ਚੰਡੀਗੜ੍ਹ,12 ਅਕਤੂਬਰ, Gee98 news service
-ਪੰਜਾਬ ‘ਚ ਅਮਨ ਕਾਨੂੰਨ ਦੇ ਹਾਲਾਤ ਸਰਕਾਰ ਦੇ ਵੱਸ ਤੋਂ ਬਾਹਰ ਹੁੰਦੇ ਜਾ ਰਹੇ ਹਨ। ਸ਼ੁੱਕਰਵਾਰ ਦੇਰ ਰਾਤ ਲੁਧਿਆਣਾ ਸ਼ਹਿਰੀ ਦੇ ਕਾਂਗਰਸੀ ਪ੍ਰਧਾਨ ਤੇ ਸਾਬਕਾ ਐਮਐਲਏ ਸੰਜੇ ਤਲਵਾੜ ਦੀ ਗੱਡੀ ‘ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਐਮਐਲਏ ਸੰਜੇ ਤਲਵਾੜ ਦੀ ਗੱਡੀ ‘ਤੇ ਫਾਇਰਿੰਗ ਉਸ ਵੇਲੇ ਹੋਈ ਜਦ ਗੱਡੀ ਘਰ ਦੇ ਬਾਹਰ ਖੜੀ ਸੀ ਅਤੇ ਉਹ ਘਰ ਦੇ ਅੰਦਰ ਸਨ। ਸ਼ਨੀਵਾਰ ਸਵੇਰੇ ਵਕਤ ਕਰੀਬ ਨੌ ਕੁ ਵਜੇ ਜਦ ਕਾਂਗਰਸ ਦੇ ਸਾਬਕਾ ਐਮਐਲਏ ਦੇ ਡਰਾਈਵਰ ਤੇ ਗੰਨਮੈਨ ਬਾਹਰ ਜਾਣ ਲਈ ਗੱਡੀ ਦੇ ਕੋਲ ਆਏ ਤਾਂ ਦੇਖਿਆ ਕਿ ਗੱਡੀ ਦਾ ਇੱਕ ਸ਼ੀਸ਼ਾ ਟੁੱਟਿਆ ਹੋਇਆ ਸੀ। ਕਾਂਗਰਸੀ ਆਗੂ ਨੇ ਇਸ ਘਟਨਾ ਨੂੰ ਪਹਿਲਾਂ ਗੰਭੀਰਤਾ ਨਾਲ ਨਹੀਂ ਲਿਆ। ਉਹਨਾਂ ਸੋਚਿਆ ਕਿ ਕਿਸੇ ਨੇ ਪੱਥਰ ਮਾਰ ਕੇ ਤੋੜ ਦਿੱਤਾ ਹੋਣਾ, ਪ੍ਰੰਤੂ ਜਦ ਪੁਲਿਸ ਵਾਲਿਆਂ ਨੇ ਇਸ ਦੀ ਜਾਂਚ ਕੀਤੀ ਤਾਂ ਗੱਡੀ ਦੀ ਸੀਟ ਵਿੱਚ ਧੱਸਿਆ ਹੋਇਆ ਇੱਕ ਕਾਰਤੂਸ ਦਾ ਖਾਲੀ ਖੋਲ ਬਰਾਮਦ ਹੋਇਆ ਜਿਸ ਤੋਂ ਬਾਅਦ ਕਾਂਗਰਸੀ ਸਾਬਕਾ ਐਮਐਲਏ ਦੇ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮੌਕੇ ‘ਤੇ ਪਹੁੰਚੇ ਪੁਲਿਸ ਪਾਰਟੀ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ ਜਿੱਥੇ ਗੱਡੀ ਖੜੀ ਸੀ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਸ਼ਨੀਵਾਰ ਦੇਰ ਰਾਤ 11 ਵਜੇ ਤੋਂ ਸਾਢੇ ਵਜੇ ਤੱਕ ਬੰਦ ਰਹੀ। ਮੰਨਿਆ ਜਾ ਰਿਹਾ ਹੈ ਕਿ ਇਸੇ ਸਮੇਂ ਦੌਰਾਨ ਹੀ ਅਣਪਛਾਤਿਆਂ ਨੇ ਸਾਬਕਾ ਵਿਧਾਇਕ ਦੀ ਗੱਡੀ ‘ਤੇ ਫਾਇਰਿੰਗ ਕੀਤੀ। ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਕਿਹਾ ਕਿ ਉਹ ਇਸੇ ਗੱਡੀ ਵਿੱਚ ਹੀ ਬਾਹਰ ਆਉਂਦੇ ਜਾਂਦੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਕਦੇ ਵੀ ਕੋਈ ਧਮਕੀ ਨਹੀਂ ਮਿਲੀ ਅਤੇ ਕਿਸੇ ਨਾਲ ਉਹਨਾਂ ਦੀ ਕੋਈ ਰੰਜਿਸ਼ ਵੀ ਨਹੀਂ ਹੈ। ਡੀਸੀਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।










