— ਵਿਸ਼ੇਸ਼ ਰਿਪੋਰਟ
ਬਰਨਾਲਾ, 24 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਬਰਨਾਲਾ ਦੀ ਉਪ ਚੋਣ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤ ਪ੍ਰਾਪਤ ਕਰਕੇ ਸੂਬੇ ‘ਚ ਕਾਂਗਰਸ ਦਾ ਝੰਡਾ ਉੱਚਾ ਰੱਖਿਆ। ਦੱਸ ਦੇਈਏ ਕਿ ਬਰਨਾਲਾ ਤੋਂ ਇਲਾਵਾ ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ‘ਚ ਵੀ ਉਪ ਚੋਣ ਹੋਈ ਸੀ ਜਿੱਥੋਂ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ। ਬਰਨਾਲਾ ‘ਚ ਉਪ ਚੋਣ ਦੀਆਂ ਸਰਗਰਮੀਆਂ ਸ਼ੁਰੂ ਹੋਣ ਮੌਕੇ ਹੀ ਕਾਲਾ ਢਿੱਲੋਂ ਦਾ ਹੱਥ ਉੱਪਰ ਮੰਨਿਆ ਜਾ ਰਿਹਾ ਸੀ। ਕਾਂਗਰਸ ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰ ਤੋਂ ਲੈ ਕੇ ਉਪਰਲੇ ਪੱਧਰ ਤੱਕ ਆਗੂ ਨੇ ਕਾਲਾ ਕਿੱਲੋ ਦੀ ਟਿਕਟ ਦੇ ਫੈਸਲੇ ਨੂੰ ਸਹੀ ਚੋਣ ਦੱਸਦੇ ਹੋਏ ਇੱਕਜੁੱਟਤਾ ਨਾਲ ਚੋਣ ਪ੍ਰਚਾਰ ਵਿੱਚ ਮਿਹਨਤ ਕੀਤੀ। ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਅਸਲ ਕਿੱਤਾ ਟਰਾਂਸਪੋਰਟ ਹੈ ।ਕਾਲਾ ਢਿੱਲੋ ਦਾ ਰਾਜਨੀਤਿਕ ਸਫਰ ਵੀ ਬੜਾ ਉਤਰਾ ਚੜਾਅ ਵਾਲਾ ਰਿਹਾ ਜਿਸ ਵਿੱਚ ਉਸਨੂੰ ਆਪਣੇ ਛੋਟੇ ਭਰਾ ਹਰਿੰਦਰ ਸਿੰਘ ਸੀਰਾ ਢਿੱਲੋ ਦੀ ਮੌਤ ਦੀ ਸੱਟ ਵੀ ਝੱਲਣੀ ਪਈ। ਦਰਅਸਲ ਕਾਲਾ ਢਿੱਲੋਂ ਦੀ ਆਪਣੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਸਗੋਂ ਉਸ ਦੇ ਭਰਾ ਸੀਰਾ ਢਿੱਲੋਂ ਸਿਆਸਤ ਵਿੱਚ ਚੰਗਾ ਨਾਮ ਰੱਖਦੇ ਸਨ। ਸੀਰਾ ਢਿੱਲੋਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਮੰਨਿਆ ਜਾਂਦਾ ਸੀ ਅਤੇ ਉਹ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਵੀ ਰਹੇ। 2007 ‘ਚ ਸੀਰਾ ਢਿੱਲੋ ਨੇ ਕਾਂਗਰਸ ਪਾਰਟੀ ਦੀ ਟਿਕਟ ‘ਤੇ ਦਾਅਵਾ ਪੇਸ਼ ਕੀਤਾ ਪ੍ਰੰਤੂ ਕਾਂਗਰਸ ਨੇ ਟਿਕਟ ਕੇਵਲ ਸਿੰਘ ਢਿੱਲੋਂ ਨੂੰ ਦੇ ਦਿੱਤੀ ਜਿਸ ਤੋਂ ਬਾਅਦ ਸੀਰਾ ਢਿੱਲੋਂ ਨੇ ਆਜ਼ਾਦ ਚੋਣ ਲੜੀ। ਭਾਵੇਂ ਕਿ ਸੀਰਾ ਢਿੱਲੋਂ ਇਹ ਆਜ਼ਾਦ ਚੋਣ ਜਿੱਤ ਨਹੀਂ ਸਕੇ ਪ੍ਰੰਤੂ ਇਸ ਚੋਣ ਨੇ ਉਹਨਾਂ ਦੇ ਸਿਆਸੀ ਕੱਦ ਵਿੱਚ ਹੋਰ ਵਾਧਾ ਕੀਤਾ। 2013 ‘ਚ ਸੀਰਾ ਢਿੱਲੋ ਦੀ ਮੌਤ ਤੋਂ ਬਾਅਦ ਕਾਲਾ ਢਿੱਲੋ ਨੇ ਕਾਂਗਰਸ ਪਾਰਟੀ ਦੇ ਪਲੇਟਫਾਰਮ ‘ਤੇ ਹੀ ਆਪਣੇ ਭਰਾ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਇਆ।

