Skip to main content

Gee 98News

ਲੋਕਾਂ ਨੇ ਸਰਪੰਚੀ ਦੇ ਉਮੀਦਵਾਰਾਂ ਨੂੰ ਨਾਕਾਰ ਕੇ NOTA ਨੂੰ ਚੁਣਿਆ.. ਪ੍ਰਸ਼ਾਸਨ ਨੇ ਮਾਮਲਾ ਚੋਣ ਕਮਿਸ਼ਨ ਕੋਲ ਭੇਜਿਆ

ਚੰਡੀਗੜ੍ਹ,17 ਅਕਤੂਬਰ, Gee98 news service
-ਪੰਜਾਬ ਦੇ ਦੋ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦੌਰਾਨ ਸਰਪੰਚ ਦੇ ਉਮੀਦਵਾਰਾਂ ਨਾਲੋਂ ਨੋਟਾ NOTA ਨੂੰ ਵੱਧ ਵੋਟਾਂ ਪੈਣ ਦੀਆਂ ਖ਼ਬਰਾਂ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਬੈਲੇਟ ਪੇਪਰਾਂ ਉੱਪਰ ਸਰਪੰਚਾਂ ਦੇ ਚੋਣ ਨਿਸ਼ਾਨ ਤੋਂ ਇਲਾਵਾ ਨੋਟਾ NOTA (ਕੋਈ ਉਮੀਦਵਾਰ ਪਸੰਦ ਨਹੀਂ) ਦਾ ਨਿਸ਼ਾਨ ਵੀ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵੇਂ ਪਿੰਡਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਨੋਟਾ ਨੂੰ ਵੱਧ ਵੋਟਾਂ ਪੈਣ ਸਬੰਧੀ ਵੱਖ-ਵੱਖ ਫੈਸਲਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੋਧਪੁਰ ਦੇ ਸਰਪੰਚ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੀ ਆਗੂ ਬਲਵਿੰਦਰ ਕੌਰ ਦਾ ਮੁਕਾਬਲਾ ਵਿਰੋਧੀ ਧਿਰ ਦੀ ਉਮੀਦਵਾਰ ਰਾਣੀ ਨਾਲ ਸੀ। ਪਿੰਡ ਦੀਆਂ ਕੁੱਲ 1450 ਵੋਟਾਂ ਸਨ, ਜਿਨਾਂ ਵਿੱਚੋਂ ਬਲਵਿੰਦਰ ਕੌਰ ਨੂੰ 271 ਅਤੇ ਰਾਣੀ ਨੂੰ 247 ਵੋਟ ਮਿਲੇ, ਜਦਕਿ 368 ਵੋਟਾਂ ਲੈ ਕੇ ‘ਨੋਟਾ’ ਨੇ ਪਿੰਡ ਦੇ ਆਗੂਆਂ ਨੂੰ ਹੈਰਾਨ ਕਰ ਦਿੱਤਾ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਦੇ ਅਧਿਕਾਰੀ ਨੇ ਕਿਹਾ ਕਿ ਇਸ ਹਾਲਤ ਦਾ ਨਿਪਟਾਰਾ ਕਰਨ ਲਈ ਰਾਜ ਚੋਣ ਕਮਿਸ਼ਨ ਤੋਂ ਅਗਵਾਈ ਲਈ ਜਾ ਰਹੀ ਹੈ। ਵੈਸੇ ਅਧਿਕਾਰੀ ਨੇ ਕਿਹਾ ਕਿ ਹਾਲੇ ਤੱਕ ਕਿਸੇ ਉਮੀਦਵਾਰ ਨੂੰ ਜੇਤੂ ਹੋਣ ਦਾ ਸਰਟੀਫਿਕੇਟ ਜਾਰੀ ਨਹੀਂ ਕੀਤਾ। ਪਿੰਡ ਦੀ ਪੰਚਾਇਤ ਲਈ ਨੌਂ ਮੈਂਬਰ (ਪੰਚ) ਚੁਣੇ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਦੀ ਚੋਣ ਬਿਨਾਂ ਮੁਕਾਬਲਾ ਹੋਈ ਸੀ, ਜਦਕਿ ਬਾਕੀ ਛੇ ਮੈਂਬਰ ਵੋਟਾਂ ਨਾਲ ਚੁਣੇ ਗਏ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਸ਼ਨਗੜ੍ਹ ਵਿੱਚ ਵੀ ਸਰਪੰਚੀ ਦੇ ਉਮੀਦਵਾਰ ਨਾਲੋਂ ਨੋਟਾ ਦੇ ਬਟਨ ਨੂੰ ਵੱਧ ਵੋਟਾਂ ਪਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਰਪੰਚੀ ਦੇ ਉਮੀਦਵਾਰ ਮਨਦੀਪ ਕੌਰ ਨੂੰ 105 ਵੋਟਾਂ ਪਈਆਂ ਹਨ ਜਦਕਿ ਨੋਟਾ ਦੇ ਬਟਨ ਨੂੰ ਲੋਕਾਂ ਨੇ 115 ਵੋਟਾਂ ਪਾ ਦਿੱਤੀਆਂ। ਪਿੰਡ ਦੇ ਲੋਕਾਂ ਨੇ ਪੰਜਾਬ ਦੇ ਚੋਣ ਕਮਿਸ਼ਨ, ਡਿਪਟੀ ਕਮਿਸ਼ਨਰ ਅਤੇ ਐੱਸ.ਡੀ.ਐੱਮ. ਨੂੰ ਅਪੀਲ ਕੀਤੀ ਹੈ ਕਿ ਪਿੰਡ ਬਿਸਨਗੜ ਵਿਖੇ ਦੁਬਾਰਾ ਪੰਚਾਇਤੀ ਚੋਣ ਕਰਵਾਈ ਜਾਵੇ। ਇਸ ਸਬੰਧੀ ਜਦੋਂ ਰਿਟਰਨਿੰਗ ਅਫ਼ਸਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਇੱਥੇ ਨੋਟਾ ਨੂੰ ਵੱਧ ਵੋਟਾਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਬੰਧਿਤ ਐਸਡੀਐਮ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨਾਲ ਰਾਬਤਾ ਕਾਇਮ ਕੀਤਾ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਗਾਈਡਲਾਇਨ ਅਨੁਸਾਰ ਪੰਚਾਇਤੀ ਵੋਟਾਂ ਵਿੱਚ ਵੱਧ ਵੋਟਾਂ ਵਾਲਾ ਉਮੀਦਵਾਰ ਸਰਪੰਚ ਹੁੰਦਾ ਹੈ। ਇਸ ਲਈ ਉਨ੍ਹਾਂ ਵੱਲੋਂ ਮਨਦੀਪ ਕੌਰ ਨੂੰ ਸਰਟੀਫਿਕੇਟ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਅੰਦਰ ਨੋਟਾ ਨੂੰ ਵੱਧ ਵੋਟਾਂ ਪੈਣ ਸਬੰਧੀ ਕਿਸੇ ਨਿਯਮ ਦਾ ਜ਼ਿਕਰ ਨਹੀਂ ਹੈ।

error: Content is protected !!