ਚੰਡੀਗੜ੍ਹ,13 ਨਵੰਬਰ, Gee98 News service
-ਚਿੱਟੇ ਦੇ ਆਦੀ ਇੱਕ ਨੌਜਵਾਨ ਨੇ ਆਪਣੀ ਮਾਂ ਤੋਂ ਨਸ਼ਾ ਖਰੀਦਣ ਲਈ ਪੈਸੇ ਮੰਗੇ ਪ੍ਰੰਤੂ ਜਦੋਂ ਮਾਂ ਨੇ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਗੁੱਸੇ ਵਿੱਚ ਆ ਕੇ ਨਸ਼ੇੜੀ ਨੌਜਵਾਨ ਨੇ 12 ਨਵੰਬਰ ਦੀ ਦੇਰ ਰਾਤ ਕਰੀਬ 10 ਕੁ ਵਜੇ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਲੱਖਾਂ ਰੁਪਏ ਦਾ ਕੀਮਤੀ ਸਮਾਨ ਸੜਕੇ ਸਵਾਹ ਹੋ ਗਿਆ। ਇਹ ਘਟਨਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਕਾਲਗੜ੍ਹ ਕਲਾਂ ਦੀ ਹੈ ਜਿੱਥੇ ਧਰਮਿੰਦਰ ਸਿੰਘ ਉਰਫ ਮੋਨੀ ਨਾਮ ਦੇ ਨਸ਼ੇੜੀ ਨੌਜਵਾਨ ਨੇ ਆਪਣੀ ਮਾਂ ਰਾਜਵੰਤ ਕੌਰ ਤੋਂ ਚਿੱਟਾ ਖਰੀਦਣ ਲਈ 1300 ਰੁਪਏ ਮੰਗੇ ਪ੍ਰੰਤੂ ਜਦੋਂ ਮਾਂ ਨੇ ਪੈਸੇ ਨਾ ਦਿੱਤੇ ਤਾਂ ਨੌਜਵਾਨ ਨੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਏਸੀ, ਫਰਿਜ ਅਤੇ ਹੋਰ ਕੀਮਤੀ ਸਮਾਨ ਸੜ ਗਿਆ। ਘਰ ਦੇ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਜਦ ਘਰ ਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਦਿਸੀਆਂ ਤਾਂ ਲੋਕਾਂ ਨੇ ਅੱਗ ਬੁਝਾਉਣ ਦਾ ਯਤਨ ਕੀਤਾ ਪਰੰਤੂ ਨੌਜਵਾਨ ਨੇ ਇੱਟਾਂ ਪੱਥਰਾਂ ਨਾਲ ਲੋਕਾਂ ‘ਤੇ ਵੀ ਹਮਲਾ ਕਰ ਦਿੱਤਾ ਅਤੇ ਲੋਕਾਂ ਨੂੰ ਅੱਗ ਬੁਝਾਉਣ ਲਈ ਘਰ ਅੰਦਰ ਦਾਖਲ ਨਹੀਂ ਹੋਣ ਦਿੱਤਾ। ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪੁੱਜੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੀ ਬੜੀ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ। ਮੌਕੇ ‘ਤੇ ਥਾਣਾ ਸੁਧਾਰ ਦੇ ਐਸਐਚਓ ਜਸਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਨਸ਼ੇੜੀ ਨੌਜਵਾਨ ਨੂੰ ਬੜੀ ਮੁਸ਼ਕਿਲ ਨਾਲ ਹਿਰਾਸਤ ਵਿੱਚ ਲਿਆ। ਅੱਗ ਲੱਗਣ ਤੋਂ ਬਾਅਦ ਨੌਜਵਾਨ ਦੀ ਮਾਤਾ ਰਾਜਵੰਤ ਕੌਰ ਵੀ ਘਰ ਦੇ ਅੰਦਰ ਹੀ ਫਸੀ ਹੋਈ ਸੀ ਜਦ ਲੋਕਾਂ ਨੂੰ ਪਤਾ ਲੱਗਿਆ ਤਾਂ ਉਸਨੂੰ ਬਚਾਉਣ ਦਾ ਯਤਨ ਕੀਤਾ ਪ੍ਰੰਤੂ ਨਸ਼ੇੜੀ ਨੌਜਵਾਨ ਨੇ ਆਪਣੀ ਮਾਂ ਨੂੰ ਵੀ ਅੱਗ ਦੀਆਂ ਲਪਟਾਂ ਤੋਂ ਬਾਹਰ ਕੱਢਣ ਲਈ ਲੋਕਾਂ ਦਾ ਵਿਰੋਧ ਕੀਤਾ ਪ੍ਰੰਤੂ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਨਸ਼ੇੜੀ ਨੌਜਵਾਨ ਦੀ ਮਾਤਾ ਨੂੰ ਬਚਾਇਆ। ਅਜਿਹੀਆਂ ਘਟਨਾਵਾਂ ਪੰਜਾਬ ‘ਚ ਨਸ਼ਾ ਤਸਕਰੀ ਅਤੇ ਨਸ਼ਾਖੋਰੀ ਦੀਆਂ ਦੁੱਖਦਾਇਕ ਮਿਸਾਲਾਂ ਹਨ ਅਤੇ ਇਹ ਘਟਨਾਵਾਂ ਸਿਆਸੀ ਪਾਰਟੀਆਂ ਦੇ ਮੂੰਹ ‘ਤੇ ਕਰਾਰੀ ਚਪੇੜ ਵਾਂਗ ਹਨ, ਜਿਹੜੀਆਂ ਨਸ਼ੇ ਦੇ ਨਾਮ ‘ਤੇ ਹਰ ਪੰਜ ਸਾਲਾਂ ਬਾਅਦ ਰਾਜਨੀਤੀ ਕਰਕੇ ਸੱਤਾ ‘ਤੇ ਕਾਬਜ਼ ਹੁੰਦੀਆਂ ਹਨ ਅਤੇ ਫਿਰ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਸੱਤਾਧਾਰੀ ਪਾਰਟੀ ਦੇ ਵੱਡੇ ਆਗੂਆਂ ਦੇ ਚਮਚੇ ਨਸ਼ੇ ਦੇ ਸੌਦਾਗਰਾਂ ਨਾਲ ਹੱਥ ਮਿਲਾ ਲੈਂਦੇ ਹਨ।










