ਸਬੂਤ ਦੇ ਗ੍ਰਿਫਤਾਰ ਕੀਤਾ ਗਿਆ ਸੀ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਫਸਾਇਆ ਗਿਆ ਸੀ। ਉਨ੍ਹਾਂ ਦੱਸਿਆ ਵਾਈਐਸਆਰ ਕਾਂਗਰਸ ਪਾਰਟੀ ਦੇ ਨੇਤਾ ਅਤੇ ਫਿਲਮ ਨਿਰਮਾਤਾ ਵਿਦਿਆਸਾਗਰ ਨੇ ਫਰਵਰੀ ਵਿੱਚ ਉਸਦੇ ਖਿਲਾਫ ਧੋਖਾਧੜੀ ਅਤੇ ਜਬਰੀ ਵਸੂਲੀ ਦਾ ਮਾਮਲਾ ਦਰਜ ਕਰਵਾਇਆ ਸੀ। ਕਾਦੰਬਰੀ ਦਾ ਦੋਸ਼ ਹੈ ਕਿ ਇਨ੍ਹਾਂ ਅਧਿਕਾਰੀਆਂ ਨੇ ਵਿਦਿਆਸਾਗਰ ਨਾਲ ਮਿਲ ਕੇ ਉਸ ਨੂੰ ਅਤੇ ਉਸ ਦੇ ਮਾਤਾ-ਪਿਤਾ ਨੂੰ ਪ੍ਰੇਸ਼ਾਨ ਕੀਤਾ ਹੈ। ਉਸ ਨੇ ਅਧਿਕਾਰੀਆਂ ‘ਤੇ ਬਿਨਾਂ ਕਿਸੇ ਨੋਟਿਸ ਦੇ ਉਸ ਨੂੰ ਹਿਰਾਸਤ ‘ਚ ਲੈਣ ਅਤੇ ਜ਼ਲੀਲ ਕਰਨ ਦਾ ਦੋਸ਼ ਲਾਇਆ ਹੈ। ਅਦਾਕਾਰਾ ਕਾਦੰਬਰੀ ਦੇ ਦੋਸ਼ਾਂ ਤੋਂ ਬਾਅਦ ਇਸ ਮਾਮਲੇ ਵਿੱਚ ਸਾਬਕਾ ਇੰਟੈਲੀਜੈਂਸ ਚੀਫ਼ ਪੀ. ਸੀਤਾਰਾਮ ਅੰਜਨੇਯੁਲੂ (ਡੀਜੀ ਰੈਂਕ), ਸਾਬਕਾ ਵਿਜੇਵਾੜਾ ਪੁਲਿਸ ਕਮਿਸ਼ਨਰ ਕ੍ਰਾਂਤੀ ਰਾਣਾ ਟਾਟਾ (ਇੰਸਪੈਕਟਰ ਜਨਰਲ ਰੈਂਕ) ਅਤੇ ਸਾਬਕਾ ਡਿਪਟੀ ਪੁਲਿਸ ਕਮਿਸ਼ਨਰ ਵਿਸ਼ਾਲ ਗੁੰਨੀ (ਸੁਪਰਡੈਂਟ ਰੈਂਕ) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।‌‌ ਕਾਦੰਬਰੀ ਜੇਠਵਾਨੀ ਇੱਕ ਮਾਡਲ ਅਤੇ ਅਦਾਕਾਰਾ ਹੈ। ਉਹ 2015 ਵਿੱਚ ਫੇਮਿਨਾ ਮਿਸ ਗੁਜਰਾਤ ਦਾ ਖਿਤਾਬ ਜਿੱਤ ਚੁੱਕੀ ਹੈ ਅਤੇ ਫੇਮਿਨਾ ਮੈਗਜ਼ੀਨ ਦੀ ਕਵਰ ਗਰਲ ਵੀ ਹੈ। ਕਾਦੰਬਰੀ ਜੇਠਵਾਨੀ ਨੇ ਹਿੰਦੀ, ਤੇਲਗੂ ਅਤੇ ਕੰਨੜ ਫਿਲਮਾਂ ਵਿੱਚ ਕੰਮ ਕੀਤਾ ਹੈ।

error: Content is protected !!