ਬਰਨਾਲਾ,9 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਹਾਰ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਆ ਖੜੀ ਹੋਈ ਹੈ। ਪੰਜਾਬ ਦੇ ਚੋਣ ਅਧਿਕਾਰੀ ਵੱਲੋਂ ਐਲਾਨ ਕੀਤੀਆਂ ਨਗਰ ਪੰਚਾਇਤਾਂ ਦੀਆਂ ਚੋਣਾਂ ਤਹਿਤ 21 ਦਸੰਬਰ ਨੂੰ ਬਰਨਾਲਾ ਦੇ ਕਸਬਾ ਹੰਡਿਆਇਆ ਨਗਰ ਪੰਚਾਇਤ ਦੀ ਚੋਣ ਵੀ ਹੋਵੇਗੀ। ਨਗਰ ਪੰਚਾਇਤ ਹੰਢਿਆਇਆ ਦੇ ਕੁੱਲ 13 ਵਾਰਡ ਹਨ, ਜਿਨਾਂ ਲਈ 21 ਦਸੰਬਰ ਨੂੰ EVM ਮਸ਼ੀਨਾਂ ਰਾਹੀਂ ਚੋਣ ਹੋਵੇਗੀ ਅਤੇ ਨਤੀਜਾ ਵੀ ਉਸੇ ਦਿਨ ਹੀ ਐਲਾਨ ਦਿੱਤਾ ਜਾਵੇਗਾ। ਦੱਸ ਦੇਈਏ ਕਿ ਜ਼ਿਮਨੀ ਚੋਣ ਦੇ ਨਤੀਜੇ ਦੌਰਾਨ ਕਸਬਾ ਹੰਢਿਆਇਆ ਤੋਂ ਕਾਂਗਰਸ ਪਾਰਟੀ ਨੇ ਸੱਤਾਧਾਰੀ ਪਾਰਟੀ ਨੂੰ ਪਛਾੜ ਦਿੱਤਾ ਸੀ, ਜਿੱਥੋਂ ਦਾ ਇੱਕ ਚੁਣੇ ਗਏ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਵੱਧ ਵੋਟਾਂ ਪਈਆਂ ਸਨ। ਇਸ ਤੋਂ ਪਹਿਲੀਆਂ ਨਗਰ ਪੰਚਾਇਤ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਨੇ 7 ਸੀਟਾਂ ‘ਤੇ ਜਿੱਤ ਦਰਜ ਕਰਕੇ ਆਪਣਾ ਪ੍ਰਧਾਨ ਬਣਾਇਆ ਸੀ ਪ੍ਰੰਤੂ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਪ੍ਰਧਾਨ ਸਿਆਸੀ ਟਪੂਸੀ ਮਾਰ ਕੇ ਭਾਜਪਾ ਵਿੱਚ ਚਲਾ ਗਿਆ ਸੀ। 2022 ‘ਚ ਨਗਰ ਪੰਚਾਇਤ ਹੰਢਿਆਇਆ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਨਗਰ ਪੰਚਾਇਤ ਹੰਢਿਆਇਆ ਨੂੰ ਭੰਗ ਕਰ ਦਿੱਤਾ ਗਿਆ ਸੀ। ਹੁਣ 21 ਦਸੰਬਰ ਨੂੰ ਨਗਰ ਪੰਚਾਇਤ ਹੰਢਿਆਇਆ ਦੇ ਨਵੇਂ 13 ਮੈਂਬਰਾਂ ਦੀ ਚੋਣ ਲਈ ਵੋਟਾਂ ਪੈਣਗੀਆਂ। ਇਹ ਚੋਣ ਮੁਕਾਬਲਾ ਸਿਰਫ਼ ਆਮ ਆਦਮੀ ਪਾਰਟੀ ਲਈ ਹੀ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਲਈ ਵੀ ਪਹਿਲੀ ਪ੍ਰੀਖਿਆ ਹੋਵੇਗੀ। ਵਿਧਾਇਕ ਕਾਲਾ ਢਿੱਲੋ ਹਰ ਹਾਲਤ ਵਿੱਚ ਜਿਮਨੀ ਚੋਣਾਂ ਚ ਮਿਲੀ ਵੜਤ ਨੂੰ ਹਰ ਹਾਲਤ ਵਿੱਚ ਕਾਇਮ ਰੱਖਦੇ ਹੋਏ ਇਸ ਪ੍ਰੀਖਿਆ ਨੂੰ ਸਫਲਤਾਪੂਰਵਕ ਪਾਸ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਗੇ। ਦੂਜੇ ਪਾਸੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ ਵੀ ਨਗਰ ਪੰਚਾਇਤ ਹੰਢਿਆਇਆ ਦੀਆਂ ਚੋਣਾਂ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇੱਥੇ ਇਹ ਵੀ ਦੱਸਣਾ ਹੋਵੇਗਾ ਕਿ ਹੰਢਿਆਇਆ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਆਗੂ ਗੁਰਮੀਤ ਸਿੰਘ ਬਾਵਾ ਦਾ ਜੱਦੀ ਕਸਬਾ ਹੈ, ਇਸ ਲਈ ਇਹ ਚੋਣਾਂ ਗੁਰਮੀਤ ਸਿੰਘ ਬਾਵਾ ਲਈ ਵੀ ਅਹਿਮ ਹੋਣਗੀਆਂ। ਇਹਨਾਂ ਚੋਣਾਂ ਦੌਰਾਨ ਇੱਕ ਅਹਿਮ ਪੱਖ ਹੋਰ ਵੀ ਸਾਹਮਣੇ ਰਹੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੈਦਾਨ ਵਿੱਚ ਆਉਣ ਤੋਂ ਬਾਅਦ ਸਾਰੀਆਂ ਪਾਰਟੀਆਂ ਨੂੰ ਆਪਣੇ ਵੋਟ ਬੈਂਕ ‘ਤੇ ਧਿਆਨ ਕੇਂਦਰਿਤ ਕਰਕੇ ਹੀ ਨਗਰ ਪੰਚਾਇਤ ਹੰਢਿਆਇਆ ਦੀਆਂ ਚੋਣਾਂ ਲੜਨੀਆਂ ਪੈਣਗੀਆਂ। ਨਗਰ ਪੰਚਾਇਤ ਹੰਢਿਆਇਆ ਦੀਆਂ ਚੋਣ ਸਰਗਰਮੀਆਂ ਇਸ ਕਰਕੇ ਵੀ ਦਿਲਚਸਪ ਹੋਣਗੀਆਂ ਜਿੱਥੇ ਕਾਂਗਰਸੀ ਵਿਧਾਇਕ ਆਪਣੀ “ਮੁੱਛ” ਖੜੀ ਰੱਖਣ ਲਈ ਜ਼ੋਰ ਲਗਾਉਣਗੇ ਉਥੇ ਦੂਜੇ ਪਾਸੇ ਆਪ ਦੇ ਕਮਾਂਡਰ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੂੰ “ਲੱਸੀ ਵੀ ਫੂਕਾਂ ਮਾਰ ਮਾਰ” ਕੇ ਪੀਣੀ ਪਵੇਗੀ ਅਤੇ ਜ਼ਿਮਨੀ ਚੋਣਾਂ ‘ਚ ਵਿਧਾਨ ਸਭਾ ਹਲਕਾ ਬਰਨਾਲਾ ‘ਚ ਭਾਜਪਾ ਦਾ ਵੋਟ ਫੀਸਦੀ ਵਧਾਉਣ ਵਾਲੇ ਕੇਵਲ ਸਿੰਘ ਢਿੱਲੋ ਨੂੰ ਵੀ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਲਈ ਨਿੱਜੀ ਸਰਗਰਮੀਆਂ ਕਰਨੀਆਂ ਪੈਣਗੀਆਂ।










