ਬਰਨਾਲਾ,16 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਨਗਰ ਪੰਚਾਇਤ ਹੰਡਿਆਇਆ ‘ਚ ਇੱਕ ਕਾਂਗਰਸੀ ਉਮੀਦਵਾਰ ਦੇ ਕਾਗਜ਼ ਰੱਦ ਕਰਨ ਤੋਂ ਬਾਅਦ ਇੱਕ ਹੋਰ ਕਾਂਗਰਸੀ ਉਮੀਦਵਾਰ ਨੇ ਧੱਕੇਸ਼ਾਹੀ ਅਤੇ ਡਰਾਉਣ ਧਮਕਾਉਣ ਦੇ ਦੋਸ਼ ਲਗਾਏ ਹਨ। ਆਪਣੇ ਫੇਸਬੁੱਕ ਅਕਾਊਂਟ ‘ਤੇ ਲਾਈਵ ਹੋ ਕੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਤਾਜਪੁਰੀਆ ਨੇ ਕਿਹਾ ਕਿ ਉਸਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਸਦੇ ਸਮਰਥਕਾਂ ਨੂੰ ਨਾਲ ਤੁਰਨ ਤੋਂ ਵੀ ਰੋਕਿਆ ਜਾ ਰਿਹਾ ਹੈ। ਕੁਲਦੀਪ ਸਿੰਘ ਤਾਜਪੁਰੀਆ ਨੇ ਕਿਹਾ ਕਿ ਉਹ ਵਾਰਡ ਨੰਬਰ 8 ਤੋਂ ਅਤੇ ਉਸਦੀ ਪਤਨੀ ਅਰਸ਼ਦੀਪ ਕੌਰ ਵਾਰਡ ਨੰਬਰ 10 ਤੋਂ ਚੋਣ ਲੜ ਰਹੇ ਹਨ। ਉਹਨਾਂ ਕਿਹਾ ਕਿ ਵਾਰਡ ਨੰਬਰ 10 ਵਿੱਚ ਵੀ ਉਸ ਦੀ ਪਤਨੀ ਦੇ ਸਮਰਥਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਕੁਲਦੀਪ ਸਿੰਘ ਨੇ ਭਾਵੇਂ ਡਰਾਉਣ ਧਮਕਾਉਣ ਵਾਲੇ ਲੋਕਾਂ ਦਾ ਨਾਮ ਨਹੀਂ ਲਿਆ ਪ੍ਰੰਤੂ ਉਸਨੇ ਇਸ਼ਾਰਾ ਕੀਤਾ ਕਿ ਹੰਡਿਆਇਆ ਦੇ ਕੁਝ ਰਸੂਖਦਾਰ ਪਰਿਵਾਰ ਜਿਨਾਂ ਦੀ ਹਰ ਸਰਕਾਰ ਵਿੱਚ ਚੜ੍ਹਤ ਹੁੰਦੀ ਹੈ ਅਤੇ ਜੋ ਹਰ ਸਰਕਾਰ ਵਿੱਚ ਮੂਹਰੇ ਹੁੰਦੇ ਹਨ, ਉਹਨਾਂ ਵੱਲੋਂ ਉਸ ਨੂੰ ਦੋਵੇਂ ਵਾਰਡਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਸ ਦੇ ਸਮਰਥਕਾਂ ਨੂੰ ਧਮਕਾਇਆ ਜਾ ਰਿਹਾ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਉਹ ਬਿਨਾਂ ਕਿਸੇ ਡਰ ਤੋਂ ਦੋਵੇਂ ਵਾਰਡਾਂ ਦੇ ਵਿੱਚ ਚੋਣ ਲੜੇਗਾ ਅਤੇ ਪਿੱਛੇ ਨਹੀਂ ਹਟੇਗਾ। ਦੂਜੇ ਪਾਸੇ ਵਿਧਾਇਕ ਕਾਲਾ ਢਿੱਲੋਂ ਨੇ ਹੰਡਿਆਇਆ ਚੋਣਾਂ ‘ਚ ਕਾਂਗਰਸੀ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਡਰਾਉਣ ਧਮਕਾਉਣ ਸਬੰਧੀ ਕਿਹਾ ਕਿ ਸਰਕਾਰਾਂ ਦਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਮੌਜੂਦਾ ਸਰਕਾਰ ਦੇ ਬਰਨਾਲਾ ਨਾਲ ਸੰਬੰਧਿਤ ਆਗੂਆਂ ਨੂੰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣਗੀਆਂ। ਉਹਨਾਂ ਕਿਹਾ ਕਿ ਸੁਰਜੀਤ ਸਿੰਘ ਬਰਨਾਲਾ ਸਭ ਤੋਂ ਵੱਡੇ ਮੁੱਖ ਮੰਤਰੀ ਦੇ ਅਹੁਦੇ ‘ਤੇ ਵੀ ਰਹੇ ਪ੍ਰੰਤੂ ਉਨਾਂ ਦੇ ਕਿਸੇ ਸਥਾਨਕ ਆਗੂ ਨੇ ਉਸ ਵੇਲੇ ਵੀ ਇਸ ਤਰ੍ਹਾਂ ਦੀ ਡਰਾਉਣ ਧਮਕਾਉਣ ਦੀ ਰਾਜਨੀਤੀ ਨਹੀਂ ਕੀਤੀ ਅਤੇ ਉਸ ਤੋਂ ਬਾਅਦ ਵੀ ਬਣੀਆ ਸਰਕਾਰਾਂ ਮੌਕੇ ਕਿਸੇ ਵੀ ਪਾਰਟੀ ਦੇ ਆਗੂ ਨੇ ਬਰਨਾਲਾ ‘ਚ ਧੱਕੇਸ਼ਾਹੀ ਦੀ ਰਾਜਨੀਤੀ ਨਹੀਂ ਕੀਤੀ ਅਤੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਵਿੱਚ ਤਰੇੜਾਂ ਨਹੀਂ ਪਾਈਆਂ ਪ੍ਰੰਤੂ ਮੌਜੂਦਾ ਆਪ ਸਰਕਾਰ ਦੇ ਨਾਲ ਸੰਬੰਧਿਤ ਬਰਨਾਲਾ ਦੇ ਕੁਝ ਆਗੂਆਂ ਨੇ ਬਰਨਾਲਾ ਖੇਤਰ ਦੇ ਸਿਆਸੀ ਮਾਹੌਲ ਵਿੱਚ ਕੁੜੱਤਣ ਘੋਲ ਦਿੱਤੀ ਹੈ। ਕਾਲਾ ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਵਾਲੇ ਇਹਨਾਂ ਯਤਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ। ਉਹਨਾਂ ਕਿਹਾ ਕਿ ਉਹ ਆਪਣੀ ਕਿਸੇ ਉਮੀਦਵਾਰ ਜਾਂ ਸਮਰਥਕ ਨੂੰ ਤੱਤੀ ਹਵਾ ਨਹੀਂ ਲੱਗਣ ਦੇਣਗੇ ਅਤੇ ਖੁਦ ਅੱਗੇ ਹੋ ਕੇ ਇਹ ਲੜਾਈ ਲੜਨਗੇ। ਕਾਲਾ ਢਿੱਲੋ ਨੇ ਕਿਹਾ ਕਿ ਇਹਨਾਂ ਆਗੂਆਂ ਨੂੰ ਜ਼ਿਮਨੀ ਚੋਣ ਦੀ ਹਾਰ ਹਜ਼ਮ ਨਹੀਂ ਹੋ ਰਹੀ ਅਤੇ ਹੁਣ ਉਹ ਕੋਝੀਆਂ ਹਰਕਤਾਂ ‘ਤੇ ਉਤਰ ਆਏ ਹਨ। ਕਾਲਾ ਢਿੱਲੋਂ ਨੇ ਸੱਤਾਧਾਰੀ ਆਗੂਆਂ ਦੇ ਇਸ਼ਾਰੇ ‘ਤੇ ਚੱਲਣ ਵਾਲੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਫਸਰਾਂ ਨੂੰ ਵੀ ਕਿਹਾ ਕਿ ਉਹ ਆਪਣੇ ਫਰਜ਼ਾਂ ਦਾ ਖਿਆਲ ਰੱਖਣ, ਨਹੀਂ ਤਾਂ ਅਜਿਹੇ ਅਫਸਰਾਂ ਨੂੰ ਕਾਨੂੰਨੀ ਦਾਅ ਪੇਚਾਂ ਵਿੱਚ ਉਲਝਣਾ ਪਵੇਗਾ ਅਤੇ ਫੇਰ ਸੱਤਾਧਾਰੀ ਆਗੂ ਕਿਸੇ ਅਫ਼ਸਰ ਦੀ ਬਾਤ ਤੱਕ ਨਹੀਂ ਪੁੱਛਦੇ ਜਿਨਾਂ ਨੂੰ ਕਾਨੂੰਨੀ ਲੜਾਈਆਂ ਖੁਦ ਹੀ ਲੜਕੀਆਂ ਪੈਂਦੀਆਂ ਹਨ।










