ਚੰਡੀਗੜ੍ਹ, 2 ਚੰਡੀਗੜ੍ਹ, Gee98 news service
-ਰੂਹਾਨੀਅਤ ਦੇ ਮਾਰਗ ‘ਤੇ ਤੋਰਨ ਦਾ ਦਾਅਵਾ ਕਰਨ ਵਾਲੇ ਇੱਕ ਆਸ਼ਰਮ ਸਬੰਧੀ ਮਦਰਾਸ ਹਾਈਕੋਰਟ ਨੇ ਵੱਡਾ ਐਕਸ਼ਨ ਲਿਆ ਹੈ। ਆਸ਼ਰਮ ਦੀ ਕਾਰਗੁਜ਼ਾਰੀ ‘ਤੇ ਹਾਈਕੋਰਟ ਦੀਆਂ ਟਿੱਪਣੀਆਂ ਸਮਾਜ ਦਾ ਵੀ ਧਿਆਨ ਖਿੱਚਦੀਆਂ ਹਨ ਕਿ ਧਰਮ ਦੇ ਨਾਮ ਤੇ ਕੁਝ ਲੋਕ ਖੁਦ ਅਤੇ ਉਨਾਂ ਦੇ ਪਰਿਵਾਰਿਕ ਮੈਂਬਰ ਐਸ਼-ਆਰਾਮ ਦੀ ਜ਼ਿੰਦਗੀ ਜਿਉਂਦੇ ਹਨ ਪ੍ਰੰਤੂ ਆਮ ਲੋਕਾਂ ਨੂੰ ਸੰਨਿਆਸੀ ਬਣਾ ਰਹੇ ਹਨ। ਮਦਰਾਸ ਹਾਈਕੋਰਟ ਵੱਲੋਂ ਕੋਇੰਬਟੂਰ ਦੇ ਥੋਂਡਾਮੁਤੁਰ ਵਿਚ ਈਸ਼ਾ ਫਾਊਂਡੇਸ਼ਨ ਦੇ ਆਸ਼ਰਮ ਦੀ ਤਲਾਸ਼ੀ ਦੇ ਹੁਕਮ ਦਿੱਤੇ ਜਿਸ ਤੋਂ ਬਾਅਦ ਕੋਇੰਬਟੂਰ ਦੇ ਅਸਿਸਟੈਂਟ ਡਿਪਟੀ ਸੁਪਰਡੈਂਟ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿਚ 150 ਪੁਲਿਸ ਅਧਿਕਾਰੀਆਂ ਦੀ ਬਟਾਲੀਅਨ ਨੇ ਸੋਮਵਾਰ ਮਦਰਾਸ ਹਾਈਕੋਰਟ ਵੱਲੋਂ ਫਾਊਂਡੇਸ਼ਨ ਖਿਲਾਫ ਸਾਰੇ ਫੌਜਦਾਰੀ ਮਾਮਲਿਆਂ ਦੀ ਰਿਪੋਰਟ ਮੰਗੇ ਜਾਣ ‘ਤੇ ਇਹ ਪੁਲਿਸ ਐਕਸ਼ਨ ਕੀਤਾ ਅਤੇ ਆਸ਼ਰਮ ਵਿਚ ਰਹਿੰਦੇ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ। ਹਾਈਕੋਰਟ ਨੇ ਉਪਰੋਕਤ ਹੁਕਮ ਰਿਟਾਇਰਡ ਪ੍ਰੋਫੈਸਰ ਡਾ. ਐੱਸ ਕਾਮਰਾਜ ਵੱਲੋਂ ਦਿੱਤੀ ਗਈ ਇਸ ਅਰਜ਼ੀ ਦੀ ਸੁਣਵਾਈ ਕਰਦਿਆਂ ਦਿੱਤਾ ਸੀ ਕਿ ਉਸਦੀਆਂ ਦੋ ਧੀਆਂ ਗੀਤਾ ਕਾਮਰਾਜ (42) ਤੇ ਲਤਾ ਕਾਮਰਾਜ (39) ਨੂੰ ਫਾਊਂਡੇਸ਼ਨ ਵੱਲੋਂ ਕੋਇੰਬਟੂਰ ਵਿਚ ਬੰਦੀ ਬਣਾ ਕੇ ਰੱਖਿਆ ਜਾ ਰਿਹਾ ਹੈ। ਪ੍ਰੋਫੈਸਰ ਨੇ ਕਿਹਾ ਹੈ ਕਿ ਫਾਊਂਡੇਸ਼ਨ ਆਸ਼ਰਮ ਵਿਚ ਮਹਿਲਾਵਾਂ ਦਾ ਬਰੇਨਵਾਸ਼ ਕਰ ਰਹੀ ਹੈ, ਉਨ੍ਹਾਂ ਨੂੰ ਸੰਨਿਆਸਣਾਂ ਬਣਾ ਰਹੀ ਹੈ ਤੇ ਪਰਿਵਾਰਾਂ ਨੂੰ ਮਿਲਣ ਨਹੀਂ ਦਿੰਦੀ। ਕੋਰਟ ਨੇ ਸੁਣਵਾਈ ਦੌਰਾਨ ਈਸ਼ਾ ਫਾਊਂਡੇਸ਼ਨ ਦੇ ਬਾਨੀ ਗੌਡਮੈਨ ਸਦਗੁਰੂ ਵਾਸੂਦੇਵ, ਜਿਸਨੂੰ ਜੱਗੀ ਵਜੋਂ ਜਾਣਿਆਂ ਜਾਂਦਾ ਹੈ, ਦੀ ਆਪਣੀ ਜ਼ਿੰਦਗੀ ਦੇ ਆਪਾ-ਵਿਰੋਧ ‘ਤੇ ਕਿੰਤੂ ਕੀਤਾ। ਜਸਟਿਸ ਐੱਸ ਐੱਮ ਸੁਬਰਾਮਣੀਅਮ ਤੇ ਜਸਟਿਸ ਵੀ ਸ਼ਿਵਗਣਨਮ ਨੇ ਪੁੱਛਿਆ ਕਿ ਸਦਗੁਰੂ ਨੇ ਆਪਣੀ ਧੀ ਤਾਂ ਚੰਗੇ ਘਰ ਵਿਆਹ ਦਿੱਤੀ ਤੇ ਹੋਰਨਾਂ ਮੁਟਿਆਰਾਂ ਨੂੰ ਆਪਣੇ ਕੇਂਦਰਾਂ ਵਿਚ ਮੁੰਡਨ ਕਰਕੇ ਤੇ ਦੀਨ-ਦੁਨੀਆ ਨੂੰ ਭੁਲਾ ਕੇ ਸੰਨਿਆਸਣਾਂ ਵਰਗੀ ਜ਼ਿੰਦਗੀ ਜਿਊਣ ਲਈ ਉਤਸ਼ਾਹਤ ਕਰ ਰਿਹਾ ਹੈ। ਪ੍ਰੋਫੈਸਰ ਕਾਮਰਾਜ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਉਸਦੀ ਵੱਡੀ ਧੀ ਇੰਗਲੈਂਡ ਦੀ ਨਾਮੀ ਯੂਨੀਵਰਸਿਟੀ ਤੋਂ ਮੈਕਟਰੋਨਿਕਸ ਵਿਚ ਪੋਸਟਗ੍ਰੈਜੂਏਟ ਹੈ। ਉਹ 2008 ਵਿਚ ਤਲਾਕ ਤੋਂ ਪਹਿਲਾਂ ਚੰਗੀ ਤਨਖਾਹ ਲੈਂਦੀ ਸੀ। ਤਲਾਕ ਤੋਂ ਬਾਅਦ ਉਹ ਫਾਊਂਡੇਸ਼ਨ ਦੀਆਂ ਯੋਗਾ ਕਲਾਸਾਂ ਵਿਚ ਜਾਣ ਲੱਗੀ। ਛੋਟੀ ਧੀ ਸਾਫਟਵੇਅਰ ਇੰਜੀਨੀਅਰ ਹੈ ਤੇ ਉਹ ਵੀ ਵੱਡੀ ਭੈਣ ਦੇ ਰਾਹ ਤੁਰ ਪਈ ਅਤੇ ਪੱਕੇ ਤੌਰ ‘ਤੇ ਕੇਂਦਰ ਵਿਚ ਰਹਿਣ ਲੱਗੀ। ਪ੍ਰੋਫੈਸਰ ਕਾਮਰਾਜ ਨੇ ਦੋਸ਼ ਲਾਇਆ ਹੈ ਕਿ ਫਾਊਂਡੇਸ਼ਨ ਵਾਲਿਆਂ ਨੇ ਖਾਣੇ ਵਿਚ ਮਿਲਾਵਟ ਕਰਕੇ ਤੇ ਦਵਾਈਆਂ ਆਦਿ ਦੇ ਕੇ ਉਸਦੀਆਂ ਧੀਆਂ ਦੀ ਇਹ ਹਾਲਤ ਕਰ ਦਿੱਤੀ ਹੈ ਕਿ ਉਹ ਪਰਵਾਰ ਤੋਂ ਬੇਮੁੱਖ ਹੋ ਗਈਆਂ ਹਨ। ਪਟੀਸ਼ਨਰ ਨੇ ਕਿਹਾ ਹੈ ਕਿ ਫਾਊਂਡੇਸ਼ਨ ਵਿਚ ਕੰਮ ਕਰ ਰਹੇ ਇਕ ਡਾਕਟਰ ਖਿਲਾਫ ਪੋਕਸੋ (ਬਾਲਾਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਦਾ ਕਾਨੂੰਨ) ਤਹਿਤ ਕੇਸ ਦਰਜ ਹੋਇਆ ਹੈ। ਡਾਕਟਰ ਖਿਲਾਫ ਦੋਸ਼ ਹੈ ਕਿ ਉਸਨੇ ਆਦੀਵਾਸੀ ਸਰਕਾਰੀ ਸਕੂਲ ਵਿਚ ਪੜ੍ਹ ਰਹੀਆਂ 12 ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਹਾਲਾਂਕਿ ਪੋ੍ਰਫੈਸਰ ਕਾਮਰਾਜ ਦੀਆਂ ਦੋਹਾਂ ਧੀਆਂ ਨੇ ਕਿਹਾ ਕਿ ਉਹ ਮਰਜ਼ੀ ਨਾਲ ਈਸ਼ਾ ਵਿਖੇ ਰਹਿ ਰਹੀਆਂ ਹਨ, ਜਸਟਿਸ ਸੁਬਰਾਮਣੀਅਮ ਤੇ ਜਸਟਿਸ ਵੀ ਸ਼ਿਵਗਣਨਮ ਦੀ ਤਸੱਲੀ ਨਹੀਂ ਹੋਈ। ਜਸਟਿਸ ਸ਼ਿਵਗਣਨਮ ਨੇ ਟਿੱਪਣੀ ਕੀਤੀ ਕਿ “ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਵਿਅਕਤੀ ਨੇ ਆਪਣੀ ਧੀ ਵਿਆਹ ਕੇ ਚੰਗੀ ਤਰ੍ਹਾਂ ਵਸਾ ਦਿੱਤੀ, ਉਹ ਦਜਿਆਂ ਦੀਆਂ ਧੀਆਂ ਨੂੰ ਸਿਰ ਮੁੰਡਵਾਉਣ ਤੇ ਸੰਨਿਆਸਣਾਂ ਵਾਲੀ ਜ਼ਿੰਦਗੀ ਜਿਊਣ ਲਈ ਕਿਉ ਉਤਸ਼ਾਹਤ ਕਰ ਰਿਹਾ ਹੈ? ਇੱਥੇ ਸ਼ੱਕ ਪੈਂਦਾ ਹੈ। ਫਾਜ਼ਲ ਜੱਜਾਂ ਨੇ ਧੀਆਂ ਦੇ ਮਨਾਂ ਵਿੱਚ ਆਪਣੇ ਮਾਪਿਆਂ ਪ੍ਰਤੀ ਨਫਰਤ ਦੀ ਗੱਲ ਵੀ ਕੀਤੀ। ਜਸਟਿਸ ਸੁਬਰਾਮਣੀਅਮ ਨੇ ਧੀਆਂ ਨੂੰ ਕਿਹਾ ਕਿ “ਤੁਸੀਂ ਦਾਅਵਾ ਕਰਦੀਆਂ ਹੋ ਕਿ ਰੂਹਾਨੀਅਤ ਦੇ ਰਾਹ ‘ਤੇ ਚੱਲ ਰਹੀਆਂ ਹੋ। ਕੀ ਤੁਸੀਂ ਇਹ ਨਹੀਂ ਸੋਚਦੀਆਂ ਕਿ ਮਾਂਪਿਆਂ ਨੂੰ ਅਣਗੌਲਣਾ ਪਾਪ ਹੈ? ਸ਼ਰਧਾ ਦਾ ਸਿਧਾਂਤ ਹੈ, ਸਾਰਿਆਂ ਨਾਲ ਪਿਆਰ ਕਰੋ ਤੇ ਕਿਸੇ ਨਾਲ ਨਫਰਤ ਨਾ ਕਰੋ, ਪਰ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਵਿਚ ਮਾਪਿਆਂ ਪ੍ਰਤੀ ਕਿੰਨੀ ਨਫਰਤ ਹੈ। ਤੁਸੀਂ ਉਨ੍ਹਾਂ ਨੂੰ ਸਤਿਕਾਰ ਨਾਲ ਸੰਬੋਧਨ ਵੀ ਨਹੀਂ ਕਰ ਰਹੀਆਂ। ਪਟੀਸ਼ਨਰ ਦੇ ਵਕੀਲ ਐੱਮ ਪੁਰਸ਼ੋਤਮਣ ਨੇ ਕਿਹਾ ਕਿ ਬੀਤੇ ਵਿਚ ਵੀ ਈਸ਼ਾ ਫਾਊਂਡੇਸ਼ਨ ਦੇ ਖਿਲਾਫ ਫੌਜਦਾਰੀ ਕੇਸ ਦਰਜ ਹੋਏ ਹਨ। ਇਸਤੋਂ ਸਾਫ ਹੈ ਕਿ ਉਹ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ। ਧੀਆਂ ਦੇ ਬਿਆਨਾਂ ਤੇ ਈਸ਼ਾ ਫਾਊਂਡੇਸ਼ਨ ਦੀਆਂ ਦਲੀਲਾਂ ਦੇ ਬਾਵਜੂਦ ਕੋਰਟ ਨੇ ਐਡੀਸ਼ਨਲ ਪਬਲਿਕ ਪ੍ਰਾਸੀਕਿਊਟਰ ਈ ਰਾਜ ਤਿਲਕ ਨੂੰ 4 ਅਕਤੂਬਰ ਤਕ ਤਫ਼ਸੀਲ ਨਾਲ ਸਥਿਤੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ।









