— ਭਗਵੰਤ ਮਾਨ ਨੇ ਪੰਜਾਬ ਦੀ ਪ੍ਰਧਾਨਗੀ ਛੱਡਣ ਦੀ ਸਵੈ ਇੱਛਾ ਕਿਉਂ ਪ੍ਰਗਟ ਕੀਤੀ
ਚੰਡੀਗੜ੍ਹ, 28 ਅਕਤੂਬਰ, Gee98 news service
-ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਪਾਰਟੀ ਦੀ ਸੂਬਾ ਪ੍ਰਧਾਨਗੀ ਛੱਡਣ ਦੀ ਸਵੈ ਇੱਛਾ ਦੀਆਂ ਖ਼ਬਰਾਂ ਤੋਂ ਬਾਅਦ ਆਪ ‘ਚ ਸੰਗਠਨ ਪੱਧਰ ‘ਤੇ ਹਲਚਲ ਸ਼ੁਰੂ ਹੋ ਗਈ ਹੈ। ਦਰਅਸਲ,ਲੋਕ ਸਭਾ ਚੋਣਾਂ ‘ਚ ਪੰਜਾਬ ‘ਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਆਪ ਦੀ ਹਾਈਕਮਾਂਡ ਅਤੇ ਭਗਵੰਤ ਮਾਨ ਵਿਚਕਾਰ ਸਭ ਅੱਛਾ ਨਹੀਂ ਹੈ। ਇਸ ਤੋਂ ਬਾਅਦ ਉੱਪਰ ਥੱਲੇ ਪੰਜਾਬ ‘ਚ ਸੰਗਠਨ ਪੱਧਰ ਅਤੇ ਸਰਕਾਰ ਪੱਧਰ ‘ਤੇ ਕੁਝ ਅਜਿਹੀਆਂ ਤਬਦੀਲੀਆਂ ਕੀਤੀਆਂ ਗਈਆਂ ਜਿਨਾਂ ਨੇ ਇਹਨਾਂ ਚਰਚਾਵਾਂ ਨੂੰ ਹੋਰ ਬਲ ਦਿੱਤਾ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਬਦਲਿਆ ਜਾ ਸਕਦਾ ਹੈ। ਉੰਝ ਭਾਵੇਂ ਭਗਵੰਤ ਮਾਨ ਨੇ ਸਵੈ ਇੱਛਾ ਨਾਲ ਪ੍ਰਧਾਨਗੀ ਛੱਡਣ ਦੀ ਗੱਲ ਕੀਤੀ ਪ੍ਰੰਤੂ ਪਰਦੇ ਦੇ ਪਿਛਲੀ ਕਹਾਣੀ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ‘ਚ ਕਿਸਾਨ ਜਥੇਬੰਦੀਆਂ ਦੀ ਆਪ ਪ੍ਰਤੀ ਨਾਰਾਜ਼ਗੀ ਤੋਂ ਚਿੰਤਤ ਹਨ। ਸ਼੍ਰੀ ਅਰਵਿੰਦ ਕੇਜਰੀਵਾਲ ਇਸ ਗੱਲੋਂ ਵੀ ਨਾਰਾਜ਼ ਹਨ ਕਿ ਸੂਬੇ ‘ਚ ਸਮੇਂ ਸਿਰ ਝੋਨੇ ਦੀ ਖਰੀਦ ਸਬੰਧੀ ਉਚਿੱਤ ਪ੍ਰਬੰਧ ਨਹੀਂ ਕੀਤੇ ਜਾ ਸਕੇ, ਜਦ ਕਿ ਇਸ ਵਾਰ ਕੇਂਦਰ ਨੇ ਸੀਸੀਐਲ ਦੀ ਰਕਮ ਵੀ ਸਮੇਂ ਸਿਰ ਜਾਰੀ ਕਰ ਦਿੱਤੀ ਸੀ। ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ਪਾਰਟੀ ਵਿੱਚ ਬਗਾਵਤ ਨੇ ਬਲਦੀ ‘ਤੇ ਤੇਲ ਪਾਉਣ ਵਾਲੀ ਗੱਲ ਕੀਤੀ ਹੈ। ਇਹ ਸਮਝ ਤੋਂ ਪਰ੍ਹੇ ਹੈ ਕਿ ਜ਼ਿਮਨੀ ਚੋਣਾਂ ਦੇ ਅਮਲ ਦੌਰਾਨ ਹੀ ਭਗਵੰਤ ਮਾਨ ਨੇ ਪ੍ਰਧਾਨਗੀ ਛੱਡਣ ਦੀ ਇੱਛਾ ਪ੍ਰਗਟ ਕਰ ਦਿੱਤੀ, ਜਦ ਕਿ ਇਸ ਸਪੱਸ਼ਟ ਹੈ ਕਿ ਪਾਰਟੀ ਜਿਮਨੀ ਚੋਣਾਂ ‘ਚ ਟਿਕਟਾਂ ਦੀ ਵੰਡ ਇਹ ਕਾਰਨ ਪਹਿਲਾਂ ਹੀ ਸੰਗਠਨ ਪੱਧਰ ‘ਤੇ ਬਗਾਵਤ ਦਾ ਸਾਹਮਣਾ ਕਰ ਰਹੀ ਹੈ। ਦੱਸ ਦੇਈਏ ਕਿ ਜ਼ਿਮਨੀ ਚੋਣਾਂ ਦੀਆਂ ਟਿਕਟਾਂ ਨੇ ਆਮ ਆਦਮੀ ਪਾਰਟੀ ਨੂੰ ਪਰਿਵਾਰਵਾਦ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ। ਹੁਣ ਪਾਰਟੀ ਹਾਈਕਮਾਂਡ ਜਾਂ ਖੁਦ ਭਗਵੰਤ ਮਾਨ ਬਾਦਲ ਪਰਿਵਾਰ, ਕੈਪਟਨ ਪਰਿਵਾਰ ਜਾਂ ਕਿਸੇ ਹੋਰ ਰਿਵਾਇਤੀ ਸਿਆਸੀ ਪਰਿਵਾਰ ‘ਤੇ ਆਪਣੇ ਪੁੱਤ ਭਤੀਜਿਆਂ ਨੂੰ ਅੱਗੇ ਲਿਆਉਣ ਦੀ ਸਿਆਸੀ ਪ੍ਰਕਿਰਿਆ ‘ਤੇ ਟਿੱਪਣੀ ਨਹੀਂ ਕਰ ਸਕਣਗੇ। ਸਿਆਸੀ ਮਾਹਿਰਾਂ ਅਨੁਸਾਰ ਭਗਵੰਤ ਮਾਨ ਵੱਲੋਂ ਪ੍ਰਧਾਨਗੀ ਛੱਡਣ ਦੀ ਸਵੈ ਇੱਛਾ ਦੇ ਪਿੱਛੇ ਦੋ ਕਾਰਨ ਹੋ ਸਕਦੇ ਹਨ ਜਾਂ ਤਾਂ ਭਗਵੰਤ ਮਾਨ ਨੇ ਮੁੱਖ ਮੰਤਰੀ ਬਦਲੇ ਜਾਣ ਦੀਆਂ ਕਨਸੋਆਂ ਦੇ ਦੌਰਾਨ ਹਾਈ ਕਮਾਂਡ ਨੂੰ ਅੱਖਾਂ ਦਿਖਾਈਆਂ ਹਨ ਜਾਂ ਫਿਰ ਸੰਗਠਨ ਪੱਧਰ ‘ਤੇ ਬਗਾਵਤ ਤੋਂ ਬਾਅਦ ਹਾਈ ਕਮਾਂਡ ਨੇ ਭਗਵੰਤ ਮਾਨ ਨੂੰ ਪ੍ਰਧਾਨਗੀ ਛੱਡਣ ਲਈ ਕਹਿ ਦਿੱਤਾ ਹੈ। ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਖੱਬੇ ਪੱਖੀ ਧਿਰਾਂ ਦੇ ਸੰਗਠਨ ਸਿਧਾਂਤਾਂ ਅਨੁਸਾਰ ਸਰਕਾਰ ਦੇ ਬਰਾਬਰ ਸੰਗਠਨ ਨੂੰ ਮਜਬੂਤ ਕਰਕੇ ਸੱਤਾ ਨੂੰ ਸੰਗਠਨ ਦੇ ਅਧੀਨ ਰੱਖਣਾ ਚਾਹੁੰਦੀ ਹੋਵੇ, ਕਿਉਂਕਿ ਪੰਜਾਬ ਦੇ ਸਿਆਸੀ ਹਾਲਾਤ ਕੁਝ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਹਨ ਕਿ ਹਾਈ ਕਮਾਂਡ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਰਿਸਕ ਫਿਲਹਾਲ ਨਹੀਂ ਲੈ ਸਕਦੀ। ਚਰਚਾ ਤਾਂ ਇਹ ਵੀ ਹੈ ਕਿ ਪੰਜਾਬ ਦੇ ਪੈਸੇ ਤੇ ‘ਆਪ’ ਦੀ ਹਾਈ ਕਮਾਂਡ ਦੇ ਸਿਆਸੀ ਅਤੇ ਹੋਰ ਸ਼ੌਂਕ ਪੂਰੇ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਬਾਅਦ ਭਗਵੰਤ ਮਾਨ ਨੇ ਬਤੌਰ ਮੁੱਖ ਮੰਤਰੀ ਆਪਣੀ ਕਾਰਜ ਸ਼ੈਲੀ ਵਿੱਚ ਬਦਲਾਅ ਕੀਤਾ ਹੈ, ਦੂਜੇ ਸ਼ਬਦਾਂ ਵਿੱਚ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਈਕਮਾਂਡ ਪ੍ਰਤੀ ਸ਼ੈਲੀ ਦੇ ਵਿੱਚ ਤਬਦੀਲੀ ਆਈ ਹੈ ਅਤੇ ਦਿੱਲੀ ਵਾਲਿਆਂ ਦੀ ਪੰਜਾਬ ਵਿਚਲੀ ਮੁਰਗੀ ਨੇ ਸੋਨੇ ਦੇ ਆਂਡੇ ਦੇਣੇ ਬੰਦ ਕਰ ਦਿੱਤੇ ਹਨ ਜਿਸ ਤੋਂ ਬਾਅਦ ਹਾਈ ਕਮਾਂਡ ਨੇ ਪੰਜਾਬ ‘ਚ ਸੰਗਠਨ ਰੂਪੀ ਪੋਲਟਰੀ ਫਾਰਮ ਦੇ ਮਾਲਕ ਨੂੰ ਹੀ ਬਦਲਣ ਦਾ ਮਨ ਬਣਾ ਲਿਆ ਹੈ ਅਤੇ ਜਦੋਂ ਮਾਲਕ ਨੂੰ ਇਸ ਦੀ ਭਿਣਕ ਲੱਗੀ ਤਾਂ ਉਸਨੇ “ਸਵੈ ਇੱਛਾ” ਦਾ ਹਥਿਆਰ ਚਲਾ ਦਿੱਤਾ।