ਚੰਡੀਗੜ੍ਹ, 21 ਅਕਤੂਬਰ, Gee98 news service
–ਪੰਜਾਬ ‘ਚ ਹੋਣ ਜਾ ਰਹੀਆਂ ਚਾਰ ਜ਼ਿਮਨੀ ਚੋਣਾਂ ਵਿੱਚੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਲਈ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਵੱਡਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਸੁੱਚਾ ਸਿੰਘ ਲੰਗਾਹ ਪਿਛਲੇ ਲੰਮੇ ਸਮੇਂ ਤੱਕ ਅਕਾਲੀ ਦਲ ਤੋਂ ਬਾਹਰ ਰਹੇ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਅਕਾਲੀ ਦਲ ਨੇ ਉਹਨਾਂ ਨੂੰ ਮੁੜ ਪਾਰਟੀ ਵਿੱਚ ਸ਼ਾਮਿਲ ਕੀਤਾ ਸੀ। ਇੱਕ ਹੈਰਾਨੀਜਨਕ ਐਲਾਨ ਕਰਦੇ ਹੋਏ ਸੁੱਚਾ ਸਿੰਘ ਲੰਗਾਹ ਨੇ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਲਈ ਆਪਣੇ ਪੁੱਤਰ ਸੁਖਜਿੰਦਰ ਸਿੰਘ ਲੰਗਾਹ ਉਰਫ਼ ਸੋਨੂ ਲੰਗਾਹ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਸੁੱਚਾ ਸਿੰਘ ਲੰਗਾਹ ਨੇ ਇਹ ਐਲਾਨ ਆਪਣੇ ਪੱਧਰ ‘ਤੇ ਹੀ ਕੀਤਾ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਵੱਲੋਂ ਅਧਿਕਾਰਿਕ ਤੌਰ ‘ਤੇ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਹ ਖੁਦ ਜ਼ਿਮਨੀ ਚੋਣ ਨਹੀਂ ਲੜਣਗੇ ਸਗੋਂ ਉਹਨਾਂ ਦਾ ਪੁੱਤਰ ਸੁਖਜਿੰਦਰ ਸਿੰਘ ਡੇਰਾ ਬਾਬਾ ਨਾਨਕ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਹੋਵੇਗਾ। ਜ਼ਿਮਨੀ ਚੋਣ ਲਈ ਸੁੱਚਾ ਸਿੰਘ ਲੰਗਾਹ ਵੱਲੋਂ ਆਪਣੇ ਪੁੱਤਰ ਦੀ ਉਮੀਦਵਾਰੀ ਦਾ ਐਲਾਨ ਕਰਨ ਦੇ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਆਗੂ ਦਾ ਅਜੇ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਜਦ ਕਿ ਸੁੱਚਾ ਸਿੰਘ ਲੰਗਾਹ ਨੇ ਲੰਮਾ ਸਮਾਂ ਸਰਗਰਮ ਸਿਆਸਤ ਤੋਂ ਦੂਰ ਰਹਿਣ ਤੋਂ ਬਾਅਦ ਸਿਆਸੀ ਪਿੱਚ ‘ਤੇ ਆਪਣੀ ਦੂਜੀ ਪਾਰੀ ਦਾ ਆਗਾਜ਼ ਛੱਕਾ ਲਗਾ ਕੇ ਕਰ ਦਿੱਤਾ।










