Gee 98News

ਹੰਡਿਆਇਆ ਚੋਣਾਂ…ਸਲੀਮ ਖਾਨ ਨੂੰ ਫਿਰ ਆਪਣੀ ਨੌਕਰੀ ਪਿਆਰੀ ਲੱਗੀ..ਤੇ ਉਹਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ

ਬਰਨਾਲਾ,14 ਦਸੰਬਰ, Gee98 news service
-ਨਗਰ ਪੰਚਾਇਤ ਦੀ ਚੋਣ ‘ਚ ਵਾਰਡ ਨੰਬਰ 9 ਦੇ ਆਜ਼ਾਦ ਉਮੀਦਵਾਰ ਸਲੀਮ ਖਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਸਾਵਾ ਸਿੰਘ ਦੇ ਹੱਕ ਵਿੱਚ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਖ਼ਰ ਸਲੀਮ ਖਾਨ ਨੂੰ ਬਸਾਵਾ ਸਿੰਘ ਦੇ ਹੱਕ ‘ਚ ਬੈਠਣ ਲਈ ਮਨਾ ਹੀ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਆਪ ਆਗੂਆਂ ਨੂੰ ਸਲੀਮ ਖਾਨ ਨੂੰ ਮਨਾਉਣ ਲਈ ਬਹੁਤੀ ਮਿਹਨਤ ਨਹੀਂ ਕਰਨੀ ਪਈ। ਚਰਚਾ ਹੈ ਕਿ ਸਲੀਮ ਖਾਨ ਦਾ ਟਰਾਈਡੈਂਟ ਗਰੁੱਪ ਦਾ ਮੁਲਾਜ਼ਮ ਹੋਣ ਦਾ ਪੱਖ ਹੀ ਸੱਤਾਧਾਰੀਆਂ ਦੇ ਰਾਸ ਆ ਗਿਆ। ਬੀਤੇ ਕੱਲ੍ਹ ਤੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਕਿ ਹੰਡਿਆਇਆ ਦੇ ਇੱਕ ਆਜ਼ਾਦ ਉਮੀਦਵਾਰ ਨੂੰ “ਨੌਕਰੀ ਜਾਂ ਕੌਂਸਲਰ” ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਦੀ ਆਫਰ ਦਿੱਤੀ ਗਈ ਹੈ। ਇਸ ਬੁਝਾਰਤ ਰੂਪੀ ਪੋਸਟ ਦੀ ਬਹੁਤੇ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਸੀ ਅਤੇ ਇਸ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਸਨ ਪਰੰਤੂ ਅੱਜ ਜਦੋਂ ਟਰਾਈਡੈਂਟ ਦੇ ਮੁਲਾਜ਼ਮ ਸਲੀਮ ਖਾਨ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਤਾਂ ਸਾਰੀ ਕਹਾਣੀ ਲੱਗਭੱਗ ਸਾਹਮਣੇ ਆ ਚੁੱਕੀ ਹੈ। ਸਲੀਮ ਖਾਨ ਨੇ ਆਪ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਦੀ ਹਾਜ਼ਰੀ ਚ ਬਸਾਵਾ ਸਿੰਘ ਦੀ ਹਮਾਇਤ ਦਾ ਐਲਾਨ ਕੀਤਾ। ਦੂਜੇ ਪਾਸੇ ਆਪ ਆਗੂਆਂ ਵੱਲੋਂ ਸਲੀਮ ਖਾਨ ਦੇ ਸਮਰਥਨ ਨਾਲ ਵਾਰਡ ਨੰਬਰ 9 ‘ਚ ਆਪ ਦੇ ਉਮੀਦਵਾਰ ਬਸਾਵਾ ਸਿੰਘ ਦੀ ਸਥਿਤੀ ਮਜ਼ਬੂਤ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਫੋਟੋ ਕੈਪਸ਼ਨ-ਆਪ ਉਮੀਦਵਾਰ ਬਸਾਵਾ ਸਿੰਘ ਦੀ ਹਮਾਇਤ ਦਾ ਐਲਾਨ ਕਰਨ ਮੌਕੇ ਆਜ਼ਾਦ ਉਮੀਦਵਾਰ ਸਲੀਮ ਖਾਨ, ਹਰਿੰਦਰ ਸਿੰਘ ਧਾਲੀਵਾਲ ਤੇ ਹੋਰ ਆਪ ਆਗੂਆਂ ਨਾਲ

error: Content is protected !!