Gee 98News

CMO ਦਫਤਰ ਅੱਗੇ ਲੱਕੜਾਂ ਦੀ ਚਿਖਾ ‘ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਸਿਹਤ ਵਿਭਾਗ ਦੇ ਸਾਬਕਾ ਮੁਲਾਜ਼ਮ ਦਾ ਡੀਸੀ ਨੇ ਲਿਆ ਨੋਟਿਸ… ਅਧਿਕਾਰੀਆਂ ਨੂੰ ਦਿੱਤੇ ਸੁਣਵਾਈ ਦੇ ਹੁਕਮ

-ਸਿਵਲ ਸਰਜਨ ਬਰਨਾਲਾ ਦੇ ਦਫਤਰ ਅੱਗੇ ਮੁੱਖ ਗੇਟ ‘ਤੇ ਲੱਕੜਾਂ ਦੀ ਚਿਖਾ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਿਹਤ ਵਿਭਾਗ ਦੇ ਸਾਬਕਾ ਮੁਲਾਜ਼ਮ ਗੁਰਪਿਆਰ ਸਿੰਘ ਭੱਟੀ ਦੇ ਅਨੋਖੇ ਪ੍ਰਦਰਸ਼ਨ ਦਾ ਨੋਟਿਸ ਲੈਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਗੁਰਪਿਆਰ ਸਿੰਘ ਭੱਟੀ ਦੀ ਗੱਲ ਸੁਣਨ ਦੇ ਹੁਕਮ ਦਿੱਤੇ ਜਿਸ ਤੋਂ ਬਾਅਦ ਸਿਵਲ ਸਰਜਨ ਨੇ ਇਸ ਮਾਮਲੇ ‘ਚ ਪ੍ਰਦਰਸ਼ਨ ਕਰ ਰਹੇ ਸਾਬਕਾ ਮੁਲਾਜ਼ਮ ਦੀ ਗੱਲ ਸੁਣ ਲਈ ਡਾਕਟਰ ਪ੍ਰਵੇਸ਼ ਕੁਮਾਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਡਿਪਟੀ ਮੈਡੀਕਲ ਅਫਸਰ ਅਤੇ ਵਿੱਤ ਅਤੇ ਲੇਖਾ ਅਫਸਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਪੜਤਾਲੀਆ ਕਮੇਟੀ ਵੱਲੋਂ ਰੋਸ ਪ੍ਰਗਟ ਕਰ ਰਹੇ ਸਾਬਕਾ ਮੁਲਾਜ਼ਮ ਭੱਟੀ ਨੂੰ 23 ਦਸੰਬਰ ਨੂੰ ਸਬੂਤਾਂ ਸਮੇਤ ਮੀਟਿੰਗ ਲਈ ਬੁਲਾਇਆ ਗਿਆ ਹੈ। ਦੱਸ ਦੇਈਏ ਕਿ ਗੁਰਪਿਆਰ ਸਿੰਘ ਭੱਟੀ ਵੱਲੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਜਬਰੀ ਸੇਵਾ ਮੁਕਤ ਕਰਨ ਅਤੇ ਉਸ ਦੀਆਂ ਤਨਖਾਹਾਂ ਦੇ ਫੰਡ ਰੋਕੇ ਜਾਣ ਦੇ ਦੋਸ਼ਾਂ ਤਹਿਤ ਪਿਛਲੇ ਚਾਰ ਦਿਨਾਂ ਤੋਂ ਸਿਵਲ ਸਰਜਨ ਦੇ ਦਫਤਰ ਦੇ ਮੁੱਖ ਗੇਟ ‘ਤੇ ਲੱਕੜਾਂ ਦੀ ਚਿਖਾ ਚਿਣਕੇ ਉੱਪਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਸ ਦੀ ਗੱਲ ਨਾ ਸੁਣੀ ਤਾਂ ਰੋਸ ਪ੍ਰਦਰਸ਼ਨ ਨੂੰ ਭੁੱਖ ਹੜਤਾਲ/ਮਰਨ ਵਰਤ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਗੁਰਪਿਆਰ ਸਿੰਘ ਭੱਟੀ ਵੱਲੋਂ ਇਸ ਸਬੰਧੀ ਇੱਕ ਸ਼ਿਕਾਇਤ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਦਿੱਤੀ ਗਈ ਸੀ ਜਿਸ ਦੀ ਸੁਣਵਾਈ ਕਰਦੇ ਹੋਏ ਡੀਸੀ ਬਰਨਾਲਾ ਨੇ ਸਿਹਤ ਵਿਭਾਗ ਦੇ ਸਥਾਨਕ ਅਧਿਕਾਰੀਆਂ ਨੂੰ ਸੁਣਵਾਈ ਲਈ ਹੁਕਮ ਦਿੱਤੇ ਹਨ। ਦੂਜੇ ਪਾਸੇ ਰੋਸ ਪ੍ਰਗਟ ਕਰ ਰਹੇ ਗੁਰਪਿਆਰ ਸਿੰਘ ਭੱਟੀ ਨੇ ਕਿਹਾ ਕਿ ਉਹ ਪੜਤਾਲੀਆ ਕਮੇਟੀ ਅੱਗੇ ਆਪਣਾ ਪੱਖ ਰੱਖੇਗਾ ਪ੍ਰੰਤੂ ਨਾਲ ਹੀ ਪੂਰਨ ਇਨਸਾਫ ਮਿਲਣ ਤੱਕ ਉਹ ਆਪਣਾ ਰੋਸ ਪ੍ਰਦਰਸ਼ਨ ਵੀ ਇਸੇ ਤਰ੍ਹਾਂ ਜਾਰੀ ਰੱਖੇਗਾ।

error: Content is protected !!