ਚੰਡੀਗੜ੍ਹ, 5 ਅਕਤੂਬਰ, Gee98 news service
-ਭਾਜਪਾ ਹਾਈ ਕਮਾਂਡ ਨੇ ਭਾਵੇਂ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦਾ ਖੰਡਨ ਕੀਤਾ ਪ੍ਰੰਤੂ ਇਹ ਸੱਚਾਈ ਹੈ ਕਿ ਸੁਨੀਲ ਜਾਖੜ ਦਾ ਅਸਤੀਫਾ ਹਾਈਕਮਾਂਡ ਦੇ ਟੇਬਲ ‘ਤੇ ਪਿਆ ਹੈ। ਭਾਜਪਾ ਹਾਈ ਕਮਾਂਡ ਪੰਜਾਬ ਲਈ ਨਵੇਂ ਪ੍ਰਧਾਨ ਦੀ ਤਲਾਸ਼ ਤੱਕ ਜਾਖੜ ਦੇ ਅਸਤੀਫੇ ਦੀ ਮਨਜ਼ੂਰੀ ਨੂੰ ਲਟਕਾ ਰਹੀ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਕਰਕੇ ਵੀ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੀ ਤਲਾਸ਼ ਲੰਮੀ ਪੈ ਗਈ ਸੀ ਪ੍ਰੰਤੂ ਹੁਣ ਹਰਿਆਣੇ ਚੋਣ ਅਮਲ ਪੂਰਾ ਹੋਣ ਤੋਂ ਬਾਅਦ ਭਾਜਪਾ ਪੰਜਾਬ ਨੂੰ ਨਵਾਂ ਸੂਬਾ ਪ੍ਰਧਾਨ ਦੇ ਸਕਦੀ ਹੈ। ਚਰਚਾ ਇਹ ਵੀ ਹੈ ਕਿ ਪਾਰਟੀ ਦੇ ਕੁਝ ਵੱਡੇ ਆਗੂ ਸੁਨੀਲ ਜਾਖੜ ਨੂੰ ਹੀ ਮਨਾਉਣ ‘ਤੇ ਲੱਗੇ ਹੋਏ ਹਨ ਪ੍ਰੰਤੂ ਜ਼ਿਆਦਾ ਸੰਭਾਵਨਾਵਾਂ ਇਹੀ ਹਨ ਕਿ ਪਾਰਟੀ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਨਵਾਂ ਪ੍ਰਧਾਨ ਨਿਯੁਕਤ ਕਰ ਦੇਵੇਗੀ। ਸੂਬੇ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਦੇ ਅਮਲ ‘ਚ ਭਾਜਪਾ ਹਾਈਕਮਾਂਡ ਦੋ ਪੱਖਾਂ ‘ਤੇ ਵਿਚਾਰ ਕਰ ਰਹੀ ਹੈ ਕਿ ਪੰਜਾਬ ਦਾ ਸੂਬਾ ਪ੍ਰਧਾਨ ਸਿੱਖ ਚਿਹਰਾ ਹੋਵੇ ਜਾਂ ਹਿੰਦੂ ਚਿਹਰਾ ਹੋਵੇ। ਜੇਕਰ ਭਾਜਪਾ ਹਿੰਦੂ ਚਿਹਰੇ ਨੂੰ ਚੁਣੇਗੀ ਤਾਂ ਪੰਜਾਬ ‘ਚ ਪਾਰਟੀ ਕੋਲ ਕਈ ਵੱਡੇ ਹਿੰਦੂ ਚਿਹਰੇ ਹਨ ਜਿਨਾਂ ਦਾ ਆਰਐਸਐਸ ਦਾ ਪਿਛੋਕੜ ਵੀ ਹੈ ਪ੍ਰੰਤੂ ਜੇਕਰ ਸਿੱਖ ਚਿਹਰੇ ਦੀ ਗੱਲ ਕਰੀਏ ਤਾਂ ਪੰਜਾਬ ਭਾਜਪਾ ਦੇ ਕੋਲ ਕੋਈ ਆਪਣਾ ਵੱਡਾ ਸਿੱਖ ਚਿਹਰਾ ਨਹੀਂ ਸਗੋਂ ਦੂਜੀਆਂ ਪਾਰਟੀਆਂ ਚੋਂ ਭਾਜਪਾ ‘ਚ ਆਏ ਕਿਸੇ ਵੱਡੇ ਸਿੱਖ ਆਗੂ ਨੂੰ ਭਾਜਪਾ ਸੂਬਾ ਪ੍ਰਧਾਨ ਬਣਾ ਸਕਦੀ ਹੈ। ਜਾਣਕਾਰੀ ਇਹ ਵੀ ਹੈ ਕਿ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਵੀ ਨਵੀ ਜਿੰਮੇਵਾਰੀ ਲਈ ਆਸਵੰਦ ਹਨ ਅਤੇ ਇੱਕ ਹੋਰ ਸਿੱਖ ਆਗੂ ਦਿਆਲ ਸਿੰਘ ਸੋਢੀ ਦਾ ਨਾਮ ਵੀ ਚੱਲ ਰਿਹਾ ਹੈ। ਬਰਨਾਲਾ ਨਾਲ ਸੰਬੰਧਤ ਕੇਵਲ ਸਿੰਘ ਢਿੱਲੋਂ ਨੂੰ ਜੇਕਰ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਦਿੰਦੀ ਹੈ ਤਾਂ ਕੇਂਦਰ ਦੀ ਸੱਤਾ ‘ਤੇ ਤੀਜੀ ਵਾਰ ਕਾਬਜ਼ ਹੋਣ ਵਾਲੀ ਪਾਰਟੀ ਦੀ ਸੂਬੇ ਦੇ ਵੱਡੀ ਜ਼ਿੰਮੇਵਾਰੀ ਮਿਲਣੀ ਢਿੱਲੋਂ ਦੀ ਵੱਡੀ ਪ੍ਰਾਪਤੀ ਹੋਵੇਗੀ। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਜਲਦੀ ਹੋਣ ਜਾ ਰਹੀਆਂ ਹਨ ਜਿਨਾਂ ਤੋਂ ਪਹਿਲਾਂ ਭਾਜਪਾ ਪੰਜਾਬ ਵਿੱਚ ਨਵੇਂ ਪ੍ਰਧਾਨ ਦੀ ਨਿਯੁਕਤੀ ਕਰ ਸਕਦੀ ਹੈ।










