Skip to main content

Gee 98News

ਕਰੇ ਕੋਈ ਤੇ ਭਰੇ ਕੋਈ…ਮਾਰਕੀਟ ਕਮੇਟੀ ਦੇ ਸਕੱਤਰ ਖ਼ਿਲਾਫ਼ ਖੇਤੀਬਾੜੀ ਮੰਤਰੀ ਦੀ ਕਾਰਵਾਈ ਸਵਾਲਾਂ ਦੇ ਘੇਰੇ ‘ਚ

–ਮਾਮਲਾ ਅਨਾਜ ਮੰਡੀ ‘ਚ ਮਜ਼ਦੂਰਾਂ ਤੋਂ ਗੁੰਡਾ ਪਰਚੀ ਕੱਟੇ ਜਾਣ ਸਬੰਧੀ
ਚੰਡੀਗੜ੍ਹ, 26 ਅਕਤੂਬਰ, Gee98 news service
-ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜੈਤੋ ਮੰਡੀ ਵਿੱਚ ਮਜ਼ਦੂਰਾਂ ਦੀ ਗੁੰਡਾ ਪਰਚੀ ਕੱਟੇ ਜਾਣ ਦੇ ਮਾਮਲੇ ਵਿੱਚ ਜੇਤੋਂ ਮਾਰਕੀਟ ਕਮੇਟੀ ਦੇ ਸਕੱਤਰ ਹਰਸਵੰਤ ਸਿੰਘ ਨੂੰ ਮੁਅੱਤਲ ਕੀਤੇ ਜਾਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਜੈਤੋ ਦੇ ਵਸਨੀਕ ਅਸ਼ੋਕ ਕੁਮਾਰ ਨੇ ਵਾਇਰਲ ਵੀਡੀਓ ਦੇ ਹਵਾਲੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀ ਮੰਤਰੀ ਕੋਲ ਸ਼ਿਕਾਇਤ ਭੇਜੀ ਸੀ ਜਿਸ ਵਿੱਚ ਪਰਵਾਸੀ ਮਜ਼ਦੂਰਾਂ ਤੋਂ ਜਬਰਦਸਤੀ 1500-1500 ਰੁਪਏ ਦੀ ਵਸੂਲੀ ਦੀ ਗੱਲ ਕਹੀ ਗਈ ਸੀ। ਵੀਡੀਓ ਵਿੱਚ ਪਰਵਾਸੀ ਮਜ਼ਦੂਰ ਆਖ ਰਹੇ ਹਨ ਕਿ ਉਨ੍ਹਾਂ ਤੋਂ ਜਬਰੀ ਗੁੰਡਾ ਪਰਚੀ ਲਈ ਜਾ ਰਹੀ ਹੈ। ਇਸ ਤੋਂ ਬਾਅਦ ਖੇਤੀਬਾੜੀ ਮੰਤਰੀ ਨੇ ਜੈਤੋ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮੁਅੱਤਲ ਕਰ ਦਿੱਤਾ ਹੈ, ਜਦ ਕਿ ਵਾਇਰਲ ਵੀਡੀਓ ਵਿੱਚ ਕਿਧਰੇ ਵੀ ਮਾਰਕੀਟ ਕਮੇਟੀ ਸਕੱਤਰ ਦਾ ਦਿਖਾਈ ਨਹੀਂ ਦੇ ਰਹੇ ਇਹਨਾਂ ਤੇ ਨਾ ਹੀ ਉਹਨਾਂ ਦਾ ਕੋਈ ਜ਼ਿਕਰ ਹੋ ਰਿਹਾ ਹੈ। ਇਸ ਮਾਮਲੇ ਦਾ ਇੱਕ ਦੂਜਾ ਪੱਖ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਗੁੰਡਾ ਪਰਚੀ ਕੱਟਣ ਸਬੰਧੀ ਸਿੱਧੇ ਤੌਰ ‘ਤੇ ਉਂਗਲ ਮਾਰਕੀਟ ਕਮੇਟੀ ਵਿੱਚ ਚੇਅਰਮੈਨ ਵੱਲ ਜਾ ਰਹੀ ਹੈ। ਮੁਅੱਤਲ ਕੀਤੇ ਮਾਰਕੀਟ ਕਮੇਟੀ ਦੇ ਸਕੱਤਰ ਦਾ ਕਹਿਣਾ ਹੈ ਕਿ ਗੁੰਡਾ ਪਰਚੀ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਕਿਸੇ ਨੇ ਉਹਨਾਂ ਕੋਲੇ ਸ਼ਿਕਾਇਤ ਕੀਤੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਸਕੱਤਰ ਨੂੰ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਕਿ ਉਹਨਾਂ ਨੂੰ ਕਿਸ ਮਾਮਲੇ ਵਿੱਚ ਮੁਅੱਤਲ ਕੀਤਾ ਗਿਆ ਹੈ। ਦੂਜੇ ਪਾਸੇ ਮਾਰਕੀਟਿੰਗ ਕਮੇਟੀ ਦੇ ਫੀਲਡ ਸਟਾਫ ਨੇ ਇਸ ਮਾਮਲੇ ਵਿੱਚ ਸਕੱਤਰ ਦੀ ਮੁਅੱਤਲੀ ਦੇ ਹੁਕਮਾਂ ਖਿਲਾਫ ਇਕੱਠੇ ਹੁੰਦੇ ਹੋਏ ਮਾਮਲੇ ਦੀ ਸਹੀ ਪੜਤਾਲ ਦੀ ਮੰਗ ਕਰਦੇ ਹੋਏ ਸੰਘਰਸ਼ ਦੀ ਚੇਤਾਵਨੀ ਦੀ ਦਿੱਤੀ ਹੈ। ਮਾਰਕੀਟ ਕਮੇਟੀ ਦੇ ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਗੁੰਡਾ ਪਰਚੀ ਕੱਟਣ ਦੇ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਸਕੱਤਰ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮੰਡੀ ਬੋਰਡ ਫੀਲਡ ਐਸੋਸੀਏਸ਼ਨ ਨੇ ਇਸ ਮਾਮਲੇ ‘ਤੇ ਰੋਸ ਜ਼ਾਹਰ ਕੀਤਾ ਹੈ। ਐਸੋਸੀਏਸ਼ਨ ਦਾ ਵਫ਼ਦ ਪੰਜਾਬ ਮੰਡੀ ਬੋਰਡ ਦੇ ਸਕੱਤਰ ਨੂੰ ਮਿਲੇਗਾ ਅਤੇ ਇਸ ਮਾਮਲੇ ‘ਤੇ ਸਕੱਤਰ ਹਰਸ਼ਵੰਤ ਸਿੰਘ ਦਾ ਪੱਖ ਰੱਖਿਆ ਜਾਵੇਗਾ। ਐਸੋਸੀਏਸ਼ਨ ਵੱਲੋਂ ਮੁਅੱਤਲ ਸਕੱਤਰ ਦੀ ਬਹਾਲੀ ਦੀ ਮੰਗ ਕੀਤੀ ਜਾ ਰਹੀ ਹੈ।‌ ਦੂਜੇ ਪਾਸੇ ਮਾਰਕੀਟ ਕਮੇਟੀ ਦਾ ਚੇਅਰਮੈਨ ਇਸ ਮਾਮਲੇ ਸਬੰਧੀ ਆਪਣਾ ਪੱਖ ਰੱਖ ਰਿਹਾ ਹੈ ਅਤੇ ਗੁੰਡਾ ਪਰਚੀ ਵਿੱਚ ਉਹਨਾਂ ਦੀ ਕੋਈ ਸ਼ਮੂਲੀਅਤ ਨਾ ਹੋਣ ਦੀ ਸਫਾਈ ਨਾ ਦੇ ਰਿਹਾ ਇਹ ਜਦ ਕਿ ਆਮ ਲੋਕ ਸਰੇਆਮ ਆਖ ਰਹੇ ਹਨ ਕਿ ਮੰਡੀ ਵਿੱਚ ਮਜ਼ਦੂਰਾਂ ਦੀ ਗੁੰਡਾ ਪਰਚੀ ਸਿਆਸੀ ਆਗੂਆਂ ਵੱਲੋਂ ਹੀ ਕੱਟੀ ਜਾ ਰਹੀ ਹੈ।

error: Content is protected !!