ਚੰਡੀਗੜ੍ਹ, 4 ਦਸੰਬਰ, Gee98 news service
-ਕਿਸੇ ਵੀ ਬੈਂਕ ਦੇ ਖਾਤਧਾਰਕ ਦੀ ਮੌਤ ਤੋਂ ਬਾਅਦ ਉਸ ਦੀ ਬੈਂਕ ਵਿੱਚ ਪਈ ਜਮ੍ਹਾਂ ਰਾਸ਼ੀ ਦੀ ਵੰਡ ਸਬੰਧੀ ਉਸਦੇ ਵਾਰਿਸਾਂ ‘ਚ ਹੁਣ ਕੋਈ ਰੇੜਕਾ ਨਹੀਂ ਪਵੇਗਾ। ਕੇਂਦਰ ਸਰਕਾਰ ਨੇ ਲੋਕ ਸਭਾ ‘ਚ ਮੰਗਲਵਾਰ ਨੂੰ ਇਸ ਸਬੰਧੀ ਬੈਂਕਿੰਗ ਵਿਧੀਆਂ (ਸੋਧ) 2014 ਬਿੱਲ ਪਾਸ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਨਵੇਂ ਨਿਯਮ ਲਾਗੂ ਹੋ ਗਏ ਹਨ। ਅਕਸਰ ਵੇਖਿਆ ਜਾਂਦਾ ਸੀ ਕਿ ਕਿਸੇ ਖਾਤਾਧਾਰਕ ਦੀ ਮੌਤ ਤੋਂ ਬਾਅਦ ਉਸਦੀ ਔਲਾਦ ਵਿੱਚ ਉਸਦੇ ਬੈਂਕ ਵਿੱਚ ਪਏ ਪੈਸੇ ਦੀ ਵੰਡ ਸਬੰਧੀ ਵਿਵਾਦ ਖੜਾ ਹੋ ਜਾਂਦਾ ਸੀ, ਜਿਸ ਤਹਿਤ ਕਿਸੇ ਖਾਤਾਧਾਰਕ ਦੀ ਮੌਤ ਤੋਂ ਬਾਅਦ ਉਸਦੀ ਬੈਂਕ ਵਿੱਚ ਪਈ ਜਮ੍ਹਾਂ ਰਾਸ਼ੀ ਦੇ ਕਈ ਦਾਅਵੇਦਾਰ ਸਾਹਮਣੇ ਆ ਜਾਂਦੇ ਸਨ ਕਿਉਂਕਿ ਖਾਤਾ ਧਾਰਕ ਵੱਲੋਂ ਕਿਸੇ ਇੱਕ ਵਿਅਕਤੀ ਨੂੰ ਹੀ ਆਪਣੀ ਜਮ੍ਹਾਂ ਰਾਸ਼ੀ ਦੀ ਵੰਡ ਲਈ ਨਾਮਜ਼ਦ ਕੀਤਾ ਜਾਂਦਾ ਸੀ। ਹੁਣ ਨਵੇਂ ਨਿਯਮਾਂ ਅਨੁਸਾਰ ਕੋਈ ਵੀ ਖਾਤਾ ਧਾਰਕ ਆਪਣੇ ਬੈਂਕ ਖਾਤੇ ਵਿੱਚ 4 ਜਣਿਆਂ ਨੂੰ ਨਾਮਜ਼ਦ ਕਰ ਸਕਦਾ ਹੈ ਜਿਹੜੇ ਉਸ ਦੀ ਮੌਤ ਤੋਂ ਬਾਅਦ ਉਸਦੀ ਜਮਾਂ ਰਾਸ਼ੀ ‘ਤੇ ਦਾਅਵੇਦਾਰ ਹੋਣਗੇ। ਇਸ ਸਬੰਧੀ ਲੋਕ ਸਭਾ ‘ਚ ਬਿੱਲ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਮੌਜੂਦਾ ਨਿਯਮ ਦੇ ਮੁਤਾਬਕ, ਬੈਂਕ ਖਾਤਿਆਂ ਲਈ ਸਿਰਫ਼ ਇਕ ਹੀ ਵਿਅਕਤੀ ਨੂੰ ਨੌਮਿਨੀ ਬਣਾਇਆ ਜਾ ਸਕਦਾ ਹੈ, ਪਰ ਕੋਵਿਡ ਦੌਰਾਨ ਵੱਡੀ ਗਿਣਤੀ ’ਚ ਹੋਈਆਂ ਮੌਤਾਂ ਤੋਂ ਬਾਅਦ ਬੈਂਕਾਂ ਦੇ ਸਾਹਮਣੇ ਇਸ ਤਰ੍ਹਾਂ ਦੇ ਹਜ਼ਾਰਾਂ ਕਾਨੂੰਨੀ ਵਿਵਾਦ ਆਏ ਹਨ ਜਿਸ ਵਿਚ ਇਕ ਬੈਂਕ ਖਾਤੇ ’ਤੇ ਕਈ ਲੋਕਾਂ ਨੇ ਦਾਅਵਾ ਪੇਸ਼ ਕੀਤਾ। ਉਸ ਤੋਂ ਬਾਅਦ ਇਹ ਜ਼ਰੂਰਤ ਸਮਝੀ ਗਈ ਕਿ ਖਾਤਾਧਾਰਕ ਨੂੰ ਆਪਣੀ ਮਰਜ਼ੀ ਨਾਲ ਖਾਤੇ ’ਚ ਜਮ੍ਹਾ ਪੈਸੇ ਨੂੰ ਆਪਣੇ ਪਰਿਵਾਰਕ ਮੈਂਬਰਾਂ ’ਚ ਵੰਡਣ ਦਾ ਜ਼ਿਆਦਾ ਅਧਿਕਾਰ ਦੇਣਾ ਚਾਹੀਦਾ ਹੈ। ਬੈਂਕ ਖਾਤਾਧਾਰਕ ਇਹ ਤੈਅ ਕਰ ਸਕਦਾ ਹੈ ਕਿ ਉਸ ਵੱਲੋਂ ਨਾਮਜ਼ਦ ਲੋਕਾਂ ਨੂੰ ਕਿੰਨਾ ਹਿੱਸਾ ਮਿਲੇਗਾ। ਇਸ ਨਾਲ ਬੈਂਕ ਖਾਤੇ ’ਚ ਜਮ੍ਹਾਂ ਪੈਸੇ ਦੀ ਵੰਡ ਦਾ ਕੰਮ ਜ਼ਿਆਦਾ ਆਸਾਨੀ ਨਾਲ ਹੋ ਸਕੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਬੈਂਕ ਖਾਤੇ ‘ਚ ਹੀ ਨਹੀਂ, ਬਲਕਿ ਬੈਂਕਾਂ ‘ਚ ਰੱਖੇ ਗਏ ਲਾਕਰਾਂ ਜਾਂ ਦੂਜੀਆਂ ਬੈਂਕਿੰਗ ਸੇਵਾਵਾਂ ਲਈ ਵੀ ਗਾਹਕਾਂ ਨੂੰ ਚਾਰ ਲੋਕਾਂ ਨੂੰ ਨੌਮਿਨੀ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ।