2017 ਦੀਆਂ ਚੋਣਾਂ ਤੋਂ ਪਹਿਲਾਂ ਕਾਲਾ ਢਿੱਲੋ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਅਤੇ ਮੀਤ ਹੇਅਰ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਦੱਸ ਦੇਈਏ ਕਿ 2017 ਦੀਆਂ ਚੋਣਾਂ ‘ਚ ਮੀਤ ਹੇਅਰ ਨੇ ਕਰੀਬ 2300 ਵੋਟਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਇਹ ਜਿੱਤ ਕਾਲਾ ਢਿੱਲੋਂ ਦੀ ਹੀ ਮੰਨੀ ਜਾਂਦੀ ਰਹੀ ਹੈ। ਇਸ ਤੋਂ ਬਾਅਦ ਜਦ ਆਪ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਤਾਂ ਕਾਲਾ ਢਿੱਲੋਂ ਨੇ ਵੀ ਆਮ ਆਦਮੀ ਪਾਰਟੀ ਛੱਡ ਦਿੱਤੀ ਪ੍ਰੰਤੂ ਉਹ ਕੁਝ ਸਮੇਂ ਬਾਅਦ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਕਾਂਗਰਸ ਪਾਰਟੀ ਨੇ ਕਾਲਾ ਢਿੱਲੋਂ ਦੀ ਸਿਆਸੀ ਕਾਬਲੀਅਤ ਨੂੰ ਪਛਾਣਦੇ ਹੋਏ ਉਹਨਾਂ ਨੂੰ ਬਰਨਾਲਾ ਜ਼ਿਲ੍ਹੇ ਦਾ ਪ੍ਰਧਾਨ ਵੀ ਬਣਾ ਦਿੱਤਾ, ਬਤੌਰ ਪ੍ਰਧਾਨ ਕਾਲਾ ਢਿੱਲੋਂ ਨੇ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ, ਮਹਿਲ ਕਲਾਂ ਵਿੱਚ ਵੀ ਕਾਂਗਰਸ ਪਾਰਟੀ ਦੇ ਨਾਰਾਜ਼ ਬੈਠੇ ਵਰਕਰਾਂ ਆਗੂਆਂ ਨੂੰ ਪਾਰਟੀ ਨਾਲ ਜੋੜਿਆ ਅਤੇ ਪਾਰਟੀ ‘ਚ ਇੱਕ ਨਵੀਂ ਰੂਹ ਫੂਕੀ। 2024 ਦੀਆਂ ਲੋਕ ਸਭਾ ਚੋਣਾਂ ਮੌਕੇ ਵੀ ਸੰਗਰੂਰ ਹਲਕੇ ਤੋਂ ਕਾਲਾ ਢਿੱਲੋਂ ਨੇ ਟਿਕਟ ‘ਤੇ ਦਾਅਵਾ ਠੋਕਿਆ ਪ੍ਰੰਤੂ ਟਿਕਟ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਦੇ ਦਿੱਤੀ ਹੈ ਤੇ ਕਾਲਾ ਢਿੱਲੋਂ ਨੇ ਇਮਾਨਦਾਰੀ ਨਾਲ ਸੁਖਪਾਲ ਸਿੰਘ ਖਹਿਰਾ ਦੀ ਮਦਦ ਕੀਤੀ। ਲੋਕ ਸਭਾ ਚੋਣਾਂ ‘ਚ ਕੀਤੀ ਸਰਗਰਮੀ ਕਾਰਨ ਵੀ ਕਾਲਾ ਢਿੱਲੋ ਕਾਂਗਰਸ ਹਾਈ ਕਮਾਂਡ ਦੀਆਂ ਅੱਖਾਂ ਵਿੱਚ ਆਇਆ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਕਾਲਾ ਢਿੱਲੋ ਨੇ ਮੀਤ ਹੇਅਰ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਵਿਧਾਨ ਸਭਾ ਬਰਨਾਲਾ ਦੀ ਸੀਟ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ। ਕਾਂਗਰਸ ਹਾਈ ਕਮਾਂਡ ਨੇ ਜਲੰਧਰ ਉਪ ਚੋਣ ‘ਚ ਕਾਲਾ ਢਿੱਲੋ ਦੀ ਸਰਗਰਮੀ ਨੂੰ ਵੇਖਦੇ ਹੋਏ ਬਰਨਾਲਾ ਚੋਣ ਲਈ ਥਾਪੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਕਾਲਾ ਢਿੱਲੋ ਨੇ ਆਪਣੇ ਵਫਾਦਾਰ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਸਮੁੱਚੇ ਬਰਨਾਲਾ ਹਲਕੇ ਨੂੰ ਸੈਕਟਰਾਂ ਵਿੱਚ ਵੰਡ ਕੇ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ।

ਉਪ ਚੋਣ ਦਾ ਐਲਾਨ ਹੋਣ ਤੋਂ ਕਈ ਮਹੀਨੇ ਪਹਿਲਾਂ ਹੀ ਕਾਲਾ ਢਿੱਲੋ ਦੀ ਚੋਣ ਸਰਗਰਮੀ ਐਨਾ ਅੱਗੇ ਨਿਕਲ ਗਈ ਕਿ ਆਮ ਆਦਮੀ ਪਾਰਟੀ ਉਸ ਦੇ ਬਰਾਬਰ ਨਹੀਂ ਆ ਸਕੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਬਗਾਵਤ ਨੇ ਵੀ ਸੱਤਾਧਾਰੀ ਪਾਰਟੀ ‘ਚ ਖਿਲਾਰਾ ਪਾ ਦਿੱਤਾ ਅਤੇ ਆਪ ਦੀ ਇਸ ਅੰਦਰੂਨੀ ਪਾਟੋਧਾੜ ਦਾ ਫਾਇਦਾ ਚੁੱਕਦੇ ਕਾਲਾ ਢਿੱਲੋ ਨੇ ਆਪਣੀ ਚੋਣ ਮੁਹਿੰਮ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ। ਕਾਲਾ ਢਿੱਲੋ ਦੀ ਸ਼ਖਸੀਅਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੀ ਨਿਮਰਤਾ ਨੇ ਲੋਕਾਂ ਨੂੰ ਕੀਲ ਕੇ ਰੱਖਿਆ ਹੋਇਆ ਹੈ। ਆਪਣੇ ਦਰਵਾਜ਼ੇ ‘ਤੇ ਆਏ ਹਰ ਵਿਅਕਤੀ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਅਤੇ ਆਪਣੀ ਕਾਬਲੀਅਤ ਮੁਤਾਬਿਕ ਉਸ ਦੀ ਮਦਦ ਕਰਨ ਦੇ ਗੁਣ ਨੇ ਕਾਲਾ ਢਿੱਲੋਂ ਦੀ ਉਪ ਚੋਣ ਦੀ ਜਿੱਤ ਵਿੱਚ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕੀਤਾ। ਕਾਲਾ ਢਿੱਲੋ ਦੀ ਜਿੱਤ ‘ਚ ਕਿ ਅਹਿਮ ਪੱਖ ਇਹ ਵੀ ਰਿਹਾ ਕਿ ਉਹ ਸਥਾਨਕ ਉਮੀਦਵਾਰ ਸੀ ਅਤੇ ਉਸਨੂੰ ਕਾਂਗਰਸ ਪਾਰਟੀ ਦੀ ਅੰਦਰੂਨੀ ਬਗਾਵਤ ਦਾ ਸਾਹਮਣਾ ਨਹੀਂ ਕਰਨਾ ਪਿਆ ਸਗੋਂ ਹਰ ਵਰਕਰ ਅਤੇ ਆਗੂ ਨੇ ਕਾਲਾ ਢਿੱਲੋ ਦੀ ਚੋਣ ਨੂੰ ਆਪਣੀ ਚੋਣ ਸਮਝ ਕੇ ਲੜਿਆ, ਜਿਸ ਦੀ ਬਦੌਲਤ ਕਾਲਾ ਢਿੱਲੋਂ ਬਰਨਾਲਾ ਵਿਧਾਨ ਸਭਾ ਹਲਕੇ ਦੇ ਕਿਲ੍ਹੇ ‘ਤੇ ਕਾਂਗਰਸ ਦਾ ਝੰਡਾ ਚੜਾਉਣ ‘ਚ ਕਾਮਯਾਬ ਰਿਹਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਰਨਾਲਾ ਉਪ ਚੋਣ ਪ੍ਰਤੀ ਕਾਂਗਰਸ ਹਾਈ ਕਮਾਂਡ ਪਹਿਲਾਂ ਹੀ ਪੂਰੀ ਆਸਵੰਦ ਸੀ ਜਿਸ ਕਰਕੇ ਸੂਬਾ ਪ੍ਰਧਾਨ ਰਾਜਾ ਵੜਿੰਗ,ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ,ਸਮੇਤ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ, ਵਿਧਾਇਕਾਂ ਅਤੇ ਹੋਰ ਸੀਨੀਅਰ ਆਗੂਆਂ ਨੇ ਬਰਨਾਲਾ ਉਪ ਚੋਣ ਵਿੱਚ ਨਿੱਜੀ ਦਿਲਚਸਪੀ ਲੈ ਕੇ ਮਿਹਨਤ ਕੀਤੀ। ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਆਗੂਆਂ ਨੇ ਬਰਨਾਲਾ ਚ ਪੱਕੇ ਡੇਰੇ ਲਗਾ ਕੇ ਕਾਲਾ ਢਿਲੋਂ ਦੀ ਚੋਣ ਮੁਹਿੰਮ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਇਆ। ਸੀਨੀਅਰ ਕਾਂਗਰਸੀ ਆਗੂ ਵਿਜੇਇੰਦਰ ਸਿੰਗਲਾ ਦੀ ਕਾਲਾ ਢਿੱਲੋ ਦੀ ਚੋਣ ਮੁਹਿੰਮ ਵਿੱਚ ਕੀਤੀ ਮਿਹਨਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸੂਬੇ ਦੇ ਮੁਲਾਜ਼ਮ ਵਰਗ, ਮਜ਼ਦੂਰ ਵਰਗ, ਪੈਨਸ਼ਨਰ ਵਰਗ ਵਿੱਚ ਸੱਤਾਧਿਰ ਪ੍ਰਤੀ ਰੋਸ ਨੂੰ ਭਾਂਪਦੇ ਹੋਏ ਕਾਲਾ ਢਿੱਲੋ ਨੇ ਇਹਨਾਂ ਵਰਗਾਂ ਤੱਕ ਚੋਣ ਪ੍ਰਚਾਰ ਦੌਰਾਨ ਸਾਰਥਿਕ ਪਹੁੰਚ ਕੀਤੀ, ਜਿਸ ਦਾ ਨਤੀਜਾ ਵੀ ਹਾਂ ਪੱਖੀ ਨਿਕਲਿਆ। ਕਾਂਗਰਸ ਪਾਰਟੀ ਲਈ ਕਾਲਾ ਢਿਲੋਂ ਦੀ ਜਿੱਤ ਦਾ ਪ੍ਰਭਾਵ ਇਸ ਗੱਲੋਂ ਵੀ ਲਗਾਇਆ ਜਾ ਸਕਦਾ ਹੈ ਕਿ ਰਾਜਾ ਵੜਿੰਗ ਨੇ ਗਿੱਦੜਬਾਹਾ ਤੋਂ ਆਪਣੀ ਪਤਨੀ ਦੀ ਹਾਰ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਕਾਲਾ ਢਿੱਲੋਂ ਦੀ ਜਿੱਤ ਨੂੰ ਕਾਂਗਰਸ ਪਾਰਟੀ ਲਈ ਵੱਡੀ ਜਿੱਤ ਦੱਸਿਆ। ਮੁੱਖ ਮੰਤਰੀ ਦੇ ਖੇਤਰ ਵਿੱਚ ਹਕੂਮਤ ਨਾਲ ਟੱਕਰ ਲੈ ਕੇ ਉਪ ਚੋਣ ‘ਚ ਕੀਤੀ ਸ਼ਾਨਦਾਰ ਜਿੱਤ ਨੇ ਕਾਲਾ ਢਿੱਲੋਂ ਦਾ ਪਾਰਟੀ ਵਿੱਚ ਕੱਦ ਵੱਡਾ ਕਰ ਦਿੱਤਾ ਹੈ।
ਫੋਟੋ ਕੈਪਸ਼ਨ- 1.ਕਾਲਾ ਢਿੱਲੋਂ ਦੇ ਭਰਾ ਸੀਰਾ ਢਿੱਲੋਂ ਦੀ ਇੱਕ ਸਿਆਸੀ ਇਕੱਠ ਨੂੰ ਸੰਬੋਧਨ ਕਰਦਿਆਂ ਦੀ ਪੁਰਾਣੀ ਤਸਵੀਰ,ਚੋਣ ਜਿੱਤਣ ਤੋਂ ਬਾਅਦ ਐਮਐਲਏ ਕਾਲਾ ਢਿੱਲੋ ਦੀ ਪਰਿਵਾਰਕ ਮੈਂਬਰਾਂ ਨਾਲ ਇੱਕ ਤਸਵੀਰ