Gee 98News

ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਸਿਆਸੀ ਵਿਤਕਰੇਬਾਜ਼ੀ ਬੰਦ ਕੀਤੀ ਜਾਵੇ-ਮਜ਼ਦੂਰ ਆਗੂ

-ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਿਲ ਆਗੂਆਂ ਵੱਲੋਂ ਬਰਨਾਲਾ ਜ਼ਿਲ੍ਹੇ ਅਧੀਨ ਪੈਂਦੇ ਤਿੰਨੇ ਬਲਾਕਾਂ ਸ਼ਹਿਣਾ, ਬਰਨਾਲਾ, ਮਹਿਲ ਕਲਾਂ ਅਧੀਨ ਜਿੰਨਾ ਪਿੰਡਾਂ ਅੰਦਰ ਸੱਤਾਧਾਰੀ ਪਾਰਟੀ ਦੇ ਪੰਚਾਇਤੀ ਚੋਣਾਂ ਵਿੱਚ ਨਵੇਂ ਸਰਪੰਚ ਚੁਣੇ ਗਏ ਹਨ। ਉਹਨਾਂ ਪਿੰਡਾਂ ਦੇ ਸਰਪੰਚਾਂ ਵੱਲੋਂ ਪਹਿਲਾਂ ਰੱਖੇ ਹੋਏ ਮਨਰੇਗਾ ਮੇਟ ਨੂੰ ਹਟਾ ਕੇ, ਆਪਣੇ ਪੱਖੀ ਨਵੇਂ ਮਨਰੇਗਾ ਮੇਟ ਲਗਾਏ ਜਾ ਰਹੇ ਹਨ। ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਦੇ ਕੰਮ ਦੇ ਮਸਟਰੌਲ ਕਢਵਾਉਣ ਲਈ ਵੱਡੀ ਗਿਣਤੀ ਵਿੱਚ ਮਨਰੇਗਾ ਮਜ਼ਦੂਰਾਂ ਨਾਲ ਵਿਤਕਰੇਬਾਜੀ ਕਰਕੇ ਪਿੰਡਾਂ ਵਿੱਚ ਧੜੇਬੰਦੀਆਂ ਬਣਾਈਆਂ ਜਾ ਰਹੀਆਂ ਹਨ। ਇਸ ਵਿਤਕਰੇਬਾਜ਼ੀ ਦਾ ਨੋਟਿਸ ਲੈਂਦੇ ਹੋਏ ਵੱਖ ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਕਾਮਰੇਡ ਖੁਸ਼ੀਆ ਸਿੰਘ, ਜਗਰਾਜ ਸਿੰਘ ਰਾਮਾ, ਭੋਲਾ ਸਿੰਘ, ਕੌਰ ਸਿੰਘ ਕਲਾਲ ਮਾਜਰਾ, ਪ੍ਰਕਾਸ਼ ਸਿੰਘ ਸੱਦੋਵਾਲ, ਸਾਧੂ ਸਿੰਘ ਛੀਨੀਵਾਲ ਕਲਾਂ, ਪਰਮਜੀਤ ਕੌਰ ਗੁੰਮਟੀ ਅਤੇ ਹੈਪੀ ਸਿੰਘ ਛੀਨੀਵਾਲ ਨੇ ਕਿਹਾ ਕਿ ਬੀ.ਡੀ.ਪੀ.ਓ. ਦਫਤਰਾਂ ਦੇ ਅਧਿਕਾਰੀਆਂ ਵੱਲੋਂ ਮਨਰੇਗਾ ਕਾਨੂੰਨ ਦੇ ਨਿਯਮਾਂ ਅਤੇ ਸਟੇਟ ਅਤੇ ਜ਼ਿਲ੍ਹੇ ਪੱਧਰ ਦੇ ਦਫਤਰਾਂ ਦੇ ਉੱਚ ਅਧਿਕਾਰੀਆਂ ਵੱਲੋਂ, ਮਨਰੇਗਾ ਮੇਟਾਂ ਅਤੇ ਮਨਰੇਗਾ ਮਜ਼ਦੂਰਾਂ ਦੇ ਕੰਮ ਦੇ ਮਸਟਰੌਲ ਕੱਢਣ ਲਈ ਪਿੰਡਾਂ ਵਿੱਚ G.R.S ਭੇਜ ਕੇ ਬਣਾਉਣ ਵਾਲੀਆਂ ਸਾਂਝੀ ਜਗ੍ਹਾ ‘ਤੇ ਬੈਠ-ਲਿਸਟਾਂ ਵਾਸਤੇ ਦਿੱਤੀਆਂ ਗਈਆਂ ਹਦਾਇਤਾਂ ਨੂੰ ਅਣਗੌਲਿਆਂ ਕਰਕੇ ਮਨਰੇਗਾ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਨੇ ਸੱਤਾਧਾਰੀ ਪਾਰਟੀ ਦੇ ਐਮ.ਐਲ.ਏ. ਅਤੇ ਸੱਤਾਧਾਰੀ ਪਾਰਟੀ ਦੇ ਨਵੇਂ ਚੁਣੇ ਗਏ ਸਰਪੰਚਾਂ ‘ਤੇ ਦੋਸ਼ ਲਾਉਂਦਿਆ ਆਖਿਆ ਕਿ ਮਨਰੇਗਾ ਕਾਨੂੰਨ ਅਧੀਨ ਸਮੁੱਚੇ ਮਨਰੇਗਾ ਮਜ਼ਦੂਰ ਬਰਾਬਰ ਰੁਜ਼ਗਾਰ ਲੈਣ ਦਾ ਹੱਕ ਰੱਖਦੇ ਹਨ। ਸੱਤਾਧਾਰੀ ਪਾਰਟੀ ਦੇ ਸਰਪੰਚਾਂ ਵੱਲੋਂ ਆਪਣੇ ਚਹੇਤਿਆਂ ਦੇ ਮਸਟਰੌਲ ਕਢਵਾ ਕੇ ਕੰਮ ਦਿੱਤਾ ਜਾਂਦਾ ਹੈ। ਵਿਰੋਧੀ ਸਰਪੰਚ ਉਮੀਦਵਾਰ ਦੇ ਸਮਰਥਕਾਂ ਨੂੰ ਅਣਗੌਲਿਆ ਕਰਕੇ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਮਨਰੇਗਾ ਵਿੱਚ ਨਜਾਇਜ਼ ਤੌਰ ‘ਤੇ ਸਿਆਸੀ ਦਖ਼ਲ ਅੰਦਾਜ਼ੀ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਤਿੰਨੇ ਬਲਾਕਾਂ ਦੀ ਅਫਸਰਸ਼ਾਹੀ ਸੱਤਾਧਾਰੀ ਪਾਰਟੀ ਦੇ ਐਮ.ਐਲ.ਏ ਅਤੇ ਸਰਪੰਚਾਂ ਦੀ ਕਠਪੁਤਲੀ ਕੰਮ ਕਰ ਰਹੀ ਹੈ।
ਮਜ਼ਦੂਰ ਆਗੂਆਂ ਨੇ ਏ.ਡੀ.ਸੀ. ਵਿਕਾਸ ਬਰਨਾਲਾ ਪਾਸੋਂ ਮੰਗ ਕੀਤੀ ਕਿ ਤਿੰਨਾਂ ਬਲਾਕਾਂ ਦੇ ਬੀ.ਡੀ.ਪੀ.ਓ, ਏ.ਪੀ.ਓ ਅਧਿਕਾਰੀਆਂ ਨੂੰ ਸਖਤ ਹਦਾਇਤ ਕਰਕੇ ਅਜਿਹਾ ਕਰਨ ਤੋਂ ਰੋਕਿਆ ਜਾਵੇ, ਨਹੀਂ ਤਾਂ ਮਜ਼ਦੂਰ ਜਥੇਬੰਦੀਆਂ ਵੱਲੋਂ ਇਹਨਾਂ ਅਧਿਕਾਰੀਆਂ ਦੇ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ।

Gee98 Ads
error: Content is protected !!