ਚੰਡੀਗੜ੍ਹ,19 ਦਸੰਬਰ Gee98 News service
-ਅੱਲ੍ਹਕੱਲ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਪ੍ਰੇਮ ਕਹਾਣੀਆਂ ਅਜਿਹੀਆਂ ਸਾਹਮਣੇ ਆ ਰਹੀਆਂ ਹਨ ਜਿੰਨਾਂ ‘ਚ ਪ੍ਰੇਮੀ ਆਪਣੇ ਪ੍ਰੇਮ ਤੋਂ ਸਾਰਾ ਕੁਝ ਬਰਬਾਦ ਕਰ ਦਿੰਦੇ ਹਨ ਪ੍ਰੰਤੂ ਜਦੋਂ ਸਭ ਕੁਝ ਲੁੱਟੇ ਪੁੱਟੇ ਜਾਣ ਦਾ ਪਤਾ ਲੱਗਦਾ ਹੈ ਤਾਂ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ। ਅਜਿਹੀ ਇੱਕ ਕਹਾਣੀ ਮਲੇਸ਼ੀਆ ਦੇਸ਼ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਇੱਕ 67 ਸਾਲ ਦੀ ਔਰਤ “ਲਵ ਸਕੈਮ” ਦਾ ਸ਼ਿਕਾਰ ਹੋ ਗਈ ਅਤੇ ਉਸਦੇ ਆਪਣੇ ਪ੍ਰੇਮੀ ਦੇ ਮਿੱਠੇ ਪੋਚਿਆਂ ਵਿੱਚ ਆ ਕੇ ਲੱਗਭੱਗ 2.2 ਮਿਲੀਅਨ RM ਜਾਣੀ 4.3 ਕਰੋੜ ਰੁਪਏ ਆਪਣੇ ਪ੍ਰੇਮੀ ਨੂੰ ਦੇ ਦਿੱਤੇ। ਚਲਾਕ ਪ੍ਰੇਮੀ ਪੀੜ੍ਹਤ ਔਰਤ ਤੋਂ 50 ਵੱਖ ਵੱਖ ਖਾਤਿਆਂ ਰਾਹੀਂ 306 ਟਰਾਂਜੈਕਸ਼ਨਾਂ ‘ਚ ਉਕਤ ਪੈਸਾ ਲੈ ਗਿਆ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਪੀੜਤ ਔਰਤ ਆਪਣੇ ਪ੍ਰੇਮੀ ਨੂੰ ਜਿੰਦਗੀ ਵਿੱਚ ਕਦੇ ਵੀ ਨਹੀਂ ਮਿਲੀ ਸਗੋਂ ਦੋਵੇਂ ਜਣੇ ਆਨਲਾਈਨ ਹੀ ਪ੍ਰੇਮ ਚੱਕਰਾਂ ਵਿੱਚ ਸਨ। “ਦੀ ਸਟਾਰ” ਦੀ ਰਿਪੋਰਟ ਅਨੁਸਾਰ ਇਹ ਮਾਮਲਾ ਮਲੇਸ਼ੀਆ ਦੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਸਾਹਮਣੇ ਲਿਆਂਦਾ ਹਾਲਾਂਕਿ ਅਧਿਕਾਰੀਆਂ ਨੇ ਪੀੜਤ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ। ਰਿਪੋਰਟ ਅਨੁਸਾਰ ਅਕਤੂਬਰ 2017 ਤੋਂ ਪੀੜਤ ਔਰਤ ਫੇਸਬੁੱਕ ਦੇ ਰਾਹੀਂ ਇੱਕ ਵਿਅਕਤੀ ਨਾਲ ਜੁੜੀ ਅਤੇ ਜਲਦੀ ਹੀ ਰਿਲੇਸ਼ਨਸ਼ਿਪ ਵਿੱਚ ਫਸ ਗਈ। ਇਸ ਵੱਡੇ “ਲਵ ਸਕੈਮ” ਦੇ ਮਾਸਟਰ ਮਾਈਂਡ ਵਿਅਕਤੀ ਨੇ ਔਰਤ ਨੂੰ ਦੱਸਿਆ ਕਿ ਉਹ ਅਮਰੀਕੀ ਕਾਰੋਬਾਰੀ ਹੈ ਅਤੇ ਸਿੰਘਾਪੁਰ ‘ਚ ਮੈਡੀਕਲ ਉਪਕਰਨਾਂ ਨਾਲ ਸੰਬੰਧਿਤ ਕੰਮ ਕਰਦਾ ਹੈ। ਦੋਵੇਂ ਜਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਦੂਜੇ ਦੇ ਕਾਫੀ ਕਰੀਬ ਆ ਗਏ ਅਤੇ ਵਿਅਕਤੀ ਨੇ ਆਨਲਾਈਨ ਹੀ ਅਜਿਹਾ ਪ੍ਰੇਮ ਜਾਲ ਬੁਣ ਲਿਆ ਜਿਸ ਵਿੱਚ ਔਰਤ ਬੁਰੀ ਤਰ੍ਹਾਂ ਫਸ ਗਈ। ਇਸ ਦੌਰਾਨ ਲਵ ਸਕੈਮਰ ਨੇ ਔਰਤ ਨੂੰ ਕਿਹਾ ਕਿ ਉਹ ਮਲੇਸ਼ੀਆ ਆਉਣਾ ਚਾਹੁੰਦਾ ਹੈ ਪਰ ਉਹ ਯਾਤਰਾ ਦਾ ਖਰਚਾ ਬਰਦਾਸ਼ਤ ਨਹੀਂ ਕਰ ਸਕੇਗਾ ਜਿਸ ਤੋਂ ਬਾਅਦ ਪੀੜਤਾ ਨੇ ਉਸ ਦੀ ਮਦਦ ਕਰਨ ਲਈ ਉਸ ਨੂੰ 5000 RM ਬੈਂਕ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਵਿਅਕਤੀ ਦਾ ਪੈਸੇ ਮੰਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੋ ਗਿਆ ਤੇ ਉਸਨੇ ਆਪਣੇ ਕਾਰੋਬਾਰੀ ਮੁੱਦਿਆਂ ਦਾ ਹਵਾਲਾ ਦੇ ਕੇ ਕਈ ਵਾਰ ਪੈਸੇ ਲਏ। ਲਵ ਸਕੈਮਰ ਦੇ ਚੱਕਰਾਂ ‘ਚ ਫਸੀ ਔਰਤ ਨੇ ਕੁੱਲ ਮਿਲਾ ਕੇ 4.3 ਕਰੋੜ ਰੁਪਏ ਆਪਣੇ ਪ੍ਰੇਮੀ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੇ। ਇਸ ਕਹਾਣੀ ਦਾ ਇਕ ਅਹਿਮ ਪੱਖ ਇਹ ਵੀ ਹੈ ਕਿ ਔਰਤ ਨੇ ਪੈਸੇ ਆਪਣੇ ਦੋਸਤਾਂ ਤੇ ਪਰਿਵਾਰਿਕ ਮੈਂਬਰਾਂ ਤੋਂ ਉਧਾਰ ਲਏ ਸਨ। ਹੈਰਾਨੀ ਇਸ ਗੱਲ ਦੀ ਵੀ ਮੰਨੀ ਜਾ ਰਹੀ ਹੈ ਕਿ ਔਰਤ ਨੇ ਇੱਕ ਅਜਿਹੇ ਵਿਅਕਤੀ ਤੋਂ ਆਪਣਾ ਸਭ ਕੁਝ ਬਰਬਾਦ ਕਰ ਦਿੱਤਾ ਜਿਸ ਨੂੰ ਜ਼ਿੰਦਗੀ ਵਿੱਚ ਕਦੇ ਮਿਲੀ ਹੀ ਨਹੀਂ… ਇਹੋ ਜਿਹੀਆਂ ਕਹਾਣੀਆਂ ਹੀ “ਇਸ਼ਕ ਨੂੰ ਅੰਨ੍ਹਾ ਤੇ ਹੁਸਨ ਨੂੰ ਬੋਲਾ” ਸਾਬਤ ਕਰਦੀਆਂ ਹਨ।










